ਤਹਿਸੀਲ ਰੋਡ ਦੀ ਸੜਕ ਦਾ ਮੁੜ ਨਿਰਮਾਣ ਕਰਕੇ ਠੇਕੇਦਾਰ ਨੇ ਦੋਸ਼ਾਂ ਨੂੰ ਕੀਤਾ ਜੱਗ ਜਾਹਿਰ? ਹੁਣ ਉੱਚ ਪੱਧਰੀ ਜਾਂਚ ਦੀ ਮੰਗ ਤੇਜ਼
ਜਗਰਾਓਂ (ਦੀਪਕ ਜੈਨ): ਤਹਿਸੀਲ ਰੋਡ 'ਤੇ ਨਵੀਂ ਬਣੀ ਸੜਕ ਦੀ ਗੁਣਵੱਤਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਗੋਪੀ ਸ਼ਰਮਾ ਵੱਲੋਂ ਸੋਸ਼ਲ ਮੀਡੀਆ ਰਾਹੀਂ ਉਠਾਏ ਗਏ ਸਵਾਲਾਂ ਤੋਂ ਬਾਅਦ ਸੜਕ ਦੇ ਇੱਕ ਹਿੱਸੇ ਦਾ ਮੁੜ ਨਿਰਮਾਣ ਕਰ ਦਿੱਤਾ ਗਿਆ ਹੈ। ਗੋਪੀ ਸ਼ਰਮਾ ਦਾ ਦਾਅਵਾ ਹੈ ਕਿ ਡੀਐਸਪੀ ਦਫ਼ਤਰ ਤੋਂ ਸੂਆ ਰੋਡ ਤੱਕ ਸੜਕ ਨੂੰ ਪੁੱਟ ਕੇ ਦੁਬਾਰਾ ਬਣਾਇਆ ਜਾਣਾ ਉਨ੍ਹਾਂ ਵੱਲੋਂ ਉਠਾਏ ਗਏ ਮੁੱਦੇ ਨੂੰ ਹੋਰ ਮਜ਼ਬੂਤ ਕਰਦਾ ਹੈ।
ਗੋਪੀ ਸ਼ਰਮਾ ਨੇ ਪਹਿਲਾਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਸੜਕ ਦੀ ਉਪਰਲੀ ਪਰਤ ਹੱਥ ਨਾਲ ਉਖਾੜ ਕੇ ਇਹ ਦਾਅਵਾ ਕੀਤਾ ਸੀ ਕਿ ਨਿਰਮਾਣ ਵਿੱਚ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਇਹ ਮਾਮਲਾ ਜਨਤਕ ਹੋਇਆ ਤਾਂ ਠੇਕੇਦਾਰ ਨੇ ਆਪਣੀ ਸਾਖ ਬਚਾਉਣ ਲਈ ਸਿਰਫ਼ ਡੀਐਸਪੀ ਦਫ਼ਤਰ ਤੋਂ ਸੂਆ ਰੋਡ ਤੱਕ ਦੇ ਹਿੱਸੇ ਦਾ ਹੀ ਮੁੜ ਨਿਰਮਾਣ ਕਰਵਾਇਆ।
ਆਪ ਆਗੂ ਨੇ ਕਿਹਾ ਕਿ ਉਹ ਇਸ ਕਾਰਵਾਈ ਨਾਲ ਸੰਤੁਸ਼ਟ ਨਹੀਂ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਜੇਕਰ ਨਿਰਮਾਣ ਕਾਰਜ ਵਿੱਚ ਕੋਈ ਖਾਮੀ ਨਹੀਂ ਸੀ ਤਾਂ ਸੜਕ ਦੇ ਇੱਕ ਹਿੱਸੇ ਨੂੰ ਦੁਬਾਰਾ ਬਣਾਉਣ ਦੀ ਲੋੜ ਕਿਉਂ ਪਈ। ਉਨ੍ਹਾਂ ਕਿਹਾ ਕਿ ਸਿਰਫ਼ ਇੱਕ ਹਿੱਸਾ ਦੁਬਾਰਾ ਬਣਾਉਣ ਨਾਲ ਮਾਮਲਾ ਖਤਮ ਨਹੀਂ ਹੋ ਜਾਂਦਾ।
ਗੋਪੀ ਸ਼ਰਮਾ ਨੇ ਦੱਸਿਆ ਕਿ ਉਹ ਪੂਰੇ ਸੜਕ ਨਿਰਮਾਣ ਕਾਰਜ ਦੀ ਉੱਚ ਪੱਧਰੀ ਜਾਂਚ ਲਈ ਵਿਜੀਲੈਂਸ ਵਿਭਾਗ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਿਕਾਇਤ ਪੋਰਟਲ 'ਤੇ ਵੀ ਸ਼ਿਕਾਇਤ ਦਰਜ ਕਰਵਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਰਾਹੀਂ ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਸੜਕ ਦੇ ਨਿਰਮਾਣ ਵਿੱਚ ਨਿਰਧਾਰਤ ਮਿਆਰਾਂ ਅਨੁਸਾਰ ਸਮੱਗਰੀ ਵਰਤੀ ਗਈ ਸੀ ਜਾਂ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜਾਂਚ ਦੌਰਾਨ ਕਿਸੇ ਤਰ੍ਹਾਂ ਦੀ ਧਾਂਦਲੀ ਜਾਂ ਬੇਨਿਯਮੀਆਂ ਸਾਹਮਣੇ ਆਉਂਦੀਆਂ ਹਨ ਤਾਂ ਜ਼ਿੰਮੇਵਾਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਗੋਪੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਪਾਰਦਰਸ਼ੀ ਢੰਗ ਨਾਲ ਵਿਕਾਸ ਕਾਰਜ ਕਰਵਾਉਣ ਲਈ ਵਚਨਬੱਧ ਹੋਣ ਦੀ ਗੱਲ ਕਰਦੀ ਹੈ। ਉਨ੍ਹਾਂ ਦੇ ਅਨੁਸਾਰ ਜੇਕਰ ਕਿਸੇ ਵੀ ਵਿਕਾਸ ਕਾਰਜ ਵਿੱਚ ਘਪਲੇਬਾਜ਼ੀ ਜਾਂ ਬੇਨਿਯਮੀਆਂ ਸਾਹਮਣੇ ਆਉਂਦੀਆਂ ਹਨ ਤਾਂ ਸੰਬੰਧਤ ਏਜੰਸੀਆਂ ਨੂੰ ਨਿਰਪੱਖ ਜਾਂਚ ਕਰਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
- Download Babushahi App
-
-