ਸ਼ਹਿਰੀ ਸਿਹਤ ਕੇਂਦਰ ਬੇਅੰਤ ਨਗਰ ਵਿਖੇ ਆਸ਼ਾ ਵਰਕਰਾਂ ਨੂੰ ਟੀਕਾਕਰਣ ਸਬੰਧੀ ਦਿੱਤੀ ਸਿਖਲਾਈ
ਅਸ਼ੋਕ ਵਰਮਾ
ਬਠਿੰਡਾ, 26 ਫਰਵਰੀ 2026 : ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾ ਅਤੇ ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ ਦੀ ਅਗਵਾਈ ਹੇਠ ਰਾਸ਼ਟਰੀ ਟੀਕਾਕਰਣ ਪ੍ਰੋਗਰਾਮ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਆਸ਼ਾ ਵਰਕਰਾਂ ਨੂੰ ਅਰਬਨ ਸਿਹਤ ਕੇਂਦਰ ਬੇਅੰਤ ਨਗਰ ਵਿਖੇ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ। ਜਿਸ ਦਾ ਉਦੇਸ਼ ਮਾਤਾ ਅਤੇ ਬੱਚਿਆਂ ਦੀ ਸਿਹਤ ਸੁਰੱਖਿਆ ਨੂੰ ਮਜ਼ਬੂਤ ਕਰਨਾ ਸੀ।
ਸਿਵਲ ਸਰਜਨ ਡਾ ਤਪਿੰਦਰਜੋਤ ਨੇ ਦੱਸਿਆ ਕਿ ਟ੍ਰੇਨਿੰਗ ਦੌਰਾਨ ਆਸ਼ਾ ਵਰਕਰਾਂ ਨੂੰ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦੇ ਨਿਯਮਿਤ ਟੀਕਾਕਰਣ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਟੀਕਾਕਰਣ ਸਾਰਣੀ (Immunization Schedule), ਟੀਕਿਆਂ ਦੀ ਸਹੀ ਸੰਭਾਲ (ਕੋਲਡ ਚੇਨ ਪ੍ਰਬੰਧਨ), ਟੀਕਾਕਰਣ ਤੋਂ ਬਾਅਦ ਆਉਣ ਵਾਲੇ ਹਲਕੇ ਪ੍ਰਭਾਵਾਂ (AEFI) ਅਤੇ ਉਨ੍ਹਾਂ ਦੀ ਸੰਭਾਲ ਬਾਰੇ ਵੀ ਸਮਝਾਇਆ ਗਿਆ।
ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਆਸ਼ਾ ਵਰਕਰ ਪਿੰਡ ਪੱਧਰ ’ਤੇ ਸਿਹਤ ਸੇਵਾਵਾਂ ਦੀ ਮਜ਼ਬੂਤ ਕੜੀ ਹਨ ਅਤੇ ਉਨ੍ਹਾਂ ਦੀ ਸਰਗਰਮ ਭੂਮਿਕਾ ਨਾਲ ਟੀਕਾਕਰਣ ਕਵਰੇਜ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਆਸ਼ਾ ਵਰਕਰਾਂ ਨੂੰ ਘਰ-ਘਰ ਜਾ ਕੇ ਮਾਤਾ-ਪਿਤਾ ਨੂੰ ਟੀਕਾਕਰਣ ਲਈ ਪ੍ਰੇਰਿਤ ਕਰਨ ਅਤੇ ਛੁੱਟੇ ਬੱਚਿਆਂ ਦੀ ਪਛਾਣ ਕਰਕੇ ਉਨ੍ਹਾਂ ਦਾ ਟੀਕਾਕਰਣ ਯਕੀਨੀ ਬਣਾਉਣ ਲਈ ਕਿਹਾ।
ਟ੍ਰੇਨਿੰਗ ਦੌਰਾਨ ਸਵਾਲ-ਜਵਾਬ ਸੈਸ਼ਨ ਵੀ ਰੱਖਿਆ ਗਿਆ ਜਿਸ ਵਿੱਚ ਆਸ਼ਾ ਵਰਕਰਾਂ ਨੇ ਆਪਣੇ ਸੰਦੇਹ ਦੂਰ ਕੀਤੇ। ਸਿਹਤ ਅਧਿਕਾਰੀਆਂ ਨੇ ਵਿਸ਼ਵਾਸ ਜਤਾਇਆ ਕਿ ਇਸ ਟ੍ਰੇਨਿੰਗ ਨਾਲ ਟੀਕਾਕਰਣ ਮੁਹਿੰਮ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਮਾਤਾ-ਬੱਚਾ ਮੌਤ ਦਰ ਵਿੱਚ ਘਟਾਓ ਆਵੇਗਾ।
Click to Follow Babushahi Facebook page →