ਹਾਈਪੋਵੋਲੈਮਿਲਕ ਸ਼ਾਕ ਕਾਰਨ ਮੌਤ ਦੇ ਮੂੰਹ 'ਚ ਗਏ 47 ਸਾਲਾਂ ਮਰੀਜ਼ ਨੂੰ ਢਾਹਾਂ ਕਲੇਰਾਂ ਹਸਪਤਾਲ ਵਿਖੇ ਮਿਲਿਆ ਜੀਵਨ ਵਰਦਾਨ
ਬੰਗਾ 13 ਮਾਰਚ () ਪਿਛਲੇ ਚਾਰ ਦਹਾਕਿਆਂ ਤੋਂ ਮਿਆਰੀ ਸਿਹਤ ਸਹੂਲਤਾਂ ਲਈ ਜਾਣੀ ਜਾਂਦੀ ਦੁਆਬਾ ਖੇਤਰ ਦੀ ਮੋਹਰੀ ਸਿਹਤ ਸੰਸਥਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਨਟਰਨਲ ਮੈਡੀਸਨ ਵਿਭਾਗ ਦੇ ਮੁਖੀ ਡਾ. ਵਿਵੇਕ ਗੁੰਬਰ ਅਤੇ ਉਨ੍ਹਾਂ ਦੀ ਸਪਰਪਿਤ ਟੀਮ ਨੇ ਪਿਛਲੇ ਦਿਨਾਂ ਦੌਰਾਨ ਹਾਈਪੋਵੋਲੈਮਿਕ ਸ਼ਾਕ (ਬਲੱਡ ਪੈ੍ਸ਼ਰ ਰਿਕਾਰਡ ਨਾ ਹੋਣਾ) ਕਾਰਨ ਮੌਤ ਦੇ ਮੂੰਹ ਵਿਚ ਗਏ 47 ਸਾਲਾਂ ਉਮਰ ਦੇ ਵਿਅਕਤੀ ਦਾ ਸਫ਼ਲ ਇਲਾਜ ਕਰਕੇ ਉਸ ਨੂੰ ਮੌਤ ਦੇ ਮੂੰਹ 'ਚੋਂ ਬਾਹਰ ਕੱਢਣ ਵਿੱਚ ਕਾਮਯਾਬ ਰਹੀ ਹੈ। ਡਾ. ਵਿਵੇਕ ਗੁੰਬਰ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਉਕਤ ਮਰੀਜ਼ ਬੇਹੱਦ ਮਾੜੀ ਸਥਿਤੀ ਵਿੱਚ ਕਈ ਹਸਪਤਾਲਾਂ ਦੇ ਚੱਕਰ ਲਗਾ ਕੇ ਢਾਹਾਂ ਕਲੇਰਾਂ ਹਸਪਤਾਲ ਵਿਖੇ ਉਸਦੇ ਪਰਿਵਾਰ ਵੱਲੋਂ ਲਿਆਂਦਾ ਗਿਆ ਸੀ। ਮੁੱਢਲੀ ਜਾਂਚ ਦੌਰਾਨ ਕਰਵਾਏ ਜ਼ਰੂਰੀ ਟੈਸਟਾਂ ਨੇ ਕਰੌਨਿਕ ਅਲਕੋਹਲਿਜ਼ਮ ਬਿਮਾਰੀ ਦੀ ਪੁਸ਼ਟੀ ਕੀਤੀ। ਇਸ ਕਰਕੇ ਮਰੀਜ਼ ਅਲਕੋਹਲ ਦੇ ਪਏ ਬੁਰੇ ਪ੍ਭਾਵਾਂ ਕਾਰਨ ਪੈਦਾ ਹੋਈਆਂ ਅਲਾਮਤਾਂ ਤੋਂ ਵੀ ਪੀੜ੍ਹਤ ਸੀ। ਮਰੀਜ਼ ਨੂੰ ਐਂਮਰਜੈਂਸੀ ਵਿਭਾਗ ਵਿੱਚ ਫ਼ਸਟ ਏਡ ਦੇਣ ਉਪਰੰਤ ਉਸ ਦੀ ਨਾਜ਼ੁਕ ਹਾਲਤ ਹੋਣ ਕਰਕੇ ਫ਼ੌਰੀ ਤੌਰ 'ਤੇ ਆਈ.ਸੀ.ਯੂ. ਵਿਭਾਗ ਵਿੱਚ ਭਰਤੀ ਕਰਕੇ ਤੇ ਵਿਸ਼ੇਸ਼ ਦਵਾਈਆਂ ਅਤੇ ਆਧੁਨਿਕ ਲਾਈਫ ਸੇਵਿੰਗ ਯੰਤਰਾਂ ਨਾਲ ਇਲਾਜ ਸ਼ੁਰੂ ਕੀਤਾ ਗਿਆ । ਡਾ. ਵਿਵੇਕ ਗੁੰਬਰ ਦੀ ਦਿਨ-ਰਾਤ ਦੀ ਮਿਹਨਤ ਰੰਗ ਲਿਆਈ ਸੱਤ ਦਿਨ ਆਈ.ਸੀ.ਯੂ. ਅਤੇ ਤਿੰਨ ਦਿਨ ਐਚ.ਡੀ.ਯੂ. ਵਾਰਡ ਵਿੱਚ ਇਲਾਜ ਤੋਂ ਬਾਅਦ ਉਹ ਮਰੀਜ਼ ਹੁਣ ਤੰਦਰੁਸਤ ਹੈ। ਇਸ ਮੌਕੇ ਮਰੀਜ਼ ਦੇ ਪਰਿਵਾਰਜਨਾਂ ਨੇ ਮੈਡੀਕਲ ਸਪੈਸ਼ਲਿਸਟ ਡਾ. ਵਿਵੇਕ ਗੁੰਬਰ, ਮੈਡੀਕਲ ਅਫ਼ਸਰਾਂ, ਨਰਸਿੰਗ ਸਟਾਫ ਦਾ ਹਾਰਦਿਕ ਧੰਨਵਾਦ ਕੀਤਾ। ਉਨ੍ਹਾਂ ਨੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਦਾ ਵੀ ਮਿਆਰੀ ਇਲਾਜ ਕਰਨ ਲਈ ਡਾਕਟਰੀ ਟੀਮਾਂ ਦੀ ਯੋਗ ਰਹਿਨੁਮਾਈ ਕਰਨ ਲਈ ਤਹਿਦਿਲੋਂ ਧੰਨਵਾਦ ਕੀਤਾ । ਕਾਬਿਲੇਗੌਰ ਹੈ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇੱਕ ਛੱਤ ਹੇਠਾਂ ਸਾਰੇ ਡਾਕਟਰੀ ਵਿਭਾਗ ਮੌਜੂਦ ਹਨ ਜਿਨ੍ਹਾਂ ਦੇ ਮਾਹਿਰ ਡਾਕਟਰ ਸਾਹਿਬਾਨਾਂ ਵੱਲੋਂ ਮਰੀਜ਼ਾਂ ਦਾ ਮਿਆਰੀ ਇਲਾਜ ਹੋ ਰਿਹਾ ਹੈ ।
Click to Follow Babushahi Facebook page →