ਕਾਂਗਰਸੀ ਆਗੂਆਂ ਨੇ ਕਟਹਿਰੇ ਵਿੱਚ ਖੜ੍ਹਾਈਆਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ
ਅਸ਼ੋਕ ਵਰਮਾ
ਬਠਿੰਡਾ 5ਮਾਰਚ 2026 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਦਾਇਤਾਂ 'ਤੇ ਕਾਂਗਰਸ ਭਵਨ ਵਿਖੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿੱਚ ਐਸਸੀ ਸੈਲ ਪੰਜਾਬ ਦੇ ਚੇਅਰਮੈਨ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਪ੍ਰੈਸ ਕਾਨਫਰਸ ਦੌਰਾਨ ਕਿਹਾ ਕਿ ਮੈਂ ਕੇਂਦਰ ਦੀ ਮੋਦੀ ਸਰਕਾਰ ਨਵੀਂ ਮਨਰੇਗਾ ਸਕੀਮ ਤਹਿਤ ਜਿੱਥੇ ਮਹਾਤਮਾ ਗਾਂਧੀ ਦੇ ਨਾਮ ਨੂੰ ਕੱਢ ਕੇ ਦੇਸ਼ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ ਉੱਥੇ ਹੀ ਕਿਸਾਨਾਂ ਅਤੇ ਮਜ਼ਦੂਰਾਂ ਦਾ ਹੱਕ ਖੋਹਣ ਦੇ ਨਵੇਂ ਕਾਨੂੰਨ ਖੋਏ ਜਾ ਰਹੇ ਹਨ । ਕੁਲਦੀਪ ਵੈਦ ਨੇ ਪੰਜਾਬ ਤੋਂ ਔਰਤਾਂ ਦੇ ਪਿਛਲੇ ਚਾਰ ਮਹੀਨਿਆਂ ਦੇ 48 ਹਜਾਰ ਰੁਪਏ ਬਕਾਇਆ ਮਹਿਲਾ ਦਿਵਸ ਮੌਕੇ ਜਾਰੀ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਮਾਨ ਸਰਕਾਰ ਚੋਣਵੇ ਵਰਗ ਨੂੰ ਨਿਸ਼ਾਨਾ ਬਣਾ ਕੇ ਇੱਕ ਹਜਾਰ ਰੁਪਏ ਮਹਿਜ ਇੱਕ ਮਹੀਨੇ ਦਾ ਜਾਰੀ ਕਰਕੇ ਖਾਨਾ ਪੂਰਤੀ ਕਰਦੀ ਹੈ ਤਾਂ ਇਸ ਨੂੰ ਚੋਣ ਸਟੰਟ ਹੀ ਸਮਝਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਕਿਉਂਕਿ ਆਮ ਆਦਮੀ ਪਾਰਟੀ ਨੇ ਚੋਣਾਂ ਵੇਲੇ ਐਲਾਨ ਕੀਤਾ ਸੀ ਕਿ ਇੱਕ ਹਜਾਰ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਜੋ ਅੱਜ ਮਹਿਲਾਵਾਂ ਦਾ ਚਾਰ ਸਾਲ ਪੂਰੇ ਹੋਣ ਤੇ 48 ਹਜਾਰ ਰੁਪਆ ਬਣਦਾ ਉਹ ਜਾਰੀ ਕੀਤਾ ਜਾਵੇ। ਇਸ ਮੌਕੇ ਉਹਨਾਂ 10 ਲੱਖ ਰੁਪਏ ਬੀਮਾ ਯੋਜਨਾ ਤੇ ਸਵਾਲ ਚੱਕਦੇ ਹੋਏ ਕਿਹਾ ਕਿ ਹੁਣ ਤੱਕ ਦੀਆਂ ਰਿਪੋਰਟਾਂ ਅਨੁਸਾਰ ਇੱਕ ਵੀ ਪੰਜਾਬੀ ਦਾ 10 ਲੱਖ ਰੁਪਏ ਦੇ ਮੁਫਤ ਬੀਮਾ ਕਾਰਡ ਨਾਲ ਇਲਾਜ ਤਹਿਤ ਨਹੀਂ ਹੋਇਆ ਜਿਸ ਤੋਂ ਮੁੱਖ ਮੰਤਰੀ ਦਾ ਇਹ ਚੋਣ ਸਟੰਟ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਪੰਜ ਮਿੰਟ ਵਿੱਚ ਐਮਐਸਪੀ ਦੇਣ ਵਾਲੀਆਂ ਗੱਲਾਂ ਪੂਰੀਆਂ ਨਹੀਂ ਹੋਈਆਂ ਹਨ । ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਹੋਰ ਵੀ ਕਈ ਤਰ੍ਹਾਂ ਦੀਆਂ ਗਰੰਟੀਆਂ ਦਿੱਤੀਆਂ ਗਈਆਂ ਸਨ ਜਿਨ੍ਹਾਂ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ ਹੈ ਇਸ ਲਈ ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਦੇ ਵੀ ਮੁਆਫ ਨਹੀਂ ਕਰਨਗੇ।
ਇਸ ਮੌਕੇ ਉਹਨਾਂ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਭਾਰਤ ਅਮਰੀਕਾ ਟ੍ਰੇਡ ਐਗਰੀਮੈਂਟ ਦੇਸ਼ ਦੇ ਖੇਤੀ ਅਤੇ ਕਿਸਾਨ ਮਜ਼ਦੂਰ ਵਿਰੋਧੀ ਫੈਸਲਾ ਹੈ ਜਿਸ ਨੂੰ ਕਾਂਗਰਸ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਇਸ ਨੂੰ ਮੁੱਢਲੇ ਤੌਰ ਤੇ ਰੱਦ ਕਰਨ ਦੀ ਮੰਗ ਕਰਦੀ ਹੈ ਕਿਉਂਕਿ ਭਾਰਤ ਦੇ ਕਿਸਾਨ ਮਜ਼ਦੂਰ ਪੂਰੀ ਦੁਨੀਆ ਵਿੱਚ ਆਪਣਾ ਅਨਾਜ ਪਹੁੰਚਾਉਣ ਦਾ ਦਮ ਰੱਖਦੇ ਹਨ ਪਰ ਜਿਸ ਤਰੀਕੇ ਨਾਲ ਮੋਦੀ ਨੇ ਵਿਰੋਧੀ ਦੇਸ਼ਾਂ ਅੱਗੇ ਗੋਡੇ ਟੇਕਕੇ ਇਹ ਫੈਸਲਾ ਕੀਤਾ ਹੈ ਉਹ ਕਿਸਾਨ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਖਾਸ ਕਰਕੇ ਪੰਜਾਬ ਉਹ ਦੇਸ਼ ਹੈ ਜੋ ਪੂਰੀ ਦੁਨੀਆਂ ਨੂੰ ਕਪਾਹ ਨਰਮਾ ਝੋਨਾ ਅਤੇ ਹੋਰ ਫਸਲਾਂ ਤੇ ਫਲ ਫਰੂਟ ਮੁਹੱਈਆ ਕਰਾਉਣ ਦਾ ਦਮ ਰੱਖਦਾ ਹੈ। ਉਨ੍ਹਾਂ ਕਿਹਾ ਕਿ
ਇਹ ਫੈਸਲਾ ਕਿਸਾਨਾਂ ਦੇ ਹਿੱਤਾਂ ਦੇ ਉਲਟ ਹੈ ਅਤੇ ਦੇਸ਼ ਦੀ ਸੁਰੱਖਿਆ ਲਈ ਵੀ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਰੂਸ ਅਤੇ ਇਰਾਨ ਤੋਂ ਤੇਲ ਨਾ ਖਰੀਦਣ ਦੀ ਸ਼ਰਤ ਵੀ ਦੇਸ਼ ਲਈ ਘਾਤਕ ਹੈ ਜਿਸ ਨਾਲ ਭਾਰਤ ਦੇ ਖਜ਼ਾਨੇ ਤੇ ਬੋਝ ਵਧੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੂੰ ਉਜਾਗਰ ਕਰਨਾ ਅਤੇ ਲੋਕਾਂ ਦੇ ਹਿੱਤਾਂ ਦੀ ਪਹਿਰੇਦਾਰੀ ਕਰਨ ਲਈ ਪੂਰੀ ਡਟ ਕੇ ਪਹਿਰਾ ਦੇਣ ਲਈ ਵਚਨਬੱਧ ਹੈ।
Click to Follow Babushahi Facebook page →