ਭਾਜਪਾ ਆਗੂ ਵੀਨੂੰ ਗੋਇਲ ਦੀ ਅਗਵਾਈ ਹੇਠ "ਆਤਮ ਨਿਰਭਰ ਭਾਰਤ-ਸਸ਼ਕਤ ਨਾਰੀ" ਪ੍ਰੋਗਰਾਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 2 ਜੁਲਾਈ 2026 : ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀ ਕਾਰਜਕਰਨੀ ਮੈਂਬਰ ਅਤੇ ਸਮਾਜ ਸੇਵੀ ਆਗੂ ਵੀਨੂੰ ਗੋਇਲ ਦੀ ਅਗਵਾਈ ਹੇਠ ਆਤਮ ਨਿਰਭਰ ਭਾਰਤ ਸਸ਼ਕਤ ਨਾਰੀ ਪ੍ਰੋਗਰਾਮ ਕਰਵਾਇਆ ਗਿਆ।ਇਸ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸਾਬਕਾ ਪੰਜਾਬ ਸਿਹਤ ਮੰਤਰੀ ਸੁਰਜੀਤ ਜਿਆਣੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਇਸ ਮੌਕੇ ਭਾਜਪਾ ਆਗੂ ਰਾਣਾ ਸੋਢੀ ਨੇ ਮਹਿਲਾਵਾਂ ਅਤੇ ਸਮਾਜ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਲਈ ਵੀਨੂੰ ਗੋਇਲ ਅਤੇ ਉਨ੍ਹਾਂ ਦੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਸੁਰਜੀਤ ਜਿਆਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਹਿਲਾ ਸਸ਼ਕਤੀਕਰਨ ਲਈ ਮੁਦਰਾ ਯੋਜਨਾ, ਲਖਪਤੀ ਦੀਦੀ ਯੋਜਨਾ ਅਤੇ ਹੋਰ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜੋ ਮਹਿਲਾਵਾਂ ਨੂੰ ਮਜ਼ਬੂਤ ਅਤੇ ਆਤਮਨਿਰਭਰ ਬਣਾਉਣ ਵਿੱਚ ਸਹਾਇਕ ਹਨ।
ਭਾਜਪਾ ਆਗੂ ਵੀਨੂੰ ਗੋਇਲ ਨੇ ਕਿਹਾ ਕਿ ਉਹ ਮਹਿਲਾਵਾਂ ਦੀ ਹਰ ਸੰਭਵ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿਣਗੇ। ਉਹਨਾਂ ਕਿਹਾ ਕਿ ਇਸੇ ਨਿਸ਼ਾਨੇ ਤਹਿਤ ਉਹਨਾਂ ਵੱਲੋਂ ਹਰ ਸਾਲ ਜੂਨ ਦੇ ਮਹੀਨੇ ਛੁੱਟੀਆਂ ਦੌਰਾਨ ਔਰਤਾਂ ਨੂੰ ਸਵੈ ਨਿਰਭਰ ਬਣਾਉਣ ਲਈ ਵਿਸ਼ੇਸ਼ ਕੈਂਪ ਲਾਇਆ ਜਾਂਦਾ ਹੈ ਜਿਸ ਦੌਰਾਨ ਹੁਣ ਤੱਕ ਹਜ਼ਾਰਾਂ ਦੀ ਤਾਦਾਦ ਵਿੱਚ ਔਰਤਾਂ ਵੱਖ ਵੱਖ ਪ੍ਰਕਾਰ ਦੇ ਕਿੱਤਿਆਂ ਦੀ ਸਿਖਲਾਈ ਲੈ ਚੁੱਕੀਆਂ ਹਨ ।ਉਹਨਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਸੈਂਕੜੇ ਮਹਿਲਾਵਾਂ ਨੇ ਆਪਣੇ ਸੈਲਫ ਹੈਲਪ ਗਰੁੱਪ ਬਣਾ ਕੇ ਮੁਦਰਾ ਯੋਜਨਾ ਅਤੇ ਕੇਂਦਰ ਸਰਕਾਰ ਦੀਆਂ ਹੋਰ ਕਈ ਯੋਜਨਾਵਾਂ ਨਾਲ ਜੁੜ ਕੇ ਆਪਣੀ ਆਜੀਵਿਕਾ ਕਮਾ ਰਹੀਆਂ ਹਨ ਅਤੇ ਸਮਾਜ ਵਿੱਚ ਸਨਮਾਨ ਅਤੇ ਆਤਮ ਵਿਸ਼ਵਾਸ ਨਾਲ ਜੀਵਨ ਬਤੀਤ ਕਰ ਰਹੀਆਂ ਹਨ।
ਇਸ ਮੌਕੇ ਅਜਿਹੀਆਂ ਉੱਦਮੀ ਮਹਿਲਾਵਾਂ ਵੱਲੋਂ ਆਪਣੇ ਹੱਥਾਂ ਨਾਲ ਤਿਆਰ ਕੀਤੇ ਗਏ ਸਮਾਨ ਦੀ ਪ੍ਰਦਰਸ਼ਨੀ ਵੀ ਲਾਈ ਗਈ।ਇਸ ਮੌਕੇ ਮਹਿਲਾਵਾਂ ਨੇ 24 ਦਿਨਾਂ ਦੀ ਟ੍ਰੇਨਿੰਗ ਲੈ ਕੇ ਆਪਣੇ ਹੱਥਾਂ ਵਿੱਚ ਹੁਨਰ ਹਾਸਲ ਕੀਤਾ ਅਤੇ ਮੁਦਰਾ ਯੋਜਨਾ, ਲਖਪਤੀ ਦੀਦੀ ਯੋਜਨਾ ਅਤੇ ਸੈਲਫ ਹੈਲਪ ਗਰੁੱਪਾਂ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਆਪਣੇ ਜੀਵਨ ਵਿੱਚ ਇਸਦਾ ਲਾਭ ਲੈਣ ਦਾ ਸੰਕਲਪ ਲਿਆ।ਇਸ ਮੌਕੇ ਡਾ. ਮਨੀਸ਼ ਗੁਪਤਾ , ਪਾਰਸ ਗੁਪਤਾ, ਐਡਵੋਕੇਟ ਸ਼ਿਆਮ ਲਾਲ ਬਾਂਸਲ, ਸਮਾਜ ਸੇਵੀ ਹੇਮਰਾਜ ਗੋਇਲ, ਜੈਪੁਰ ਜਵੈਲਰ ਤੋਂ ਮੁਕੇਸ਼ ਗਰਗ, ਵਿਮਲ ਬਾਂਸਲ, ਮਦਨ ਜਿੰਦਲ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।ਇਸ ਮੌਕੇ ਸੁਨੀਲ ਸਿੰਗਲਾ, ਰਾਕੇਸ਼ ਸਿੰਗਲਾ ਸੰਤੋਸ਼ ਸ਼ਰਮਾ, ਮਨਪ੍ਰੀਤ ਬਰਾੜ, ਗੁਰਮੀਤ ਕੌਰ, ਸਰਬਜੀਤ ਕੌਰ, ਵੀਰਪਾਲ ਕੌਰ, ਸ਼ਾਰਦਾ ਚੋਪੜਾ, ਅਨੀਤਾ ਸ਼ਰਮਾ, ਰਿਤੂ ਸਵੇਰਾ, ਸਿਮਰ ਕੌਰ, ਸ਼ੈਲੀ ਜਿੰਦਲ, ਲਕਸ਼ਮੀ ਆਦਿ ਵੀ ਹਾਜ਼ਰ ਸਨ। ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੇ ਗਏ ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ। ਪ੍ਰੋਗਰਾਮ ਕੋਆਰਡੀਨੇਟਰ ਐਮ. ਕੇ. ਮੰਨਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
- Download Babushahi App
-
-