ਜੇ ਸ਼ੀਸ਼ੇ ਦੇ ਸ਼ਹਿਰ ਚ ਰਹਿਣਾ, ਪੱਥਰਾਂ ਤੋਂ ਨਾ ਡਰਿਆ ਕਰ
*ਸਾਹਿਤ ਸਭਾ ਦੀ ਇਕੱਤਰਤਾ ਦੌਰਾਨ ਸਾਹਿਤਕ ਵੰਨਗੀਆਂ ਨੇ ਬਿਖੇਰਿਆ ਰੰਗ
ਕੋਟਕਪੂਰਾ: 13 ਅਪ੍ਰੈਲ ( ਪਰਵਿੰਦਰ ਸਿੰਘ ਕੰਧਾਰੀ )
ਸਾਹਿਤ ਸਭਾ ਕੋਟ ਕਪੂਰਾ ਦੀ ਮਹੀਨਾਵਾਰ ਇਕੱਤਰਤਾ ਸਥਾਨਕ ਸੰਗਮ ਪੈਲੇਸ ਵਿਖੇ ਸਭਾ ਦੇ ਸੀਨੀਅਰ ਮੈਂਬਰ ਤੇ ਨਾਮਵਰ ਕਲਮਕਾਰ ਜੰਗਪਾਲ ਸਿੰਘ ਬਰਾੜ ਹੋਰਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੇ ਹਿੱਸਾ ਲਿਆ।ਸਭਾ ਦੇ ਸ਼ੁਰੂ ਵਿੱਚ ਇਰਾਨ ਅਮਰੀਕਾ ਜੰਗ ਦੌਰਾਨ ਆਮ ਲੋਕਾਂ ਤੇ ਬੱਚਿਆਂ ਦੀਆਂ ਹੋ ਰਹੀਆਂ ਦਰਦਨਾਕ ਮੌਤਾਂ ਤੇ ਚਿੰਤਾ ਪ੍ਰਗਟ ਕੀਤੀ ਗਈ I ਰਚਨਾਵਾਂ ਦੇ ਦੌਰ ਵਿੱਚ ਜੰਗਪਾਲ ਸਿੰਘ ਬਰਾੜ ਨੇ ਆਪਣੀ ਆਪ ਬੀਤੀ 'ਮਰੇ ਬਿਨਾਂ ਸਵਰਗ ਨਹੀਂ ਤੇ ਬਿਮਾਰੀ ਬਿਨਾਂ ਹਸਪਤਾਲ ਨਹੀਂ ਦੇਖਿਆ ਜਾਂਦਾ', ਲਾਲੀ ਟਿੱਬੇ ਹਰੀ ਨੌਂ ਨੇ ਆਪਣੀ ਗ਼ਜ਼ਲ ' ਹਰ ਇਨਸਾਨ ਅਧੂਰਾ ਫਿਰਦਾ,ਕੌਣ ਮੁਕੰਮਲ ਹੈ ਇੱਥੇ,ਜੋਬਨ ਭੈਰੋਂ ਭੱਟੀ ਨੇ ਖੁੱਲੀ ਕਵਿਤਾ ' ਪੱਕੀ ਗੱਲ' , ਗਗਨਦੀਪ ਸਾਂਵਲ ਨੇ ਆਪਣੀ ਗ਼ਜ਼ਲ 'ਤੂੰ ਬੇਸ਼ੁਮਾਰ ਹੀ ਆਵੀਂ, ਗੁਰਪਿਆਰ ਹਰੀ ਨੌਂ ਨੇ 'ਬੰਦਾ ਤਾਂ ਕਿਤੇ ਗਿਆ ਹੀ ਨਹੀਂ', ਰਾਜਬੀਰ ਮੱਤਾ ਨੇ ਕਵਿਤਾ ' ਜੇ ਸ਼ੀਸ਼ੇ ਦੇ ਸ਼ਹਿਰ ਚ ਰਹਿਣਾ, ਪੱਥਰਾਂ ਤੋਂ ਨਾ ਡਰਿਆ ਕਰ ', ਬਰਜਿੰਦਰ ਭਾਰਤੀ ਨੇ ਦੋ ਗ਼ਜ਼ਲਾਂ 'ਖਿਜਾ ਝੋਲੀ ਵਿੱਚ ਮੇਰੀ' ਅਤੇ 'ਮੈਂ ਚਾਂਦ ਕਾ ਟੁਕੜਾ ਨਹੀਂ",ਜਗਦੇਵ ਪੁਰਬਾ ਨੇ ਖੂਬਸੂਰਤ ਕਵਿਤਾ,ਸਭਾ ਦੇ ਪ੍ਰਧਾਨ ਕੁਲਦੀਪ ਮਾਣੂੰਕੇ ਨੇ ਮਿੰਨੀ ਕਹਾਣੀ 'ਚੰਗੀ ਚੀਜ਼' ਤੇ ਐਡਵੋਕੇਟ ਗੁਰਮੀਤ ਚਾਨਾ ਨੇ ਆਪਣੀਆਂ ਅੰਗਰੇਜੀ ਕਵਿਤਾਵਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਸੁਣਾਇਆ। ਇਨ੍ਹਾਂ ਰਚਨਾਵਾਂ ਉੱਪਰ ਭਖਵੀਂ ਬਹਿਸ ਵਿੱਚ ਹਿੱਸਾ ਲੈਂਦਿਆਂ ਸੁਰਿੰਦਰ ਸੰਧੂ,ਮੇਘ ਰਾਜ ਸ਼ਰਮਾ ਤੇ ਜੰਗਪਾਲ ਸਿੰਘ ਨੇ ਉਸਾਰੂ ਸੁਝਾਅ ਵੀ ਦਿੱਤੇ I ਇਸ ਦੌਰਾਨ ਐਡਵੋਕੇਟ ਗੁਰਮੀਤ ਸਿੰਘ ਚਾਨਾ ਨੇ ਆਪਣੀ ਅੰਗਰੇਜ਼ੀ ਕਵਿਤਾਵਾਂ ਦੀ ਕਿਤਾਬ 'ਮਿਸ ਫਰੈਲਿਟੀ' ਸਭਾ ਦੇ ਸਮੂਹ ਮੈਂਬਰਾਂ ਨੂੰ ਭੇਂਟ ਕੀਤੀ।
Click to Follow Babushahi Facebook page →