ਕਿਸਾਨ ਜਥੇਬੰਦੀਆਂ ਅਤੇ ਮਿਸਲ ਸਤਲੁਜ ਵੱਲੋਂ ਸਰਹੱਦੀ ਖੇਤਰ ਵਿੱਚ ਪ੍ਰਸਤਾਵਿਤ 33 ਕਿਲੋਮੀਟਰ ਲੰਬੇ ਬੰਨ ਦਾ ਡੱਟਵਾਂ ਵਿਰੋਧ
*40 ਪਿੰਡਾਂ ਤੇ 15 ਹਜ਼ਾਰ ਲੋਕਾਂ ਦਾ ਪੰਜਾਬ ਨਾਲ ਸੰਪਰਕ ਟੁੱਟਣ ਦਾ ਖ਼ਤਰਾ*
*ਸਰਹੱਦੀ ਵਸਨੀਕਾਂ ਦੀ ਸਹਿਮਤੀ ਬਿਨਾਂ ਕੋਈ ਯੋਜਨਾ ਲਾਗੂ ਨਹੀਂ ਹੋਣ ਦੇਵਾਂਗੇ:ਅਜੇ ਪਾਲ ਸਿੰਘ ਬਰਾੜ*
ਚੰਡੀਗੜ੍ਹ 2 ਜੁਲਾਈ,2026
*ਅੱਜ ਇਥੇ ਪ੍ਰੈਸ ਕਲੱਬ ਵਿੱਚ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਮਿਸਲ ਸਤਲੁਜ ਦੇ ਜ਼ਿਲ੍ਹਾ ਸਕੱਤਰ ਫਾਜ਼ਿਲਕਾ ਅੰਕੁਸ਼ ਕੰਬੋਜ ਲਾਧੂਕਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੋਨ ਇੰਚਾਰਜ ਕੁਲਵੰਤ ਸਿੰਘ, ਬੀਕੇਯੂ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਰਾਣਾ, ਪੀੜਤ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਹਰੀਸ਼ ਨੱਢਾ, ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ, ਸਰਪੰਚ ਬੀਰਬਲ ਸਿੰਘ (ਘੁਰਕਾ), ਸਰਪੰਚ ਮਹਿਲ ਸਿੰਘ (ਵੱਲੇ ਸ਼ਾਹ ਉਤਾੜ), ਬੀਕੇਯੂ ਡਕੌਂਦਾ ਯੂਥ ਵਿੰਗ ਦੇ ਪ੍ਰਧਾਨ ਸਾਹਿਲ ਕੰਬੋਜ ਅਤੇ ਐਕਸ਼ਨ ਕਮੇਟੀ ਦੇ ਸਕੱਤਰ ਧੀਰਾ ਬਰਾੜ ਨੇ ਪੰਜਾਬ ਦੇ ਸਰਹੱਦੀ ਖੇਤਰ ਦੇ ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਬਣਾਏ ਜਾ ਰਹੇ ਪ੍ਰਸਤਾਵਿਤ ਬੰਨ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਇਸ ਦਾ ਡੱਟ ਕੇ ਵਿਰੋਧ ਕਰਨ ਦਾ ਐਲਾਨ ਕੀਤਾ।*
*ਮਿਸਲ ਸਤਲੁਜ ਪਾਰਟੀ ਦੇ ਪ੍ਰਧਾਨ ਸਰਦਾਰ ਅਜੇ ਪਾਲ ਸਿੰਘ ਬਰਾੜ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਸਰਹੱਦੀ ਇਲਾਕਿਆਂ ਦੇ ਲੋਕਾਂ ਦੀ ਰੋਜ਼ੀ-ਰੋਟੀ, ਜ਼ਮੀਨਾਂ ਅਤੇ ਭਵਿੱਖ ਨਾਲ ਖਿਲਵਾੜ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੇਂਦਰ ਸਰਕਾਰ ਅਤੇ ਪ੍ਰਸ਼ਾਸਨ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਕੋਈ ਵੀ ਫ਼ੈਸਲਾ ਥੋਪਣ ਦੀ ਕੋਸ਼ਿਸ਼ ਨਾ ਕਰੇ। ਜੇਕਰ ਇਹ ਲੋਕ ਵਿਰੋਧੀ ਯੋਜਨਾ ਵਾਪਸ ਨਾ ਲਈ ਗਈ ਤਾਂ ਮਿਸਲ ਸਤਲੁਜ ਕਿਸਾਨਾਂ ਅਤੇ ਸਰਹੱਦੀ ਵਸਨੀਕਾਂ ਨਾਲ ਮਿਲ ਕੇ ਸੂਬਾ ਪੱਧਰੀ ਸੰਘਰਸ਼ ਵਿੱਢੇਗੀ, ਜਿਸ ਦੀ ਪੂਰੀ ਜ਼ਿੰਮੇਂਵਾਰੀ ਸਰਕਾਰ ਦੀ ਹੋਵੇਗੀ।*
*ਆਗੂਆਂ ਨੇ ਦੱਸਿਆ ਕਿ ਸਤਲੁਜ ਦਰਿਆ ਤੋਂ ਲਗਭਗ 500 ਮੀਟਰ ਤੋਂ ਡੇਢ ਕਿਲੋਮੀਟਰ ਦੀ ਦੂਰੀ 'ਤੇ 33 ਕਿਲੋਮੀਟਰ ਲੰਬਾ ਅਤੇ ਕਰੀਬ 35 ਫੁੱਟ ਉੱਚਾ ਬੰਨ ਬਣਾਉਣ ਦੀ ਯੋਜਨਾ ਹੈ। ਆਗੂਆਂ ਨੇ ਦੱਸਿਆ ਕਿ ਇਸ ਦੇ ਨਾਲ-ਨਾਲ ਇੱਕ ਵੱਡਾ ਨਾਲਾ ਵੀ ਕੱਢਿਆ ਜਾ ਰਿਹਾ ਹੈ, ਜਿਸ ਲਈ ਲਗਭਗ 245 ਫੁੱਟ ਚੌੜੀ ਜ਼ਮੀਨ ਦੀ ਲੋੜ ਦੱਸੀ ਗਈ ਹੈ।*
*ਉਨ੍ਹਾਂ ਦਸਿਆ ਕਿ ਇਸ ਪ੍ਰੋਜੈਕਟ ਕਾਰਨ ਕਰੀਬ 40 ਸਰਹੱਦੀ ਪਿੰਡ ਅਤੇ ਲਗਭਗ 15 ਹਜ਼ਾਰ ਦੀ ਆਬਾਦੀ ਬੰਨ ਅਤੇ ਅੰਤਰਰਾਸ਼ਟਰੀ ਸਰਹੱਦ ਦੇ ਵਿਚਕਾਰ ਫਸ ਜਾਵੇਗੀ, ਜਿਸ ਨਾਲ ਇਨ੍ਹਾਂ ਪਿੰਡਾਂ ਦਾ ਪੰਜਾਬ ਦੇ ਬਾਕੀ ਹਿੱਸੇ ਨਾਲ ਸਿੱਧਾ ਸੰਪਰਕ ਪ੍ਰਭਾਵਿਤ ਹੋਵੇਗਾ ਅਤੇ ਲੋਕਾਂ ਨੂੰ ਰੋਜ਼ਾਨਾ ਜੀਵਨ ਵਿੱਚ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।*
*ਆਗੂਆਂ ਨੇ ਦੋਸ਼ ਲਗਾਇਆ ਕਿ 14 ਮਈ ਦੇ ਨੋਟਿਸ ਸਬੰਧੀ ਪ੍ਰਸ਼ਾਸਨ ਵੱਲੋਂ ਕੋਈ ਨਵਾਂ ਨੋਟੀਫਿਕੇਸ਼ਨ ਜਾਂ ਲਿਖਤੀ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਇਸ ਦੇ ਬਾਵਜੂਦ ਕਿਸਾਨਾਂ ਨੂੰ ਗੁੰਮਰਾਹ ਕਰਕੇ ਖੇਤਾਂ ਵਿੱਚ ਬੁਰਜੀਆਂ ਲਗਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਦੋਂ ਕਿਸਾਨਾਂ ਨੇ ਇਸ ਦੀ ਪੜਤਾਲ ਕੀਤੀ ਤਾਂ ਸਾਹਮਣੇ ਆਇਆ ਕਿ ਪੰਜਾਬ ਸਰਕਾਰ ਵੱਡੇ ਪੱਧਰ 'ਤੇ ਜ਼ਮੀਨ ਐਕਵਾਈਰ ਕਰਨ ਦੀ ਤਿਆਰੀ ਕਰ ਰਹੀ ਹੈ।*
*ਉਨ੍ਹਾਂ ਦੱਸਿਆ ਕਿ ਇਸ ਦੇ ਵਿਰੋਧ ਵਿੱਚ ਚੜ੍ਹਦੀ ਕਲਾ ਗੁਰਦੁਆਰਾ ਵੱਲੇ ਸ਼ਾਹ ਉਤਾੜ (ਨੂਰ ਸ਼ਾਹ) ਵਿਖੇ ਸੰਘਰਸ਼ ਮੋਰਚਾ ਸ਼ੁਰੂ ਕੀਤਾ ਗਿਆ। ਇਸ ਤੋਂ ਬਾਅਦ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਲਗਾਈਆਂ ਗਈਆਂ ਸਰਕਾਰੀ ਬੁਰਜੀਆਂ ਪੁੱਟ ਕੇ ਫਾਜ਼ਿਲਕਾ ਦੇ ਡੀ. ਸੀ ਦਫ਼ਤਰ ਦੇ ਬਾਹਰ ਕਰਮਚਾਰੀਆਂ ਨੂੰ ਜਮ੍ਹਾਂ ਕਰਵਾ ਦਿੱਤੀਆਂ ਹਨ ਅਤੇ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਸਖ਼ਤ ਵਿਰੋਧ ਦਰਜ ਕਰਵਾਇਆ।*
*ਆਗੂਆਂ ਨੇ ਕਿਹਾ ਕਿ ਇਸ ਬੰਨ ਕਾਰਨ ਹਜ਼ਾਰਾਂ ਏਕੜ ਖੇਤੀਬਾੜੀ ਪ੍ਰਭਾਵਿਤ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਕਈ ਕਿਸਾਨਾਂ ਦੀ ਜ਼ਮੀਨ ਦੋ ਹਿੱਸਿਆਂ ਵਿੱਚ ਵੰਡ ਜਾਵੇਗੀ, ਜਿਸ ਨਾਲ ਖੇਤੀ ਕਰਨੀ ਬਹੁਤ ਮੁਸ਼ਕਲ ਹੋ ਜਾਵੇਗੀ। ਕਈਆਂ ਨੂੰ ਵੱਖ-ਵੱਖ ਮੋਟਰਾਂ ਅਤੇ ਸਿੰਚਾਈ ਦੇ ਨਵੇਂ ਪ੍ਰਬੰਧ ਕਰਨੇ ਪੈਣਗੇ, ਜਦਕਿ ਕੁਝ ਕਿਸਾਨਾਂ ਦੀ ਜ਼ਮੀਨ ਸਰਕਾਰ ਵੱਲੋਂ ਐਕਵਾਇਰ ਵੀ ਕੀਤੀ ਜਾਵੇਗੀ।*
*ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਪ੍ਰਸਤਾਵਿਤ ਨਾਲੇ ਵਿੱਚ ਗੰਦਾ ਪਾਣੀ ਛੱਡੇ ਜਾਣ ਦੀ ਯੋਜਨਾ ਹੈ, ਜੋ ਰੇਤ ਰਾਹੀਂ ਜ਼ਮੀਨ ਹੇਠਲੇ ਪਾਣੀ ਵਿੱਚ ਰਲ ਕੇ ਟਿਊਬਵੈੱਲਾਂ ਰਾਹੀਂ ਲੋਕਾਂ ਤੱਕ ਪਹੁੰਚੇਗਾ, ਇਸ ਨਾਲ ਪੀਣ ਵਾਲਾ ਪਾਣੀ ਪ੍ਰਦੂਸ਼ਿਤ ਹੋਣ ਅਤੇ ਲੋਕਾਂ ਵਿੱਚ ਖਤਰਨਾਕ ਬਿਮਾਰੀਆਂ ਫੈਲਣ ਦਾ ਖ਼ਤਰਾ ਵੱਧ ਜਾਵੇਗਾ।*
*ਆਗੂਆਂ ਨੇ ਇਹ ਵੀ ਕਿਹਾ ਕਿ ਪਹਿਲਾਂ ਹੜ੍ਹਾਂ ਦੌਰਾਨ ਪਾਣੀ ਵੱਡੇ ਇਲਾਕੇ ਵਿੱਚ ਫੈਲ ਜਾਂਦਾ ਸੀ, ਜਿਸ ਨਾਲ ਉਸ ਦਾ ਦਬਾਅ ਘੱਟ ਹੋ ਜਾਂਦਾ ਸੀ। ਪਰ ਬੰਨ ਬਣਨ ਤੋਂ ਬਾਅਦ ਪਾਣੀ ਦਾ ਸਾਰਾ ਦਬਾਅ ਬੰਨ ਦੇ ਅੰਦਰਲੇ ਪਿੰਡਾਂ 'ਤੇ ਪਵੇਗਾ, ਜਿਸ ਨਾਲ ਪਾਣੀ ਦਾ ਪੱਧਰ ਕਈ ਫੁੱਟ ਵੱਧ ਸਕਦਾ ਹੈ ਅਤੇ ਘਰਾਂ, ਫ਼ਸਲਾਂ ਅਤੇ ਹੋਰ ਜਾਇਦਾਦ ਨੂੰ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ ।*
*ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਪ੍ਰੋਜੈਕਟ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਸਰਹੱਦੀ ਇਲਾਕਿਆਂ ਦੇ ਲੋਕਾਂ ਨਾਲ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਪੂਰੀ ਪਾਰਦਰਸ਼ਤਾ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਲੋਕਾਂ ਦੀਆਂ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਵੱਡੇ ਪੱਧਰ 'ਤੇ ਲੋਕ ਅੰਦੋਲਨ ਖੜ੍ਹਾ ਕੀਤਾ ਜਾਵੇਗਾ।*
- Download Babushahi App
-
-