ਗੁਰਦੁਆਰਾ ਬੰਗਲਾ ਸਾਹਿਬ ਮਨੁੱਖਤਾ, ਦਇਆ ਅਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ: ਕਾਲਕਾ, ਕਾਹਲੋਂ
ਗੁਰੂ ਘਰ ਦੀ ਪਵਿੱਤਰਤਾ ਕਾਇਮ ਰੱਖਣ ਅਤੇ ਗ਼ਲਤ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਸੰਗਤਾਂ ਨੂੰ ਅਪੀਲ
ਨਵੀਂ ਦਿੱਲੀ, 11 ਅਕਤੂਬਰ, 2026 (ਮਨਮੋਹਨ ਸਿੰਘ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਹਮੇਸ਼ਾ ਤੋਂ ਦਇਆ, ਮਨੁੱਖਤਾ, ਆਪਸੀ ਸਾਂਝ ਅਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦਿਆਂ ਗੁਰੂ ਘਰ ਨੇ ਹਮੇਸ਼ਾ ਹਰ ਧਰਮ, ਜਾਤੀ ਅਤੇ ਵਰਗ ਦੇ ਲੋਕਾਂ ਦਾ ਬਿਨਾਂ ਕਿਸੇ ਭੇਦਭਾਵ ਤੋਂ ਸਵਾਗਤ ਕੀਤਾ ਹੈ ਅਤੇ ਲੋੜਵੰਦਾਂ ਨੂੰ ਸਹਾਰਾ ਦੇਣ ਦੀ ਮਹਾਨ ਪ੍ਰੰਪਰਾ ਨੂੰ ਨਿਰੰਤਰ ਅੱਗੇ ਵਧਾਇਆ ਹੈ।
ਦੋਵਾਂ ਆਗੂਆਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਗੁਰੂ ਘਰ ਦੇ ਦਰਵਾਜ਼ੇ ਹਰ ਉਸ ਵਿਅਕਤੀ ਲਈ ਖੁੱਲ੍ਹੇ ਰਹੇ ਹਨ, ਜੋ ਆਸਰਾ, ਸਹਾਇਤਾ ਅਤੇ ਸ਼ਾਂਤੀ ਦੀ ਭਾਲ ਵਿੱਚ ਇੱਥੇ ਆਇਆ ਹੈ। ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੀ ਸੇਵਾ, ਸਰਬੱਤ ਦੇ ਭਲੇ ਅਤੇ ਮਨੁੱਖੀ ਭਾਈਚਾਰੇ ਦੀ ਭਾਵਨਾ ਨੇ ਹਮੇਸ਼ਾ ਸਮਾਜ ਨੂੰ ਇਕਜੁੱਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਹ ਪਵਿੱਤਰ ਅਸਥਾਨ ਸਮੁੱਚੀ ਮਨੁੱਖਤਾ ਲਈ ਸ਼ਰਧਾ, ਵਿਸ਼ਵਾਸ ਅਤੇ ਸੇਵਾ ਦੀ ਪ੍ਰੇਰਨਾ ਦਾ ਕੇਂਦਰ ਹੈ।
ਸਰਦਾਰ ਕਾਲਕਾ ਅਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਗੁਰੂ ਘਰ ਦੀਆਂ ਮਹਾਨ ਪ੍ਰੰਪਰਾਵਾਂ ਅਤੇ ਮਨੁੱਖਤਾ ਪ੍ਰਤੀ ਇਸ ਦੀ ਨਿਸ਼ਕਾਮ ਸੇਵਾ ਦੇ ਨਾਲ-ਨਾਲ ਇਸ ਦੀ ਪਵਿੱਤਰਤਾ, ਮਰਿਆਦਾ ਅਤੇ ਧਾਰਮਿਕ ਸਤਿਕਾਰ ਨੂੰ ਕਾਇਮ ਰੱਖਣਾ ਵੀ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਰਗੇ ਪਵਿੱਤਰ ਅਸਥਾਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਵਿਵਾਦ ਜਾਂ ਗ਼ਲਤ ਪ੍ਰਚਾਰ ਦਾ ਕੇਂਦਰ ਨਹੀਂ ਬਣਨ ਦੇਣਾ ਚਾਹੀਦਾ।
ਦੋਵਾਂ ਆਗੂਆਂ ਨੇ ਸੰਗਤਾਂ ਅਤੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਬਾਰੇ ਫੈਲਾਏ ਜਾ ਰਹੇ ਕਿਸੇ ਵੀ ਨਕਾਰਾਤਮਕ ਪ੍ਰਚਾਰ ਜਾਂ ਗ਼ਲਤ ਜਾਣਕਾਰੀ ਦਾ ਬਿਨਾਂ ਪੁਸ਼ਟੀ ਕੀਤੇ ਵਿਸ਼ਵਾਸ ਨਾ ਕਰਨ ਅਤੇ ਨਾ ਹੀ ਇਸ ਨੂੰ ਅੱਗੇ ਫੈਲਾਉਣ। ਉਨ੍ਹਾਂ ਕਿਹਾ ਕਿ ਕਿਸੇ ਵੀ ਜਾਣਕਾਰੀ ’ਤੇ ਪ੍ਰਤੀਕਿਰਿਆ ਦੇਣ ਤੋਂ ਪਹਿਲਾਂ ਉਸ ਦੀ ਸੱਚਾਈ ਦੀ ਜਾਂਚ ਕਰਨੀ ਬੇਹੱਦ ਜ਼ਰੂਰੀ ਹੈ, ਤਾਂ ਜੋ ਸਮਾਜ ਵਿੱਚ ਬੇਲੋੜੀ ਗ਼ਲਤਫ਼ਹਿਮੀ ਅਤੇ ਵੰਡ ਪੈਦਾ ਨਾ ਹੋਵੇ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗੁਰੂ ਘਰ ਸਭ ਦਾ ਸਾਂਝਾ ਹੈ ਅਤੇ ਇਸ ਦੀ ਪਵਿੱਤਰਤਾ ਦੀ ਰਾਖੀ ਕਰਨਾ ਸਾਡਾ ਸਾਂਝਾ ਫ਼ਰਜ਼ ਹੈ। ਆਓ, ਅਸੀਂ ਗੁਰੂ ਘਰ ਦੀਆਂ ਮਹਾਨ ਪਰੰਪਰਾਵਾਂ, ਮਨੁੱਖਤਾ ਦੀ ਸੇਵਾ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰੀਏ ਅਤੇ ਕਿਸੇ ਵੀ ਗ਼ਲਤ ਜਾਣਕਾਰੀ ਨੂੰ ਸਮਾਜ ਵਿੱਚ ਵੰਡੀਆਂ ਪਾਉਣ ਦਾ ਸਾਧਨ ਨਾ ਬਣਨ ਦੇਈਏ।
- Download Babushahi App
-
-