ਬਰਨਾਲਾ 'ਚ ਮਿਡ-ਡੇ-ਮੀਲ ਵਰਕਰਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ; ਕਿਹਾ- 'ਸਾਨੂੰ ਫ਼ਰੀ ਦੀ ਟੂੰ-ਟੂੰ ਨਹੀਂ, ਮਿਹਨਤ ਦਾ ਹੱਕ ਚਾਹੀਦਾ'
ਤਨਖਾਹ ਵਾਧੇ ਅਤੇ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਮਿਡ-ਡੇ-ਮੀਲ ਵਰਕਰਾਂ ਵੱਲੋਂ ਡੀ.ਸੀ. ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ
'ਸਾਨੂੰ 1000-1500 ਦਾ ਲਾਰਾ ਨਹੀਂ, ਮਿਹਨਤਾਨਾ ਚਾਹੀਦਾ'; ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ
Kamaljeet Sandhu, ਬਰਨਾਲਾ
ਸਥਾਨਕ ਡੀ.ਸੀ. ਦਫ਼ਤਰ ਦੇ ਗੇਟ ਅੱਗੇ ਅੱਜ ਮਿਡ-ਡੇ-ਮੀਲ ਵਰਕਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਵਰਕਰਾਂ ਨੇ ਐਲਾਨ ਕੀਤਾ ਕਿ ਹੁਣ ਉਹ ਲਾਰਿਆਂ ਵਿੱਚ ਨਹੀਂ ਆਉਣਗੀਆਂ ਅਤੇ ਅੱਜ ਤੋਂ ਹੀ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਚਲੀਆਂ ਗਈਆਂ ਹਨ। ਸਾਨੂੰ ਫ਼ਰੀ ਦੀ 'ਟੂੰ-ਟੂੰ' ਨਹੀਂ, ਆਪਣੇ ਰੁਜ਼ਗਾਰ ਦਾ ਫ਼ਲ ਚਾਹੀਦਾ ਹੈ' , ਔਰਤਾਂ ਨੂੰ 1000-1500 ਰੁਪਏ ਦੇਣ ਦੇ ਵਾਅਦੇ 'ਤੇ ਚੁੱਕੇ ਸਵਾਲ... ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੀ ਕਰਮਜੀਤ ਕੌਰਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਕੂਲਾਂ ਵਿੱਚ ਬੱਚਿਆਂ ਲਈ ਪੂਰੀ ਸਫ਼ਾਈ ਨਾਲ ਖਾਣਾ ਬਣਾਉਂਦੀਆਂ ਹਨ, ਪਰ ਬਦਲੇ ਵਿੱਚ ਸਰਕਾਰ ਵੱਲੋਂ ਉਨ੍ਹਾਂ ਨੂੰ ਮਹੀਨੇ ਦਾ ਸਿਰਫ਼ 3,000 ਰੁਪਏ ਮਿਹਨਤਾਨਾ ਦਿੱਤਾ ਜਾ ਰਿਹਾ ਹੈ, ਜੋ ਕਿ ਰੋਜ਼ਾਨਾ ਦਾ ਸਿਰਫ਼ 100 ਰੁਪਏ ਬਣਦਾ ਹੈ। ਉਨ੍ਹਾਂ ਕਿਹਾ, "ਇੰਨੀ ਮਹਿੰਗਾਈ ਦੇ ਦੌਰ ਵਿੱਚ 3,000 ਰੁਪਏ ਨਾਲ ਘਰ ਦਾ ਗੁਜ਼ਾਰਾ ਕਰਨਾ ਅਸੰਭਵ ਹੈ, ਜਦੋਂ ਕਿ ਸਾਡੇ ਗੁਆਂਢੀ ਸੂਬੇ ਹਰਿਆਣਾ ਵਿੱਚ ਮਿਡ-ਡੇ-ਮੀਲ ਵਰਕਰਾਂ ਨੂੰ ਬਹੁਤ ਵਧੀਆ ਮਿਹਨਤਾਨਾ ਮਿਲ ਰਿਹਾ ਹੈ।"
ਉਨ੍ਹਾਂ ਦੋਸ਼ ਲਾਇਆ ਕਿ ਸਕੂਲਾਂ ਵਿੱਚ ਕੰਮ ਦੌਰਾਨ ਕਿਸੇ ਦੁਰਘਟਨਾ ਦੀ ਸੂਰਤ ਵਿੱਚ ਉਨ੍ਹਾਂ ਨੂੰ ਕੋਈ ਸਹੂਲਤ ਜਾਂ ਸਿਹਤ ਬੀਮਾ ਨਹੀਂ ਦਿੱਤਾ ਗਿਆ ਅਤੇ ਨਾ ਹੀ ਕੋਈ ਪਛਾਣ ਪੱਤਰ ਜਾਂ ਵਰਦੀ ਮਿਲੀ ਹੈ। ਜੇਕਰ ਕੋਈ ਵਰਕਰ ਬਿਮਾਰ ਹੋ ਜਾਵੇ, ਤਾਂ ਮੈਡੀਕਲ ਛੁੱਟੀ ਦੀ ਥਾਂ ਉਨ੍ਹਾਂ ਨੂੰ ਆਪਣੇ ਪੱਧਰ 'ਤੇ ਹੀ ਕਿਸੇ ਹੋਰ ਦਾ ਪ੍ਰਬੰਧ ਕਰਕੇ ਭੇਜਣਾ ਪੈਂਦਾ ਹੈ। ਵਰਕਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਪੱਕਾ (ਰੈਗੂਲਰ) ਕੀਤਾ ਜਾਵੇ ਅਤੇ ਘੱਟੋ-ਘੱਟ ਉਜਰਤ ਦੇ ਘੇਰੇ ਵਿੱਚ ਲਿਆ ਕੇ 26,000 ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅਤੇ ਵਿਧਾਨ ਸਭਾ ਦਾ ਘੇਰਾਓ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੀਆਂ। ਪੰਜਾਬ ਸਰਕਾਰ ਵੱਲੋਂ 1 ਜੁਲਾਈ ਤੋਂ ਔਰਤਾਂ ਦੇ ਖਾਤੇ ਵਿੱਚ ਪੈਸੇ ਪਾਉਣ ਦੇ ਵਾਅਦੇ 'ਤੇ ਤਨਜ਼ ਕਸਦਿਆਂ ਕਰਮਜੀਤ ਕੌਰ ਨੇ ਕਿਹਾ ਕਿ ਸਰਕਾਰ ਸਿਰਫ਼ 'ਲੋਲੀਪੋਪ' ਦੇ ਰਹੀ ਹੈ। ਉਨ੍ਹਾਂ ਕਿਹਾ, "ਜਿਹੜੀ ਸਰਕਾਰ ਸਾਡੀ ਦਿਨ-ਰਾਤ ਦੀ ਮਿਹਨਤ ਦਾ ਪੂਰਾ ਮੁੱਲ ਨਹੀਂ ਦੇ ਸਕਦੀ, ਉਹ ਸਾਨੂੰ ਮੁਫ਼ਤ ਵਿੱਚ 1,000 ਜਾਂ 1,500 ਰੁਪਏ ਕਿੱਥੋਂ ਦੇਵੇਗੀ? ਸਾਨੂੰ ਖ਼ਦਸ਼ਾ ਹੈ ਕਿ ਕਿਤੇ ਖਾਤੇ ਲਿੰਕ ਹੋਣ ਦੇ ਬਹਾਨੇ ਬੀਬੀਆਂ ਦੇ ਖਾਤਿਆਂ ਵਿੱਚ ਪਏ ਪਹਿਲੇ ਪੰਜ-ਸੱਤ ਸੌ ਰੁਪਏ ਵੀ ਨਾ ਉੱਡ ਜਾਣ।
ਇਸ ਮੌਕੇ ਮਨਪ੍ਰੀਤ ਕੌਰ ਅਤੇ ਦਵਿੰਦਰਜੀਤ ਕੌਰ ਨੇ ਵੀ ਸਰਕਾਰ ਦੀਆਂ ਨੀਤੀਆਂ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮਿਡ-ਡੇ-ਮੀਲ ਵਰਕਰਾਂ ਤੋਂ ਕੰਮ ਲੈਣਾ ਅਤੇ ਵੋਟਾਂ ਵੇਲੇ ਡਿਊਟੀਆਂ ਲਾਉਣਾ ਤਾਂ ਆਉਂਦਾ ਹੈ, ਪਰ ਤਨਖਾਹਾਂ ਦੇਣ ਵੇਲੇ ਪਾਸਾ ਵੱਟ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਾਕੀ ਸਾਰੀਆਂ ਯੂਨੀਅਨਾਂ ਦੇ ਮਿਹਨਤਾਨੇ ਵਿੱਚ ਵਾਧਾ ਕੀਤਾ ਗਿਆ ਹੈ, ਪਰ ਮਿਡ-ਡੇ-ਮੀਲ ਵਰਕਰਾਂ ਨੂੰ ਸਭ ਤੋਂ ਹੇਠਲੇ ਪੱਧਰ 'ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ, "ਅਸੀਂ ਇੰਨੀ ਗਰਮੀ ਅਤੇ ਅੱਗ ਦੇ ਮੂਹਰੇ ਤਪ ਕੇ ਬੱਚਿਆਂ ਲਈ ਖਾਣਾ ਬਣਾਉਂਦੀਆਂ ਹਾਂ। ਜੇਕਰ ਸਕੂਲ ਵਿੱਚ ਇੱਕ ਵੀ ਬੱਚਾ ਘਟ ਜਾਵੇ, ਤਾਂ ਵਰਕਰ ਨੂੰ ਦੂਜੇ ਸਕੂਲ ਸ਼ਿਫਟ ਕਰ ਦਿੱਤਾ ਜਾਂਦਾ ਹੈ। ਸਾਨੂੰ ਮੁੱਖ ਮੰਤਰੀ ਦੇ ਮੋਬਾਈਲ ਸੁਨੇਹਿਆਂ (ਟੂੰ-ਟੂੰ) ਦੀ ਲੋੜ ਨਹੀਂ ਹੈ, ਉਹ ਆਪਣੀ 'ਟੂੰ-ਟੂੰ' ਆਪਣੇ ਦਰਬਾਰ ਵਿੱਚ ਹੀ ਰੱਖਣ। ਸਾਨੂੰ ਸਾਡੀ ਮਿਹਨਤ ਦਾ ਹੱਕ ਚਾਹੀਦਾ ਹੈ।" ਵਰਕਰਾਂ ਨੇ ਸਾਫ਼ ਕਿਹਾ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਸਕੂਲਾਂ ਵਿੱਚ ਮਿਡ-ਡੇ-ਮੀਲ ਦਾ ਕੰਮ ਮੁਕੰਮਲ ਬੰਦ ਰਹੇਗਾ ਅਤੇ ਇਸ ਦੀ ਜ਼ਿੰਮੇਵਾਰੀ ਮਾਨ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।
- Download Babushahi App
-
-