ਸਰਕਾਰੀ ਸਕੂਲ ਦੋਦਾ ਵਿਖੇ ਨਸ਼ਾ ਵਿਰੋਧੀ ਅਤੇ ਸਾਈਬਰ ਕ੍ਰਾਈਮ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ , 10 ਮਾਰਚ 2026 : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਅਤੇ ਅਪਰਾਧਿਕ ਗਤੀਵਿਧੀਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਅਤੇ “ਗੈਂਗਸਟਰਾਂ ਤੇ ਵਾਰ” ਤਹਿਤ, ਸ੍ਰੀ ਅਭਿਮਨਿਉ ਰਾਣਾ, ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ ਸ੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਏ ਜਾ ਰਹੇ ਹਨ।ਇਸੇ ਤਹਿਤ ਸ੍ਰੀ ਤੇਜਿੰਦਰ ਪਾਲ ਸਿੰਘ, ਡੀਐਸਪੀ ਹੈੱਡਕੁਆਰਟਰ, ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਦਾ ਵਿਖੇ ਵਿਦਿਆਰਥੀਆਂ ਲਈ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਜਿਸ ਦਾ ਮੁੱਖ ਮਕਸਦ ਸਕੂਲੀ ਵਿਦਿਆਰਥੀਆਂ ਨਾਲ ਸਿੱਧੀ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਅਤੇ ਨਸ਼ਿਆਂ ਤੇ ਗੈਂਗਸਟਰਵਾਦ ਦੇ ਖਿਲਾਫ ਚੱਲ ਰਹੀ ਮੁਹਿੰਮ ਬਾਰੇ ਜਾਣਕਾਰੀ ਦੇਣਾ ਸੀ।
ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਡੀਐਸਪੀ ਤੇਜਿੰਦਰ ਪਾਲ ਸਿੰਘ ਨੇ ਕਿਹਾ ਕਿ ਨਸ਼ਾ ਮਨੁੱਖੀ ਜੀਵਨ ਲਈ ਬਹੁਤ ਹੀ ਘਾਤਕ ਹੈ। ਨਸ਼ੇ ਕਾਰਨ ਨਾ ਸਿਰਫ਼ ਇੱਕ ਵਿਅਕਤੀ ਦੀ ਸਿਹਤ ਖ਼ਰਾਬ ਹੁੰਦੀ ਹੈ, ਸਗੋਂ ਉਸਦਾ ਪਰਿਵਾਰ ਅਤੇ ਸਮਾਜ ਵੀ ਇਸਦਾ ਮਾੜਾ ਪ੍ਰਭਾਵ ਭੋਗਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਕਰਨ ਵਾਲੇ ਨੌਜਵਾਨ ਆਪਣਾ ਭਵਿੱਖ ਤਬਾਹ ਕਰ ਲੈਂਦੇ ਹਨ ਅਤੇ ਕਈ ਵਾਰ ਨਸ਼ੇ ਦੀ ਲਤ ਕਾਰਨ ਉਹ ਅਪਰਾਧ ਦੀ ਦੁਨੀਆ ਵੱਲ ਵੀ ਮੁੜ ਜਾਂਦੇ ਹਨ। ਇਸ ਲਈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਖੇਡਾਂ, ਪੜ੍ਹਾਈ ਅਤੇ ਚੰਗੀਆਂ ਗਤੀਵਿਧੀਆਂ ਵੱਲ ਧਿਆਨ ਦੇਣ ਅਤੇ ਨਸ਼ਿਆਂ ਤੋਂ ਪੂਰੀ ਤਰ੍ਹਾਂ ਦੂਰ ਰਹਿਣ।
ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਆਸ-ਪਾਸ ਕੋਈ ਵਿਅਕਤੀ ਨਸ਼ਿਆਂ ਦੀ ਤਸਕਰੀ ਜਾਂ ਗੈਂਗਸਟਰਵਾਦ ਨਾਲ ਜੁੜਿਆ ਹੋਇਆ ਹੈ ਤਾਂ ਇਸ ਸਬੰਧੀ ਪੁਲਿਸ ਨੂੰ ਤੁਰੰਤ ਜਾਣਕਾਰੀ ਦੇਣ ਤਾਂ ਜੋ ਸਮਾਜ ਨੂੰ ਇਨ੍ਹਾਂ ਬੁਰਾਈਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਅਤੇ ਗੈਂਗਸਟਰਵਾਦ ਦੇ ਖਿਲਾਫ ਦੋ ਮਹੱਤਵਪੂਰਨ ਹੈਲਪਲਾਈਨਾਂ ਜਾਰੀ ਕੀਤੀਆਂ ਗਈਆਂ ਹਨ। ਨਸ਼ਿਆਂ ਸਬੰਧੀ ਜਾਣਕਾਰੀ ਦੇਣ ਲਈ ਸੇਫ ਪੰਜਾਬ ਐਂਟੀ ਡਰੱਗ ਹੈਲਪਲਾਈਨ 9779-100-200 ਅਤੇ ਗੈਂਗਸਟਰਾਂ ਬਾਰੇ ਜਾਣਕਾਰੀ ਦੇਣ ਲਈ 93946-93946 ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਨੰਬਰਾਂ ‘ਤੇ ਆਪਣੀ ਜਾਣਕਾਰੀ ਸਾਂਝੀ ਕਰ ਸਕਦੇ ਹਨ ਅਤੇ ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
ਇਸ ਮੌਕੇ ਡੀਐਸਪੀ ਨੇ ਵਿਦਿਆਰਥੀਆਂ ਨੂੰ ਸਾਈਬਰ ਕ੍ਰਾਈਮ ਤੋਂ ਬਚਾਅ ਬਾਰੇ ਵੀ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਅੱਜਕੱਲ੍ਹ ਕਈ ਠੱਗ ਲੋਕਾਂ ਨੂੰ ਫੋਨ ਕਰਕੇ, ਲਿੰਕ ਭੇਜ ਕੇ ਜਾਂ ਓਟੀਪੀ (OTP) ਲੈ ਕੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚੋਂ ਪੈਸੇ ਕੱਢ ਲੈਂਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਅਣਜਾਣ ਵਿਅਕਤੀ ਨਾਲ ਆਪਣਾ ਓਟੀਪੀ, ਬੈਂਕ ਡੀਟੇਲ ਜਾਂ ਪਾਸਵਰਡ ਸਾਂਝਾ ਨਾ ਕੀਤਾ ਜਾਵੇ ਅਤੇ ਕਿਸੇ ਵੀ ਸ਼ੱਕੀ ਕਾਲ ਜਾਂ ਲਿੰਕ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਜੇਕਰ ਕਿਸੇ ਨਾਲ ਸਾਈਬਰ ਠੱਗੀ ਹੁੰਦੀ ਹੈ ਤਾਂ ਤੁਰੰਤ ਪੁਲਿਸ ਜਾਂ ਸਾਈਬਰ ਕ੍ਰਾਈਮ ਹੈਲਪਲਾਈਨ ‘ਤੇ ਸੰਪਰਕ ਕੀਤਾ ਜਾਵੇ।
ਇਸ ਮੌਕੇ ਹੌਲਦਾਰ ਜਗਵਿੰਦਰ ਸਿੰਘ ਸਾਂਝ ਕੇਂਦਰ ਅਤੇ ਸਾਂਝ ਕੇਂਦਰ ਸਟਾਫ ਹਾਜ਼ਰ ਸੀ।ਅੰਤ ਵਿੱਚ ਡੀਐਸਪੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਬਣਾਉਣ ਲਈ ਪੁਲਿਸ ਦਾ ਸਹਿਯੋਗ ਕਰਨ ਅਤੇ ਆਪਣੇ ਆਸ-ਪਾਸ ਹੋ ਰਹੀਆਂ ਗਲਤ ਗਤੀਵਿਧੀਆਂ ਬਾਰੇ ਪੁਲਿਸ ਨੂੰ ਜਾਣਕਾਰੀ ਦੇਣ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਲੋਕਾਂ ਦੇ ਸਾਂਝੇ ਯਤਨਾਂ ਨਾਲ ਹੀ ਸਮਾਜ ਵਿੱਚ ਅਮਨ-ਕਾਨੂੰਨ ਅਤੇ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।
Click to Follow Babushahi Facebook page →