Crime News ਬਠਿੰਡਾ ਪੁਲਿਸ ਲਈ ਵਰਦਾਨ ਬਣਨ ਲੱਗੇ ਸ਼ਹਿਰ ’ਚ ਲਾਏ ਆਧੁਨਿਕ ਕੈਮਰੇ ਤੇ ਕਮਾਂਡ ਸੈਂਟਰ
ਕੈਮਰਿਆਂ ਦੀ ਸਹਾਇਤਾ ਨਾਲ ਦੋ ਝਪਟਮਾਰਾਂ ਦਾ ਦੋਸ਼ੀ ਕਾਬੂ
ਅਸ਼ੋਕ ਵਰਮਾ
ਬਠਿੰਡਾ , 30 ਅਗਸਤ 2026 : ਹਾਲ ਹੀ ਵਿੱਚ ਸ਼ਹਿਰ ਦੀਆਂ ਵੱਖ ਵੱਖ ਥਾਵਾਂ ’ਤੇ ਲਾਏ ਅਧੁਨਿਕ ਕਿਸਮ ਦੇ ਕੈਮਰਿਆਂ ਅਤੇ ਇੰਟੈਗਰੇਟਿਡ ਕਮਾਂਡ ਕੰਟਰੋਲ ਰੂਮ ਦੀ ਸਹਾਇਤਾ ਨਾਲ ਬਠਿੰਡਾ ਪੁਲਿਸ ਨੂੰ ਪਹਿਲੀ ਸਫਲਤਾ ਮਿਲੀ ਹੈ। ਥਾਣਾ ਕੋਤਵਾਲੀ ਪੁਲਿਸ ਅਤੇ ਪੀਸੀਆਰ ਟੀਮਾਂ ਨੇ ਇਸ ਨਵੀਂ ਯੋਜਨਾਂ ਦੀ ਸਹਾਇਤਾ ਨਾਲ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਸ਼ਹਿਰ ’ਚ ਹੋਈ ਝਪਟਮਾਰੀ ਦੀਆਂ ਦੋ ਵਾਰਦਾਤਾਂ ਨੂੰ ਹੱਲ ਕਰ ਲਿਆ ਹੈ। ਪੁਲਿਸ ਵੱਲੋਂ ਗ੍ਰਿਫਤਾਰ ਮੁਲਜਮ ਦੀ ਪਛਾਣ ਮੁਖਤਿਆਰ ਉਰਫ ਵਿਨੋਦ ਕੁਮਾਰ ਪੁੱਤਰ ਕਾਲਾ ਰਾਮ, ਵਾਸੀ ਗਲੀ ਨੰਬਰ 20, ਸੁਰਖਪੀਰ ਰੋਡ, ਬਠਿੰਡਾ ਵਜੋਂ ਹੋਈ ਹੈ। ਜਿਲ੍ਹਾ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮਿਤੀ 24 ਅਗਸਤ ਨੂੰ ਵਿਜੇਤਾ ਬਾਂਸਲ, ਵਾਸੀ ਮਧੂਬਨ ਗਲੀ, ਬਠਿੰਡਾ ਨੇ ਪੁਲਿਸ ਕੰਟਰੋਲ ਰੂਮ ਦੇ 112 ਨੰਬਰ ’ਤੇ ਕਾਲ ਕਰਕੇ ਸੂਚਨਾ ਦਿੱਤੀ ਸੀ ਕਿ ਇੱਕ ਅਣਪਛਾਤੇ ਵਿਅਕਤੀ ਨੇ ਉਸ ਦੀ ਮਾਤਾ ਦਾ ਪਰਸ ਖੋਹ ਲਿਆ ਹੈ।
ਇਸੇ ਤਰ੍ਹਾਂ ਮਿਤੀ 28 ਅਗਸਤ ਨੂੰ ਸਾਕਸ਼ੀ ਪੁੱਤਰੀ ਖੇਮ ਚੰਦ, ਵਾਸੀ ਅਮਰਪੁਰਾ ਬਸਤੀ, ਬਠਿੰਡਾ ਨੇ ਵੀ ਇਸ ਨੰਬਰ ’ਤੇ ਸੂਚਨਾ ਦਿੱਤੀ ਸੀ ਕਿ ਨੀਤਾ ਸਟਰੀਟ ਇਲਾਕੇ ਵਿੱਚ ਉਸ ਦਾ ਪਰਸ ਖੋਹਿਆ ਗਿਆ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਵਿਜੇਤਾ ਬਾਂਸਲ ਦੀ ਮਾਤਾ ਪਾਸੋਂ ਇੱਕ ਮੋਬਾਇਲ ਫੋਨ ਅਤੇ 500 ਰੁਪਏ ਨਕਦ, ਜਦਕਿ ਸਾਕਸ਼ੀ ਪਾਸੋਂ ਕਰੀਬ 25 ਹਜ਼ਾਰ ਨਕਦ ਖੋਹੇ ਗਏ ਹਨ। ਜਾਂਚ ਦੌਰਾਨ ਪੀ.ਸੀ.ਆਰ. ਅਤੇ ਥਾਣਾ ਕੋਤਵਾਲੀ ਦੀਆਂ ਟੀਮਾਂ ਨੇ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਬਠਿੰਡਾ ਰਾਹੀਂ ਸ਼ਹਿਰ ਵਿੱਚ ਲੱਗੇ ਵੱਖ-ਵੱਖ ਸੀ.ਸੀ.ਟੀ.ਵੀ. ਕੈਮਰਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਫੁਟੇਜ ਵਿੱਚ ਪਤਾ ਲੱਗਿਆ ਕਿ ਇੱਕ ਸਪਲੈਂਡਰ ਮੋਟਰਸਾਈਕਲ ਸ਼ੱਕੀ ਤੌਰ ’ਤੇ ਵਾਰਦਾਤਾਂ ਵਿੱਚ ਵਰਤਿਆ ਗਿਆ ਹੈ। ਪੁਲਿਸ ਨੇ ਮੋਟਰਸਾਈਕਲ ਦੀ ਆਵਾਜਾਈ ਦੇ ਰੂਟ ਦਾ ਵਿਸ਼ਲੇਸ਼ਣ ਕਰਕੇ ਪੁਲਿਸ ਨੇ ਗ੍ਰਿਫਤਾਰ ਕੀਤੇ ਮੁਖਤਿਆਰ ਦੀ ਪਛਾਣ ਕਰਨ ਵਿੱਚ ਸਫਲਤਾ ਹਾਸਲ ਕਰ ਲਈ।
ਪੁਲਿਸ ਦੇ ਦੱਸਣ ਮੁਤਾਬਕ ਜਦੋਂ ਜਾਂਚ ਨੂੰ ਅੱਗੇ ਵਧਾਇਆ ਤਾਂ ਸਾਹਮਣੇ ਆਇਆ ਕਿ ਇਹ ਮੋਟਰਸਾਈਕਲ ਅਸ਼ੋਕ ਕੁਮਾਰ ਪੁੱਤਰ ਇੰਦਰ ਸਿੰਘ, ਵਾਸੀ ਪ੍ਰਤਾਪ ਨਗਰ, ਬਠਿੰਡਾ ਦੇ ਨਾਮ ’ਤੇ ਰਜਿਸਟਰਡ ਹੈ। ਪੁਲਿਸ ਨੇ ਜਦੋਂ ਅਸ਼ੋਕ ਕੁਮਾਰ ਤੋਂ ਪੁੱਛ ਪੜਤਾਲ ਕੀਤੀ ਤਾਂ ਜਾਣਕਾਰੀ ਮਿਲੀ ਕਿ ਮੋਟਰਸਾਈਕਲ ਨੰਬਰ ਪੀਬੀ 03 ਏਐਸ 8536 20022 ’ਚ ਚੋਰੀ ਹੋ ਗਿਆ ਸੀ। ਤਫਤੀਸ਼ ਦੌਰਾਨ ਇਹ ਵੀ ਪਤਾ ਲੱਗਿਆ ਕਿ ਮੁਲਜਮ ਨੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਵਾਰਦਾਤਾਂ ’ਚ ਵਰਤੇ ਮੋਟਰਸਾਈਕਲ ਦੀ ਨੰਬਰ ਪਲੇਟ ਵੀ ਬਦਲੀ ਹੈ। ਇਸ ਦੌਰਾਨ ਪੁਲਿਸ ਨੇ ਅਮਰੀਕ ਸਿੰਘ ਰੋਡ, ਮੁਲਤਾਨੀਆ ਰੋਡ, ਵਾਲਮੀਕੀ ਚੌਂਕ ਅਤੇ ਬੱਸ ਸਟੈਂਡ ਇਲਾਕੇ ਸਮੇਤ ਵੱਖ-ਵੱਖ ਥਾਵਾਂ ਦੀ ਸੀ.ਸੀ.ਟੀ.ਵੀ. ਫੁਟੇਜ ਨੂੰ ਹੋਰ ਡੂੰਘਾਈ ਨਾਲ ਖੰਗਾਲਿਆ ਅਤੇ ਉਪਲਬਧ ਹੋਰ ਸਬੂਤਾਂ ਦੇ ਆਧਾਰ ’ਤੇ ਮੁਲਜ਼ਮ ਦੀ ਪਛਾਣ ਮੁਖਤਿਆਰ ਉਰਫ ਵਿਨੋਦ ਕੁਮਾਰ ਪੁੱਤਰ ਕਾਲਾ ਰਾਮ, ਵਾਸੀ ਗਲੀ ਨੰਬਰ 20, ਸੁਰਖਪੀਰ ਰੋਡ, ਬਠਿੰਡਾ ਵਜੋਂ ਕੀਤੀ ਗਈ ।
ਮੁਲਜਮ ਜ਼ਿਲ੍ਹਾ ਕਚਹਿਰੀ ਬਠਿੰਡਾ ਵਿਖੇ ਇੱਕ ਵਕੀਲ ਕੋਲ ਮੁਨਸ਼ੀ ਵਜੋਂ ਕੰਮ ਕਰਦਾ ਹੈ ਜਿਸ ਨੂੰ ਪੁਲਿਸ ਨੇ ਅੱਜ ਕਾਬੂ ਕਰ ਲਿਆ। ਪੁਲਿਸ ਨੇ ਖੋਹੇ ਗਏ ਪੈਸੇ ਅਤੇ ਵਾਰਦਾਤ ’ਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਪੁਲਿਸ ਹੁਣ ਮੁਲਜਮ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਡੂੰਘਾਈ ਨਾਲ ਪੁੱਛਗਿਛ ਕਰੇਗੀ ਜਿਸ ਦੌਰਾਨ ਹੋਰ ਵਾਰਦਾਤਾਂ ਸਬੰਧੀ ਵੀ ਖੁਲਾਸੇ ਹੋ ਸਕਦੇ ਹਨ। ਗੌਰਤਲਬ ਹੈ ਕਿ ਅਪਰਾਧੀਆਂ ’ਤੇ ਸ਼ਿਕੰਜਾ ਕਸਣ ਲਈ ਸ਼ਹਿਰ ਦੀਆਂ 59 ਮਹੱਤਵਪੂਰਨ ਅਤੇ ਸੰਵੇਦਨਸ਼ੀਲ ਥਾਵਾਂ ’ਤੇ 282 ਅਤੀਆਧੁਨਿਕ ਕੈਮਰੇ ਲਾਏ ਗਏ ਹਨ ਜੋ ਦਿਨ ਰਾਤ ਹਰ ਪ੍ਰਕਾਰ ਦੀਆਂ ਸਰਗਰਮੀਆਂ ਤੇ ਬਾਜ ਅੱਖ ਰੱਖ ਰਹੇ ਹਨ। ਪੁਲਿਸ ਨੇ ਇੰਨ੍ਹਾਂ ਕੈਮਰਿਆਂ ਨੂੰ ਕੰਟਰੋਲ ਕਰਨ ਲਈ 2 ਕਰੋੜ 75 ਲੱਖ ਰੁਪਏ ਦੀ ਲਾਗਤ ਨਾਲ ਇੰਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਬਣਾਇਆ ਹੈ ਜਿਸ ਦੀ ਸਹਾਇਤਾ ਨਾਲ ਪੁਲਿਸ ਨੂੰ ਇਹ ਪਲੇਠੀ ਸਫਲਤਾ ਹਾਸਲ ਹੋਈ ਹੈ।
- Download Babushahi App
-
-