ਭਗਤ ਕਬੀਰ ਜੀ ਦੀ ਬਾਣੀ ਮਨੁੱਖਤਾ ਦੇ ਭਲੇ ਲਈ ਸੰਦੇਸ਼ : ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 29 ਜੂਨ,2026 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸੰਤ ਸ਼੍ਰੋਮਣੀ, ਮਹਾਨ ਸਮਾਜ ਸੁਧਾਰਕ ਅਤੇ ਭਗਤੀ ਲਹਿਰ ਦੇ ਵਿਲੱਖਣ ਕ੍ਰਾਂਤੀਕਾਰੀ ਸੰਤ ਭਗਤ ਕਬੀਰ ਜੀ ਦੇ ਪਵਿੱਤਰ ਜਨਮ ਦਿਹਾੜੇ ਮੌਕੇ ਦੇਸ਼-ਵਿਦੇਸ਼ ਵਿੱਚ ਵੱਸਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਸਰਦਾਰ ਕਾਲਕਾ ਨੇ ਅੱਜ ਇਥੇ ਆਪਣੇ ਇਕ ਸੰਦੇਸ਼ ਵਿੱਚ ਕਿਹਾ ਕਿ ਭਗਤ ਕਬੀਰ ਜੀ ਨੇ ਆਪਣੀ ਬਾਣੀ ਰਾਹੀਂ ਮਨੁੱਖਤਾ ਨੂੰ ਸੱਚ, ਇਮਾਨਦਾਰੀ, ਪ੍ਰੇਮ, ਬਰਾਬਰੀ ਅਤੇ ਪ੍ਰਮਾਤਮਾ ਦੀ ਭਗਤੀ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਜਾਤ-ਪਾਤ,
ਉੱਚ-ਨੀਚ ਦਾ ਭੇਦ,ਅੰਧਵਿਸ਼ਵਾਸ ਅਤੇ ਸਮਾਜਿਕ ਕੁਰੀਤੀਆਂ ਦਾ ਡਟ ਕੇ ਵਿਰੋਧ ਕਰਦਿਆਂ ਮਨੁੱਖ ਨੂੰ ਆਪਸੀ ਭਾਈਚਾਰੇ ਅਤੇ ਸਾਂਝੀਵਾਲਤਾ ਦੇ ਰਾਹ 'ਤੇ ਚੱਲਣ ਦੀ ਪ੍ਰੇਰਣਾ ਦਿੱਤੀ।
ਉਨ੍ਹਾਂ ਕਿਹਾ ਕਿ ਭਗਤ ਕਬੀਰ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਜੋ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਦੀ ਸਿੱਖਿਆ ਸਰਬ-ਸਾਂਝੀ, ਸਰਬ-ਕਲਿਆਣਕਾਰੀ ਅਤੇ ਸਦੀਵੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਵੀ ਭਗਤ ਕਬੀਰ ਜੀ ਦੇ ਉਪਦੇਸ਼ ਸਮਾਜ ਨੂੰ ਨਫ਼ਰਤ, ਵੰਡ ਅਤੇ ਬੁਰਾਈਆਂ ਤੋਂ ਉੱਪਰ ਉੱਠ ਕੇ ਪਿਆਰ, ਸਹਿਣਸ਼ੀਲਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਦੇ ਹਨ।
ਹਰਮੀਤ ਸਿੰਘ ਕਾਲਕਾ ਨੇ ਅਪੀਲ ਕੀਤੀ ਕਿ ਭਗਤ ਕਬੀਰ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਮੌਕੇ ਅਸੀਂ ਸਾਰੇ ਉਨ੍ਹਾਂ ਦੀ ਮਹਾਨ ਬਾਣੀ ਅਤੇ ਜੀਵਨ ਤੋਂ ਪ੍ਰੇਰਣਾ ਲੈਂਦੇ ਹੋਏ ਸੱਚ, ਸੇਵਾ, ਨਿਮਰਤਾ ਅਤੇ ਮਨੁੱਖਤਾ ਦੇ ਰਾਹ 'ਤੇ ਚੱਲਣ ਦਾ ਸੰਕਲਪ ਕਰੀਏ ਇਹੀ ਭਗਤ ਕਬੀਰ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
- Download Babushahi App
-
-