ਜਮਾਨਤ ਮਨਜ਼ੂਰ ਹੋਣ ਤੋਂ ਬਾਅਦ ਕਿਸਾਨ ਆਗੂਆਂ ਦੀ ਰਿਹਾਈ ਨਾ ਹੋਣ ਕਾਰਨ ਰੋਸ ਮੁਜ਼ਾਹਰਾ
ਅਸ਼ੋਕ ਵਰਮਾ
ਬਠਿੰਡਾ, 19 ਫਰਵਰੀ 2026 :ਬਠਿੰਡਾ ਜੇਲ੍ਹ ਵਿੱਚ ਬੰਦ ਦੋ ਕਿਸਾਨਾਂ ਦੀ ਮਾਣਯੋਗ ਹਾਈਕੋਰਟ ਵੱਲੋਂ ਜਮਾਨਤ ਮਨਜ਼ੂਰ ਹੋਣ ਤੋਂ ਬਾਅਦ ਵੀ ਹਾਈਕੋਰਟ ਦੇ ਲਿਖਤੀ ਆਰਡਰ ਨਾ ਹੋਣ ਕਾਰਨ ਅੱਜ ਰਿਹਾਈ ਦੀ ਪੂਰੀ ਕਾਰਵਾਈ ਨਾ ਹੋਣ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਪਿੰਡ ਗੋਬਿੰਦਪੁਰਾ ਵਿਖੇ ਇਕੱਠੇ ਹੋ ਕੇ ਪਿੰਡ ਵਿੱਚ ਰੋਸ ਮੁਜਾਹਰਾ ਕੀਤਾ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਔਰਤ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਜ਼ਿਲ੍ਹਾ ਬਠਿੰਡਾ ਪ੍ਰਸ਼ਾਸਨ ਵੱਲੋਂ ਕਿਸਾਨ ਆਗੂਆਂ ਤੇ ਝੂਠਾ ਪੁਲਿਸ ਕੇਸ ਦਰਜ ਕਰ ਕੇ ਸਾਢੇ ਦਸ ਮਹੀਨਿਆਂ ਤੋਂ ਬਠਿੰਡਾ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ।ਬਠਿੰਡਾ ਜਿਲ੍ਹਾ ਪ੍ਰਸ਼ਾਸ਼ਨ ਉਹਨਾਂ ਦੀ ਰਿਹਾਈ ਲਈ ਕਿਸਾਨ ਆਗੂਆਂ ਨਾਲ ਮੀਟਿੰਗਾਂ ਦੌਰਾਨ ਤਾਂ ਛੇਤੀ ਰਿਹਾਈ ਕਰਨ ਦੇ ਵਾਅਦੇ ਕਰਦਾ ਰਿਹਾ ਪਰ ਇਸ ਦੇ ਉਲਟ ਕਾਨੂੰਨੀ ਤੌਰ ਤੇ ਪੂਰੇ ਅੜਿੱਕੇ ਡਾਹੇ ਗਏ ।
ਉਹਨਾਂ ਕਿਹਾ ਕਿ ਬੁੱਧਵਾਰ ਨੂੰ ਵੀ ਹਾਈ ਕੋਰਟ ਵਿੱਚ ਜਮਾਨਤ ਵੇਲੇ ਪ੍ਰਸ਼ਾਸਨ ਵੱਲੋਂ ਰਿਹਾਈ ਕਰਾਉਣ ਦੇ ਵਾਅਦੇ ਦੇ ਉਲਟ ਅਦਾਲਤ ਵਿੱਚ ਜਮਾਨਤ ਰੱਦ ਹੋਣ ਲਈ ਪੂਰਾ ਜ਼ੋਰ ਲਾਇਆ ਗਿਆ ਜਿਸ ਨੂੰ ਕਿਸਾਨ ਆਗੂਆਂ ਦੇ ਵਕੀਲਾਂ ਨੇ ਸਰਕਾਰ ਦੇ ਵਕੀਲ ਦੀਆਂ ਦਲੀਲਾਂ ਦੀ ਬਹਿਸ ਕਰ ਕੇ ਮਾਨਯੋਗ ਅਦਾਲਤ ਤੋਂ ਜਮਾਨਤ ਮਨਜ਼ੂਰ ਕਰਵਾਈ ਗਈ। ਉਹਨਾ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਲਮਾਂ ਸਮਾਂ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਡੱਕ ਕੇ ਉਹਨਾਂ ਦਾ ਮਨੋਬਲ ਡੇਗਣ ਰਾਹੀਂ ਦਹਿਸ਼ਤ ਪਾਉਣਾ ਚਾਹੁੰਦੀ ਹੈ ਤਾਂ ਕਿ ਕੋਈ ਵੀ ਆਪਣੀ ਹੱਕਾਂ ਦੀ ਆਵਾਜ਼ ਨਾ ਉਠਾ ਸਕੇ।
ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸਰਕਾਰ ਦਾ ਭਰਮ ਹੈ ਸੱਚ ਦੀ ਆਵਾਜ਼ ਕਦੇ ਵੀ ਦਬਾਈ ਨਹੀਂ ਜਾ ਸਕਦੀ। ਪਹਿਲਾਂ ਵੀ ਹਕੂਮਤਾਂ ਵੱਲੋਂ ਲੋਕਾਂ ਤੇ ਬਹੁਤ ਜਬਰ ਕੀਤੇ ਗਏ, ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਪਰ ਸੱਚ ਦੀ ਆਵਾਜ਼ ਦਬਾਈ ਨਹੀਂ ਜਾ ਸਕੀ ਤੇ ਜਾਰੀ ਹੈ। ਅੱਜ ਦੇ ਇਕੱਠ ਵਿੱਚ ਜਿਲਾ ਬਰਨਾਲਾ ਦੇ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਔਰਤ ਜਥੇਬੰਦੀ ਦੇ ਆਗੂ ਕਮਲਜੀਤ ਕੌਰ ਬਰਨਾਲਾ ਸਮੇਤ ਦੋਵੇਂ ਜਿਲ੍ਹਿਆਂ ਦੇ ਮੁੱਖ ਆਗੂ ਸ਼ਾਮਲ ਸਨ। ਕਿਸਾਨ ਆਗੂਆਂ ਨੇ ਸਮੂਹ ਇਨਸਾਫ਼ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੱਲ੍ਹ ਨੂੰ ਕਿਸਾਨ ਆਗੂਆਂ ਦੀ ਰਿਹਾਈ ਮੋਕੇ ਸਨਮਾਨ ਲਈ ਪਹੁੰਚਣ।