ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਇੱਕ ਹੋਰ ਨਿਵੇਕਲੀ ਪਹਿਲ, ਖੰਨਾ ਪੁਲਿਸ ਦੀ ‘ਸਾਊਂਡ ਆਫ਼ ਹੋਪ’ ਨੇ ਬਦਲਿਆ ਹਵਾਲਾਤਾਂ ਦਾ ਮਾਹੌਲ
*ਸੋਚੋ, ਸੁਧਰੋ ਤੇ ਚੰਗਾ ਰਾਹ ਚੁਣੋ’, ਹਵਾਲਾਤਾਂ ’ਚ ਗੂੰਜਿਆ ਆਸ ਦਾ ਸੰਦੇਸ਼*
*ਖੰਨਾ ਪੁਲਿਸ ਨੇ 8 ਥਾਣਿਆਂ ਤੇ ਸੀ.ਆਈ.ਏ ਯੂਨਿਟ ਦੀਆਂ ਹਵਾਲਾਤਾਂ ਦੇ ਬਾਹਰ ਲਗਾਏ ਸਪੀਕਰ, 24 ਘੰਟੇ ਚੱਲਣਗੇ ਭਜਨ ਸ਼ਬਦ*
ਖੰਨਾ,ਰਵਿੰਦਰ ਢਿੱਲੋਂ
ਪੁਲਿਸ ਹਵਾਲਾਤਾਂ ਦੀ ਆਮ ਤੌਰ ’ਤੇ ਸੁੰਨਸਾਨ ਅਤੇ ਤਣਾਅ ਭਰੀ ਖਾਮੋਸ਼ੀ ਵਿੱਚ ਹੁਣ ਰੂਹਾਨੀਅਤ ਅਤੇ ਆਤਮ-ਚਿੰਤਨ ਦੀਆਂ ਧੁਨਾਂ ਗੂੰਜ ਰਹੀਆਂ ਹਨ। ਖੰਨਾ ਪੁਲਿਸ ਵੱਲੋਂ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਡਾ. ਦਰਪਣ ਆਹਲੂਵਾਲੀਆ ਦੀ ਨਿਵੇਕਲੀ ਸੋਚ ਸਦਕਾ ਸ਼ੁਰੂ ਕੀਤੀ ਗਈ ‘ਸਾਊਂਡ ਆਫ਼ ਹੋਪ’ ਪਹਿਲ ਪੁਲਿਸਿੰਗ ਦੇ ਰਵਾਇਤੀ ਅੰਦਾਜ਼ ਤੋਂ ਹਟ ਕੇ ਮਨੁੱਖਤਾ ਅਤੇ ਸੁਧਾਰ ਦੀ ਸੋਚ ਨੂੰ ਦਰਸਾਉਂਦੀ ਹੈ।
ਇਸ ਵਿਲੱਖਣ ਪਹਿਲਕਦਮੀ ਤਹਿਤ ਖੰਨਾ ਪੁਲਿਸ ਜ਼ਿਲ੍ਹੇ ਦੇ 8 ਪੁਲਿਸ ਥਾਣਿਆਂ ਅਤੇ ਇੱਕ ਸੀ.ਆਈ.ਏ ਯੂਨਿਟ ਸਮੇਤ ਕੁੱਲ 9 ਹਵਾਲਾਤਾਂ ਦੇ ਬਾਹਰ ਸਪੀਕਰ ਲਗਾਏ ਗਏ ਹਨ। ਇਨ੍ਹਾਂ ਸਪੀਕਰਾਂ ਰਾਹੀਂ ਹੌਲੀ ਅਤੇ ਮਿੱਠੀ ਆਵਾਜ਼ ਵਿੱਚ ਧਾਰਮਿਕ ਸ਼ਬਦ, ਭਜਨ ਅਤੇ ਹੋਰ ਆਤਮ-ਚਿੰਤਨ ਵਾਲੀਆਂ ਧੁਨਾਂ ਚਲਾਈਆਂ ਜਾ ਰਹੀਆਂ ਹਨ। ਇਸਦਾ ਉਦੇਸ਼ ਹਵਾਲਾਤ ਵਿੱਚ ਬੰਦ ਵਿਅਕਤੀਆਂ ਲਈ ਤਣਾਅ ਦੀ ਬਜਾਏ ਸ਼ਾਂਤੀ ਅਤੇ ਆਤਮ-ਚਿੰਤਨ ਵਾਲਾ ਮਾਹੌਲ ਪੈਦਾ ਕਰਨਾ ਹੈ।
ਇਸ ਪਹਿਲ ਦੀ ਖਾਸ ਗੱਲ ਇਹ ਹੈ ਕਿ ਸੰਗੀਤ ਦੀ ਚੋਣ ਕਰਦੇ ਸਮੇਂ ਧਾਰਮਿਕ ਸਾਂਝ ਦਾ ਵੀ ਧਿਆਨ ਰੱਖਿਆ ਗਿਆ ਹੈ। ਪੰਜਾਬੀ ਅਤੇ ਹਿੰਦੀ ਭਾਸ਼ਾ ਵਿੱਚ ਵੱਖ-ਵੱਖ ਧਰਮਾਂ ਨਾਲ ਸਬੰਧਤ ਧਾਰਮਿਕ ਸੰਗੀਤ, ਗੁਰਬਾਣੀ ਦੇ ਸ਼ਬਦ ਅਤੇ ਭਜਨ ਪਲੇਅਲਿਸਟ ਵਿੱਚ ਸ਼ਾਮਲ ਕੀਤੇ ਗਏ ਹਨ। ਐਸ.ਐਸ.ਪੀ ਵੱਲੋਂ ਥਾਣਾ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸੰਗੀਤ ਹਮੇਸ਼ਾ ਹੌਲੀ ਆਵਾਜ਼ ਵਿੱਚ ਚਲਾਇਆ ਜਾਵੇ, ਤਾਂ ਜੋ ਇਸ ਨਾਲ ਕਿਸੇ ਨੂੰ ਪ੍ਰੇਸ਼ਾਨੀ ਨਾ ਹੋਵੇ ਅਤੇ ਹਵਾਲਾਤ ਦੇ ਆਲੇ-ਦੁਆਲੇ ਸ਼ਾਂਤ ਮਾਹੌਲ ਬਣਿਆ ਰਹੇ।
ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਇਸ ਸੋਚ ਦੀ ਪੁਲਿਸ ਵਿਭਾਗ ਨਾਲ ਜੁੜੇ ਲੋਕਾਂ ਅਤੇ ਆਮ ਲੋਕਾਂ ਵੱਲੋਂ ਵੀ ਸ਼ਲਾਘਾ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸਿੰਗ ਦਾ ਮਤਲਬ ਸਿਰਫ਼ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਾਬੂ ਕਰਨਾ ਜਾਂ ਸਜ਼ਾ ਦਿਵਾਉਣਾ ਨਹੀਂ, ਸਗੋਂ ਸੁਧਾਰ ਲਈ ਮੌਕਾ ਦੇਣਾ ਵੀ ਹੈ। ਹਵਾਲਾਤ ਵਿੱਚ ਬੰਦ ਵਿਅਕਤੀ ’ਤੇ ਦੋਸ਼ ਭਾਵੇਂ ਕੋਈ ਵੀ ਹੋਵੇ, ਕਾਨੂੰਨੀ ਪ੍ਰਕਿਰਿਆ ਦੇ ਤਹਿਤ ਉਸ ਨਾਲ ਮਨੁੱਖੀ ਵਿਵਹਾਰ ਕਰਨਾ ਵੀ ਪੁਲਿਸ ਦੀ ਜ਼ਿੰਮੇਵਾਰੀ ਹੈ।
ਐਸ.ਐਸ.ਪੀ ਮੁਤਾਬਕ ਇਸ ਪਹਿਲ ਦਾ ਵਿਚਾਰ ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਸਿਵਲ ਸਕੱਤਰੇਤ, ਚੰਡੀਗੜ੍ਹ ਦੇ ਦੌਰੇ ਦੌਰਾਨ ਆਇਆ, ਜਿੱਥੇ ਲਿਫਟਾਂ ਵਿੱਚ ਸ਼ਬਦਾਂ ਦੀ ਆਵਾਜ਼ ਨਾਲ ਉਨ੍ਹਾਂ ਨੂੰ ਸ਼ਾਂਤੀ ਦਾ ਅਹਿਸਾਸ ਹੋਇਆ। ਉਨ੍ਹਾਂ ਨੇ ਸੋਚਿਆ ਕਿ ਜੇਕਰ ਕੁਝ ਪਲਾਂ ਲਈ ਰੂਹਾਨੀ ਸੰਗੀਤ ਮਨ ਨੂੰ ਸ਼ਾਂਤੀ ਦੇ ਸਕਦਾ ਹੈ ਤਾਂ ਹਿਰਾਸਤ ਵਿੱਚ ਰਹਿ ਰਹੇ ਵਿਅਕਤੀਆਂ ਲਈ ਵੀ ਅਜਿਹਾ ਮਾਹੌਲ ਲਾਹੇਵੰਦ ਹੋ ਸਕਦਾ ਹੈ।
ਇਸ ਪਹਿਲ ਦਾ ਸੰਦੇਸ਼ ਸਪੱਸ਼ਟ ਹੈ ਕਿ ਕਿਸੇ ਵਿਅਕਤੀ ਦੀ ਆਜ਼ਾਦੀ ’ਤੇ ਕਾਨੂੰਨੀ ਤੌਰ ’ਤੇ ਰੋਕ ਲੱਗ ਸਕਦੀ ਹੈ, ਪਰ ਉਸ ਲਈ ਸੁਧਾਰ ਅਤੇ ਨਵੀਂ ਸ਼ੁਰੂਆਤ ਦੀ ਉਮੀਦ ਖ਼ਤਮ ਨਹੀਂ ਹੋਣੀ ਚਾਹੀਦੀ। ਖੰਨਾ ਪੁਲਿਸ ਦੀ ‘ਸਾਊਂਡ ਆਫ਼ ਹੋਪ’ ਪਹਿਲ ਇਸ ਗੱਲ ਦੀ ਉਦਾਹਰਨ ਬਣ ਰਹੀ ਹੈ ਕਿ ਕਾਨੂੰਨ ਵਿਵਸਥਾ ਕਾਇਮ ਰੱਖਣ ਦੇ ਨਾਲ ਮਨੁੱਖੀ ਪੱਖ ਨੂੰ ਵੀ ਪੁਲਿਸਿੰਗ ਦਾ ਹਿੱਸਾ ਬਣਾਇਆ ਜਾ ਸਕਦਾ ਹੈ।
- Download Babushahi App
-
-