ਵਿਧਾਇਕਾਂ ਦੀ ਕਾਨੂੰਨੀ ਅਣਜਾਣਤਾ ਲੋਕਤੰਤਰ ਲਈ ਗੰਭੀਰ ਖ਼ਤਰਾ: ਅਸ਼ਵਨੀ ਜੋਸ਼ੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 01 ਜੁਲਾਈ, 2026- ਸਮਾਜਿਕ ਅਤੇ ਰਾਜਨੀਤਿਕ ਚਿੰਤਕ ਅਸ਼ਵਨੀ ਜੋਸ਼ੀ ਨੇ ਕਿਹਾ ਹੈ ਕਿ ਹਾਲ ਹੀ ਵਿੱਚ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਸੁਣਵਾਈ ਨੇ ਪੰਜਾਬ ਦੀ ਲੋਕਤੰਤਰੀ ਪ੍ਰਣਾਲੀ ਦਾ ਇੱਕ ਚਿੰਤਾਜਨਕ ਸੱਚ ਲੋਕਾਂ ਸਾਹਮਣੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੁਮਾਇੰਦਿਆਂ ਨੂੰ ਲੋਕ ਕਾਨੂੰਨ ਬਣਾਉਣ ਲਈ ਵਿਧਾਨ ਸਭਾ ਵਿੱਚ ਭੇਜਦੇ ਹਨ, ਜੇਕਰ ਉਹ ਖੁਦ ਹੀ ਕਾਨੂੰਨ ਦੀ ਬੁਨਿਆਦੀ ਸਮਝ ਤੋਂ ਵਾਂਝੇ ਹੋਣ ਤਾਂ ਇਹ ਸਿਰਫ਼ ਰਾਜਨੀਤਿਕ ਕਮਜ਼ੋਰੀ ਨਹੀਂ, ਸਗੋਂ ਲੋਕਤੰਤਰ ਲਈ ਗੰਭੀਰ ਖ਼ਤਰਾ ਹੈ।
ਜੋਸ਼ੀ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਲਾਈਵ ਸੁਣਵਾਈ ਦੌਰਾਨ ਲੋਕਾਂ ਨੇ ਪਹਿਲੀ ਵਾਰ ਆਪਣੇ ਚੁਣੇ ਹੋਏ ਨੁਮਾਇੰਦਿਆਂ ਦੀ ਕਾਨੂੰਨੀ ਜਾਣਕਾਰੀ ਨੂੰ ਸਿੱਧੇ ਤੌਰ 'ਤੇ ਪਰਖਿਆ। "ਇਸ ਲਾਈਵ ਕਾਰਵਾਈ ਨੇ ਸਾਲਾਂ ਤੋਂ ਅਯੋਗਤਾ ਉੱਤੇ ਪਿਆ ਪਰਦਾ ਹਟਾ ਦਿੱਤਾ," ਉਨ੍ਹਾਂ ਕਿਹਾ।
ਉਨ੍ਹਾਂ ਦੋਸ਼ ਲਗਾਇਆ ਕਿ ਸੁਣਵਾਈ ਦੌਰਾਨ ਕਈ ਵਿਧਾਇਕ ਬਿੱਲ ਦੀਆਂ ਕਾਨੂੰਨੀ ਬਾਰੀਕੀਆਂ, ਉਸ ਦੇ ਸਮਾਜਿਕ ਪ੍ਰਭਾਵ ਅਤੇ ਸੰਵਿਧਾਨਕ ਪਹਿਲੂਆਂ ਬਾਰੇ ਸੰਤੋਸ਼ਜਨਕ ਜਵਾਬ ਦੇਣ ਵਿੱਚ ਅਸਮਰੱਥ ਨਜ਼ਰ ਆਏ। ਉਨ੍ਹਾਂ ਕਿਹਾ, "ਜਦੋਂ ਕਾਨੂੰਨ ਬਣਾਉਣ ਵਾਲੇ ਨੂੰ ਹੀ ਕਾਨੂੰਨ ਦੀ ਏ.ਬੀ.ਸੀ. ਦਾ ਗਿਆਨ ਨਾ ਹੋਵੇ ਤਾਂ ਉਸ ਦੇ ਹੱਥਾਂ ਨਾਲ ਬਣਿਆ ਕਾਨੂੰਨ ਰਾਹਤ ਨਹੀਂ, ਸਗੋਂ ਮੁਸ਼ਕਲਾਂ ਪੈਦਾ ਕਰਦਾ ਹੈ।"
ਅਸ਼ਵਨੀ ਜੋਸ਼ੀ ਨੇ ਕਿਹਾ ਕਿ ਜੇਕਰ ਮਹੱਤਵਪੂਰਨ ਕਾਨੂੰਨ ਬਿਨਾਂ ਗੰਭੀਰ ਚਰਚਾ, ਅਧਿਐਨ ਅਤੇ ਵਿਚਾਰ-ਵਟਾਂਦਰੇ ਤੋਂ ਸਿਰਫ਼ ਹੱਥ ਖੜ੍ਹੇ ਕਰਕੇ ਪਾਸ ਕੀਤੇ ਜਾਂਦੇ ਹਨ ਤਾਂ ਵਿਧਾਨ ਸਭਾ ਲੋਕਾਂ ਦੀ ਸਰਵਉੱਚ ਸੰਸਥਾ ਨਹੀਂ ਰਹਿੰਦੀ, ਸਗੋਂ ਸਰਕਾਰ ਦੀ "ਰਬੜ ਸਟੈਂਪ" ਬਣ ਕੇ ਰਹਿ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਕਮਜ਼ੋਰ ਅਤੇ ਅਧੂਰੀ ਸਮਝ ਨਾਲ ਬਣੇ ਕਾਨੂੰਨਾਂ ਦਾ ਨੁਕਸਾਨ ਸਿਰਫ਼ ਸਰਕਾਰੀ ਖ਼ਰਚ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਇਸ ਦਾ ਪ੍ਰਭਾਵ ਸਮਾਜਿਕ ਅਸ਼ਾਂਤੀ, ਨਿਆਂ ਵਿੱਚ ਦੇਰੀ, ਪ੍ਰਸ਼ਾਸਨਿਕ ਕਮਜ਼ੋਰੀ ਅਤੇ ਲੋਕਾਂ ਦੇ ਭਰੋਸੇ ਦੇ ਟੁੱਟਣ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਉਨ੍ਹਾਂ ਮੌੜ ਧਮਾਕਾ ਅਤੇ ਬੇਅਦਬੀ ਵਰਗੇ ਮਾਮਲਿਆਂ ਵਿੱਚ ਇਨਸਾਫ਼ ਵਿੱਚ ਹੋਈ ਦੇਰੀ ਨੂੰ ਵੀ ਕਾਨੂੰਨੀ ਅਯੋਗਤਾ ਅਤੇ ਰਾਜਨੀਤਿਕ ਇੱਛਾ ਸ਼ਕਤੀ ਦੀ ਕਮੀ ਨਾਲ ਜੋੜਿਆ।
ਜੋਸ਼ੀ ਨੇ ਕਿਹਾ ਕਿ ਲੋਕਤੰਤਰ ਦੀ ਅਸਲ ਤਾਕਤ ਪਾਰਦਰਸ਼ਤਾ ਅਤੇ ਜਵਾਬਦੇਹੀ ਵਿੱਚ ਹੈ। ਅਕਾਲ ਤਖ਼ਤ ਸਾਹਿਬ ਦੀ ਲਾਈਵ ਸੁਣਵਾਈ ਨੇ ਲੋਕਾਂ ਨੂੰ ਇਹ ਮੌਕਾ ਦਿੱਤਾ ਕਿ ਉਹ ਆਪਣੇ ਚੁਣੇ ਹੋਏ ਨੁਮਾਇੰਦਿਆਂ ਦੀ ਯੋਗਤਾ ਦਾ ਖ਼ੁਦ ਮੁਲਾਂਕਣ ਕਰ ਸਕਣ।
ਉਨ੍ਹਾਂ ਕਿਹਾ ਕਿ ਦੇਸ਼ ਅਤੇ ਸੂਬੇ ਦੀ ਤਰੱਕੀ ਨਾਅਰਿਆਂ, ਪ੍ਰਚਾਰ ਜਾਂ ਸਿਆਸੀ ਬਿਆਨਬਾਜ਼ੀ ਨਾਲ ਨਹੀਂ, ਸਗੋਂ ਯੋਗਤਾ, ਸੰਵਿਧਾਨਕ ਸਮਝ ਅਤੇ ਜਵਾਬਦੇਹ ਸ਼ਾਸਨ ਨਾਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਪਰਾਧਾਂ ਦੀ ਨਿਰਪੱਖ ਜਾਂਚ, ਮਜ਼ਬੂਤ ਸਬੂਤ ਇਕੱਠੇ ਕਰਨਾ ਅਤੇ ਦੋਸ਼ੀਆਂ ਨੂੰ ਸਜ਼ਾ ਤੱਕ ਪਹੁੰਚਾਉਣਾ ਸਰਕਾਰ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ, ਜਿਸ ਤੋਂ ਬਚਿਆ ਨਹੀਂ ਜਾ ਸਕਦਾ।
ਆਪਣੇ ਸੰਬੋਧਨ ਦੇ ਅੰਤ ਵਿੱਚ ਅਸ਼ਵਨੀ ਜੋਸ਼ੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਗਲੀਆਂ ਚੋਣਾਂ ਵਿੱਚ ਉਮੀਦਵਾਰ ਦੀ ਜਾਤ, ਪਾਰਟੀ ਜਾਂ ਨਾਅਰਿਆਂ ਦੀ ਬਜਾਏ ਉਸ ਦੀ ਯੋਗਤਾ, ਕਾਨੂੰਨੀ ਸਮਝ ਅਤੇ ਜਨਤਕ ਜਵਾਬਦੇਹੀ ਨੂੰ ਵੋਟ ਦਾ ਆਧਾਰ ਬਣਾਉਣ। ਉਨ੍ਹਾਂ ਕਿਹਾ, "ਲੋਕਤੰਤਰ ਦੀ ਅਸਲ ਕਸੌਟੀ ਪ੍ਰਚਾਰ ਨਹੀਂ, ਸਗੋਂ ਯੋਗਤਾ, ਪਾਰਦਰਸ਼ਤਾ ਅਤੇ ਜ਼ਮੀਨੀ ਨਤੀਜੇ ਹਨ। ਹੁਣ ਇਹ ਫ਼ੈਸਲਾ ਲੋਕਾਂ ਨੇ ਕਰਨਾ ਹੈ ਕਿ ਉਹ ਯੋਗ ਨੁਮਾਇੰਦੇ ਚੁਣਣਗੇ ਜਾਂ ਅਯੋਗਤਾ ਨੂੰ ਆਪਣੀ ਕਿਸਮਤ ਮੰਨਦੇ ਰਹਿਣਗੇ।"
- Download Babushahi App
-
-