ਖੰਨਾ: ਕਾਰ ਅਤੇ ਟਰੱਕ ਦੀ ਭਿਆਨਕ ਟੱਕਰ 'ਚ ਕੁੜੀ ਦੀ ਮੌਤ, ਕਈ ਜ਼ਖ਼ਮੀ
Ravinder Singh
ਖੰਨਾ/ਲੁਧਿਆਣਾ, 9 ਅਪ੍ਰੈਲ 2026: ਗੋਬਿੰਦਗੜ੍ਹ ਤੋਂ ਦੋਰਾਹਾ ਤੱਕ ਜੀ.ਟੀ. ਰੋਡ 'ਤੇ ਪਏ ਡੂੰਘੇ ਟੋਏ ਰਾਹਗੀਰਾਂ ਲਈ ਕਾਲ ਸਾਬਤ ਹੋ ਰਹੇ ਹਨ। ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਅੱਜ ਖੰਨਾ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਨਵਦੀਪ ਕੌਰ ਨਾਮੀ ਲੜਕੀ ਦੀ ਮੌਤ ਹੋ ਗਈ, ਜਦਕਿ ਦੋ ਔਰਤਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ।
ਜਾਣਕਾਰੀ ਅਨੁਸਾਰ, ਇੱਕ ਪਰਿਵਾਰ ਲੁਧਿਆਣਾ ਵਿਖੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਾਰ ਰਾਹੀਂ ਪਟਿਆਲਾ ਵਾਪਸ ਜਾ ਰਿਹਾ ਸੀ। ਜਦੋਂ ਉਹ ਖੰਨਾ ਨੇੜੇ ਪਹੁੰਚੇ ਤਾਂ, ਸੜਕ 'ਤੇ ਪਏ ਇੱਕ ਡੂੰਘੇ ਟੋਏ ਕਾਰਨ ਕਾਰ ਦਾ ਟਾਇਰ ਪੰਕਚਰ ਹੋ ਗਿਆ। ਜਿਵੇਂ ਹੀ ਡਰਾਈਵਰ ਨੇ ਟਾਇਰ ਬਦਲਣ ਲਈ ਕਾਰ ਸੜਕ ਦੇ ਕਿਨਾਰੇ ਖੜ੍ਹੀ ਕੀਤੀ, ਪਿੱਛੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਪਲਟ ਗਈ। ਹਾਦਸੇ ਵਿੱਚ ਨਵਦੀਪ ਕੌਰ ਦੀ ਮੌਤ ਹੋ ਗਈ, ਜਦਕਿ ਸ਼ਰਨਜੀਤ ਕੌਰ ਅਤੇ ਡਿੰਪਲ ਨਾਮੀ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਇੱਕ ਆਦਮੀ ਅਤੇ ਛੋਟਾ ਬੱਚਾ ਇਸ ਹਾਦਸੇ ਵਿੱਚ ਵਾਲ-ਵਾਲ ਬਚ ਗਏ।
ਮ੍ਰਿਤਕਾ ਦੇ ਚਾਚਾ ਗਗਨਦੀਪ ਸਿੰਘ ਅਤੇ ਰਾਹਗੀਰ ਸੇਵਾ ਸਿੰਘ ਨੇ ਪ੍ਰਸ਼ਾਸਨ ਵਿਰੁੱਧ ਭਾਰੀ ਰੋਸ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਜੀ.ਟੀ. ਰੋਡ 'ਤੇ ਥਾਂ-ਥਾਂ ਡੂੰਘੇ ਟੋਏ ਪਏ ਹੋਏ ਹਨ, ਜਿਸ ਬਾਰੇ ਕਈ ਵਾਰ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਦੀ ਇਸ "ਡੂੰਘੀ ਨੀਂਦ" ਦੀ ਕੀਮਤ ਆਮ ਲੋਕ ਆਪਣੀਆਂ ਜਾਨਾਂ ਦੇ ਕੇ ਚੁਕਾ ਰਹੇ ਹਨ।
ਨਿੱਜੀ ਹਸਪਤਾਲ ਦੀ ਡਾਕਟਰ ਮੀਨਲ ਖੰਨਾ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਸੀ। ਪਰਿਵਾਰ ਦੇ ਪਟਿਆਲਾ ਨਿਵਾਸੀ ਹੋਣ ਕਾਰਨ, ਮੁੱਢਲੀ ਸਹਾਇਤਾ ਅਤੇ ਮਰੀਜ਼ਾਂ ਦੀ ਹਾਲਤ ਸਥਿਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ, ਐਸ.ਐਚ.ਓ. ਖੰਨਾ ਨੇ ਦੱਸਿਆ ਕਿ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਟਰੱਕ ਚਾਲਕ ਵਿਰੁੱਧ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Click to Follow Babushahi Facebook page →