ਬੇਰੁਜ਼ਗਾਰ ਨੌਜਵਾਨਾਂ ਲਈ ਸੁਨਹਿਰੀ ਮੌਕਾ: ਗੁਰਦਾਸਪੁਰ ਵਿਖੇ 26 ਜੂਨ ਨੂੰ ਲੱਗੇਗਾ ਵਿਸ਼ੇਸ਼ 'ਸਵੈ-ਰੋਜ਼ਗਾਰ ਤੇ ਲੋਨ ਮੇਲਾ'
ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਕੀਤਾ ਜਾ ਰਿਹਾ ਵਿਸ਼ੇਸ਼ ਉਪਰਾਲਾ
ਪ੍ਰਧਾਨ ਮੰਤਰੀ ਮੁਦਰਾ ਸਕੀਮ, PMEGP ਅਤੇ ਸਟੈਂਡ ਅੱਪ ਇੰਡੀਆ ਤਹਿਤ ਮਿਲੇਗਾ ਆਪਣਾ ਕੰਮ ਸ਼ੁਰੂ ਕਰਨ ਲਈ ਲੋਨ
ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਸਮੇਤ ਸਵੈ-ਰੋਜ਼ਗਾਰ ਨਾਲ ਸਬੰਧਤ ਸਾਰੇ ਵਿਭਾਗ ਮੇਲੇ ਵਿੱਚ ਲੈਣਗੇ ਹਿੱਸਾ
Rohit Gupta
ਗੁਰਦਾਸਪੁਰ, 24 ਜੂਨ 2026: ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਯੋਗ ਅਗਵਾਈ ਹੇਠ ਇੱਕ ਵਿਸ਼ੇਸ਼ ਕਦਮ ਚੁੱਕਿਆ ਜਾ ਰਿਹਾ ਹੈ। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (DBEE) ਵੱਲੋਂ ਆਪਣਾ ਨਵਾਂ ਕਾਰੋਬਾਰ ਜਾਂ ਸਵੈ-ਰੋਜ਼ਗਾਰ ਸ਼ੁਰੂ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਆਉਂਦੀ 26 ਜੂਨ ਨੂੰ ਇੱਕ ਵਿਸ਼ੇਸ਼ 'ਸਵੈ-ਰੋਜ਼ਗਾਰ/ਲੋਨ ਮੇਲਾ' ਲਗਾਇਆ ਜਾ ਰਿਹਾ ਹੈ। ਇਸ ਮੇਲੇ ਅਧੀਨ ਚਾਹਵਾਨ ਪ੍ਰਾਰਥੀਆਂ ਨੂੰ ਵੱਖ-ਵੱਖ ਸਰਕਾਰੀ ਸਕੀਮਾਂ ਤਹਿਤ ਸਵੈ-ਰੋਜ਼ਗਾਰ ਲਈ ਲੋਨ ਮੁਹੱਈਆ ਕਰਵਾਏ ਜਾਣਗੇ।
ਆਪਣਾ ਨਵਾਂ ਕੰਮ ਸ਼ੁਰੂ ਕਰਨ ਦੇ ਇੱਛੁਕ ਨੌਜਵਾਨ ਪ੍ਰਾਰਥੀ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਪ੍ਰਮੁੱਖ ਸਕੀਮਾਂ ਜਿਵੇਂ ਕਿ ਪ੍ਰਧਾਨ ਮੰਤਰੀ ਮੁਦਰਾ ਸਕੀਮ (PM Mudra Scheme), ਪ੍ਰਧਾਨ ਮੰਤਰੀ ਰੋਜ਼ਗਾਰ ਜਨਰੇਸ਼ਨ ਪ੍ਰੋਗਰਾਮ (PMEGP) ਅਤੇ ਸਟੈਂਡ ਅੱਪ ਇੰਡੀਆ (Stand Up India) ਦੇ ਤਹਿਤ ਲੋਨ ਲੈਣ ਲਈ ਅਪਲਾਈ ਕਰ ਸਕਦੇ ਹਨ।
ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਪਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਲੋਨ ਮੇਲਾ 26 ਜੂਨ (ਦਿਨ ਸ਼ੁੱਕਰਵਾਰ) ਨੂੰ ਸਵੇਰੇ 09:00 ਵਜੇ ਸ਼ੁਰੂ ਹੋਵੇਗਾ। ਮੇਲੇ ਦਾ ਆਯੋਜਨ ਕਮਰਾ ਨੰਬਰ 217, ਬੀ-ਬਲਾਕ, ਡੀ.ਏ.ਸੀ. (DAC) ਕੰਪਲੈਕਸ, ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਤੇ ਟ੍ਰੇਨਿੰਗ ਦਫ਼ਤਰ, ਗੁਰਦਾਸਪੁਰ ਵਿਖੇ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਸਵੈ-ਰੋਜ਼ਗਾਰ ਨਾਲ ਸਬੰਧਤ ਸਾਰੇ ਸਰਕਾਰੀ ਵਿਭਾਗਾਂ ਸਮੇਤ ਦੇਸ਼ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਦੇ ਅਧਿਕਾਰੀ ਸ਼ਿਰਕਤ ਕਰਨਗੇ। ਜੋ ਵੀ ਨੌਜਵਾਨ ਆਪਣਾ ਕਾਰੋਬਾਰ ਸਥਾਪਤ ਕਰਨਾ ਚਾਹੁੰਦੇ ਹਨ, ਉਹ ਮੌਕੇ 'ਤੇ ਪਹੁੰਚ ਕੇ ਸਿੱਧੇ ਬੈਂਕ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰ ਸਕਦੇ ਹਨ ਅਤੇ ਲੋਨ ਫਾਰਮ ਭਰ ਸਕਦੇ ਹਨ।
ਜ਼ਿਲ੍ਹਾ ਅਫ਼ਸਰ ਪਰਸ਼ੋਤਮ ਸਿੰਘ ਨੇ ਅਪੀਲ ਕੀਤੀ ਕਿ ਜ਼ਿਲ੍ਹੇ ਦੇ ਸਮੂਹ ਬੇਰੁਜ਼ਗਾਰ ਨੌਜਵਾਨ ਅਤੇ ਪ੍ਰਾਰਥੀ ਇਸ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ। ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ ਚਾਹਵਾਨ ਉਮੀਦਵਾਰ ਕਿਸੇ ਵੀ ਕੰਮਕਾਜ ਵਾਲੇ ਦਿਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਿਖੇ ਪਹੁੰਚ ਕੇ ਸੰਪਰਕ ਕਰ ਸਕਦੇ ਹਨ।
- Download Babushahi App
-
-