ਸਿਹਤ ਵਿਭਾਗ ਬਠਿੰਡਾ ਨੇ ਰਾਸ਼ਟਰੀ ਕੁਸ਼ਟ ਦਿਵਸ ਮਨਾਇਆ
ਅਸ਼ੋਕ ਵਰਮਾ
ਬਠਿੰਡਾ, 30 ਜਨਵਰੀ 2026 : ਭਾਰਤ ਸਰਕਾਰ ਵਲੋਂ ਨੈਸ਼ਨਲ ਲੈਪਰੋਸੀ ਰਿਡੀਕੇਸ਼ਨ ਪ੍ਰੋਗਰਾਮ (ਐਨ ਐਲ ਈ ਪੀ) ਤਹਿਤ ਕੁਸ਼ਟ ਰੋਗ ਦੇ ਖਾਤਮੇ ਲਈ ਚਲਾਏ ਜਾ ਰਹੇ ਸਪਰਸ਼ ਲੈਪਰੋਸੀ ਜਾਗਰੂਕਤਾ ਪ੍ਰੋਗਰਾਮ ਅਧੀਨ ਮਿਤੀ 30 ਜਨਵਰੀ ਤੋਂ 13 ਫਰਵਰੀ ਤੱਕ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਸਿਹਤ ਵਿਭਾਗ ਵਲੋਂ ਜਾਗਰੁਕਤਾ ਰੈਲੀਆਂ, ਗਰੁੱਪ ਮੀਟਿੰਗਾਂ ਕਰਕੇ ਆਮ ਲੋਕਾਂ ਨੂੰ ਕੁਸ਼ਟ ਰੋਗ ਸੰਬੰਧੀ ਜਾਗਰੂਕ ਕਰਨ ਤੋਂ ਇਲਾਵਾ ਪ੍ਰਵਾਸੀ ਮਜਦੂਰਾਂ ਦੇ ਰਿਹਾਇਸ਼ੀ ਖੇਤਰਾਂ ਵਿਚ ਸਰਵੇ ਕੀਤਾ ਜਾਵੇਗਾ, ਜੇਕਰ ਕੋਈ ਸ਼ੱਕੀ ਲੱਛਣ ਵਾਲਾ ਵਿਅਕਤੀ ਮਿਲਦਾ ਹੈ ਤਾਂ ਉਸਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਵੇਗਾ ।ਇਸ ਸਬੰਧ ਵਿਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲਿਦਾਨ ਦਿਵਸ ਮੌਕੇ ਅੱਜ ਸਿਵਲ ਸਰਜਨ ਡਾ. ਤਪਿੰਦਰਜੋਤ ਦੀ ਅਗਵਾਈ ਹੇਠ ਜੀ.ਐਨ.ਐਮ ਟ੍ਰੇਨਿੰਗ ਸਕੂਲ ਵਿਖੇ ਲੈਪਰੋਸੀ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿਚ ਸਿਹਤ ਵਿਭਾਗ ਦੇ ਅਧਿਕਾਰੀ, ਕਰਮਚਾਰੀ ਅਤੇ ਜੀ ਐਨ ਐਮ ਟ੍ਰੇਨਿੰਗ ਸਕੂਲ ਦੇ ਸਟਾਫ ਸਮੇਤ ਵਿਦਿਆਰਥੀ ਸ਼ਾਮਿਲ ਹੋਏ। ਇਸ ਮੌਕੇ ਸਮੂਹ ਹਾਜ਼ਰੀਨ ਨੂੰ ਕੁਸ਼ਟ ਰੋਗ ਦੇ ਮਰੀਜਾਂ ਨਾਲ ਕਿਸੇ ਵੀ ਪ੍ਰਕਾਰ ਦੇ ਭੇਦਭਾਵ ਨਾ ਕਰਨ ਦੀ ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਵੱਲੋਂ ਸਹੁੰ ਵੀ ਚੁਕਾਈ ਗਈ।
ਇਸ ਸਮੇਂ ਸਮੂਹ ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਅਤੇ ਜਿਲ੍ਹਾ ਲੈਪਰੋਸੀ ਅਫਸਰ ਡਾ. ਸੀਮਾ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਸ਼ਟ ਰੋਗ ਇਲਾਜਯੋਗ ਹੈ। ਉਨ੍ਹਾ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੀ ਚਮੜੀ ਤੇ ਤਾਂਬੇ ਰੰਗ ਦੇ ਸੁੰਨ ਧੱਬੇ, ਚਮੜੀ ਦਾ ਸੁੰਨਾਪਣ, ਨਸਾਂ ਮੋਟੀਆਂ ਅਤੇ ਸਖਤ, ਚਮੜੀ ਤੇ ਠੰਡੇ ਅਤੇ ਗਰਮ ਦਾ ਪਤਾ ਨਾ ਲੱਗਣਾ, ਨਾ ਠੀਕ ਹੋਣ ਵਾਲੇ ਜਖਮ ਹੋ ਜਾਣ ਤਾਂ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜਾ ਕੇ ਚੈਕਅੱਪ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅੱਖਾਂ ਵਿਚ ਇਹ ਬੀਮਾਰੀ ਹੋਣ 'ਤੇ ਅੱਖ ਪੂਰੀ ਤਰ੍ਹਾਂ ਬੰਦ ਨਹੀਂ ਹੁੰਦੀ ਜਿਸ ਕਾਰਨ ਅੱਖਾਂ ਵਿਚ ਚਿੱਟਾ ਪੈ ਜਾਂਦਾ ਹੈ ਤੇ ਮਰੀਜ਼ ਦੇ ਦੇਖਣ ਦੀ ਸ਼ਕਤੀ 'ਤੇ ਬੁਰਾ ਅਸਰ ਪੈਂਦਾ ਹੈ। ਉਹਨਾਂ ਇਲਾਜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁ-ਔਸ਼ਧੀ ਇਲਾਜ, ਕੁਸ਼ਟ ਰੋਗ ਦਾ ਸੌ ਫੀਸਦੀ ਸ਼ਰਤੀਆ ਇਲਾਜ ਹੈ। ਇਹ ਇਲਾਜ ਹਰ ਕੇਂਦਰ 'ਤੇ ਸਰਕਾਰ ਵਲੋਂ ਮੁਫ਼ਤ ਪ੍ਰਦਾਨ ਕੀਤਾ ਜਾਂਦਾ ਹੈ। ਸਿਹਤ ਵਿਭਾਗ ਦਾ ਟੀਚਾ ਜੀਰੋ ਲੈਪਰੋਸੀ ਟਰਾਸ਼ਮਿਸਨ ਹੈ। ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕੁਸ਼ਟ ਰੋਗੀਆਂ ਦੀ ਜਾਂਚ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਪ੍ਰਿੰਸੀਪਲ ਜੀ.ਐਨ.ਐਮ ਟ੍ਰੇਨਿੰਗ ਸਕੂਲ ਮੰਗਲਾ ਰਾਣੀ, ਬੀ.ਈ.ਈ ਪਵਨਜੀਤ ਕੌਰ ਅਤੇ ਹਰਜਿੰਦਰ ਕੌਰ, ਅਜੈਬ ਸਿੰਘ ਲੈਪਰੋਸੀ ਸੁਪਰਵਾਈਜਰ ਅਤੇ ਜੀ.ਐਨ.ਐਮ ਟ੍ਰੇਨਿੰਗ ਸਕੂਲ ਦੇ ਅਧਿਆਪਕ ਹਾਜ਼ਰ ਸਨ।