ਕਾਂਗਰਸ ਦੇ ਸਥਾਪਨਾ ਦਿਵਸ ਮੌਕੇ ਕਾਂਗਰਸੀ ਆਗੂਆਂ ਨੇ ਜਿਤਾਇਆ ਵਾਰਡਬੰਦੀ ਤੇ ਇਤਰਾਜ਼
ਅਸ਼ੋਕ ਵਰਮਾ
ਬਠਿੰਡਾ, 28ਦਸੰਬਰ 2025 : ਸ਼ਹਿਰੀ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਅੱਜ ਕਾਂਗਰਸ ਭਵਨ ਵਿਖੇ ਮਨਾਏ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਕਾਂਗਰਸੀ ਆਗੂਆਂ ਨੇ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਤੋਂ ਪਹਿਲਾਂ ਸ਼ਹਿਰ ਵਿੱਚ ਕੀਤੀ ਗਈ ਵਾਰਡਬੰਦੀ ਨੂੰ ਲੈ ਕੇ ਇਤਰਾਜ ਜਤਾਏ ਅਤੇ ਮਸਲਾ ਹੱਲ ਨਾ ਹੋਣ ਦੀ ਸੂਰਤ ਵਿੱਚ ਹਾਈਕੋਰਟ ਜਾਣ ਦੀਆਂ ਚੇਤਾਵਨੀਆਂ ਦਿੱਤੀਆਂ। ਇਸ ਤੋਂ ਪਹਿਲਾਂ ਕੀਤੀ ਇੱਕ ਮੀਟਿੰਗ ਦੌਰਾਨ ਸ਼ਹਿਰੀ ਪ੍ਰਧਾਨ ਰਾਜਨ ਗਰਗ ਨੇ ਨਗਰ ਨਿਗਮ ਚੋਣਾਂ ਸਬੰਧੀ ਰਣਨੀਤੀ ਵੀ ਘੜੀ ਅਤੇ ਆਗੂਆਂ ਨਾਲ ਵਿਚਾਰ ਵਟਾਂਦਰਾ ਕੀਤਾ। ਉਹਨਾਂ ਕਾਂਗਰਸੀ ਆਗੂਆਂ ਨੂੰ ਨਗਰ ਨਿਗਮ ਚੋਣਾਂ ਲਈ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ।
ਇਸ ਮੌਕੇ ਕਾਂਗਰਸੀ ਆਗੂਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ 1885 ਵਿੱਚ ਹੋਂਦ ਵਿੱਚ ਆਈ ਕਾਂਗਰਸ ਨੂੰ ਅੱਗੇ ਲਿਜਾਣ ਲਈ ਸ਼੍ਰੀਮਤੀ ਇੰਦਰਾ ਗਾਂਧੀ ਅਤੇ ਰਜੀਵ ਗਾਂਧੀ ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂਆਂ ਨੇ ਕੁਰਬਾਨੀਆਂ ਦਿੱਤੀਆਂ ਅਤੇ ਮਨਰੇਗਾ ਵਰਗੀਆਂ ਯੋਜਨਾਵਾਂ ਲਿਆਂਦੀਆਂ ਪਰ ਮੌਜੂਦਾ ਭਾਜਪਾ ਸਰਕਾਰ ਗਰੀਬ ਮਜ਼ਦੂਰਾਂ ਪੱਖੀ ਇਸ ਯੋਜਨਾ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ।ਉਹਨਾਂ ਕਿਹਾ ਕਿ ਭਾਜਪਾ ਸਰਕਾਰ ਦੀਆਂ ਇਹ ਮਾੜੀਆਂ ਨੀਤੀਆਂ ਕਿਸੇ ਵੀ ਕੀਮਤ ਤੇ ਬਰਦਾਸ਼ਤਯੋਗ ਨਹੀਂ ਹੈ ਅਤੇ ਕਾਂਗਰਸ ਇਸ ਖਿਲਾਫ ਸੰਘਰਸ਼ ਕਰਦੀ ਰਹੇਗੀ।
ਇਸ ਮੌਕੇ ਰਾਜਨ ਗਰਗ ਨੇ ਸਮੁੱਚੀ ਕਾਂਗਰਸ ਲੀਡਰਸ਼ਿਪ ਅਤੇ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਅਤੇ ਲੀਡਰਸ਼ਿਪ ਨੂੰ ਹਦਾਇਤ ਦਿੱਤੀ ਕਿ ਉਹ ਕੱਲ ਨੂੰ ਨਗਰ ਨਿਗਮ ਦਫਤਰ ਵਿਖੇ ਪਹੁੰਚ ਕੇ ਆਪਣੇ ਇਤਰਾਜ਼ ਨੋਟ ਕਰਾਉਣ ਤੇ ਉਸਦੀ ਕਾਪੀ ਕਾਂਗਰਸ ਭਵਨ ਵਿਖੇ ਜਮਾ ਕਰਵਾਉਣ। ਉਹਨਾਂ ਕਿਹਾ ਕਿ ਜੇਕਰ ਅਫਸਰ ਸ਼ਾਹੀ ਨੇ ਸਰਕਾਰੀ ਦਬਾਅ ਹੇਠ ਕਾਂਗਰਸ ਪਾਰਟੀ ਦੇ ਨੋਟ ਕਰਵਾਏ ਇਤਰਾਜ ਦੂਰ ਨਾ ਕੀਤੇ ਤਾਂ ਉਹ ਅਦਾਲਤ ਵਿੱਚ ਜਾਣ ਲਈ ਮਜਬੂਰ ਹੋਣਗੇ ਅਤੇ ਸਰਕਾਰ ਨੂੰ ਨਿਗਮ ਚੋਣਾਂ ਵਿੱਚ ਧੱਕੇਸ਼ਾਹੀ ਨਹੀਂ ਕਰਨ ਦਿੱਤੀ ਜਾਵੇਗੀ।
ਇਸ ਮੌਕੇ ਉਹਨਾਂ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਵਾਰਡਬੰਦੀ ਬਣਾਉਣ ਦਾ ਸੁਨੇਹਾ ਦਿੱਤਾ ਅਤੇ ਨਕਸ਼ੇ ਦੀ ਕਾਪੀ ਕਾਂਗਰਸ ਭਵਨ ਵਿਖੇ ਪਹੁੰਚਾਉਣ ਦੀ ਹਦਾਇਤ ਵੀ ਦਿੱਤੀ। ਇਸ ਮੌਕੇ ਉਹਨਾਂ ਕਾਂਗਰਸ ਪਾਰਟੀ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਸਮੁੱਚੇ ਵਰਕਰਾਂ ,ਅਹੁਦੇਦਾਰਾਂ, ਲੀਡਰਸ਼ਿਪ ਨੂੰ ਵਧਾਈ ਵੀ ਦਿੱੱਤੀ । ਇਸ ਮੌਕੇ ਕੇਕੇ ਅਗਰਵਾਲ, ਅਸ਼ੋਕ ਕੁਮਾਰ, ਟਹਿਲ ਸਿੰਘ ਸੰਧੂ, ਪਵਨ ਮਾਨੀ , ਹਰਵਿੰਦਰ ਲੱਡੂ ,ਬਲਜਿੰਦਰ ਸਿੰਘ ਠੇਕੇਦਾਰ, ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਸਾਬਕਾ ਮੇਅਰ ਬਲਵੰਤ ਰਾਏ ਨਾਥ, ਸੁਖਦੇਵ ਸਿੰਘ ਸੁੱਖਾ, ਕੌਂਸਲਰ ਮਲਕੀਤ ਸਿੰਘ ਅਤੇ ਹਰਮਨ ਕੋਟ ਫੱਤਾ ਸਮੇਤ ਵੱਡੀ ਗਿਣਤੀ ਆਗੂ ਅਤੇ ਵਰਕਰ ਹਾਜ਼ਰ ਸਨ।