ਆਪਣੀਆਂ ਮੰਗਾਂ ਨੂੰ ਲੈ ਕੇ ਵੈਟਰਨਰੀ ਡਾਕਟਰਾਂ ਨੇ ਦੂਸਰੇ ਦਿਨ ਵੀ ਵੈਟਰਨਰੀ ਸੇਵਾਵਾਂ ਕੀਤੀਆਂ ਠੱਪ
ਸਰਕਾਰ ਡਾਕਟਰਾਂ ਦੀਆਂਂ ਮੰਗਾਂ ਵੱਲ ਤੁਰੰਤ ਧਿਆਨ ਦੇਵੇ- ਡਾ਼ ਢਿੱਲੋਂ
ਰਾਜਨ ਮਾਨ
ਅੰਮ੍ਰਿਤਸਰ,24 ਦਸੰਬਰ
ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ ਪੈਰਿਟੀ ਦੇ ਸੱਦੇ ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਵੈਟਰਨਰੀ ਡਾਕਟਰਾਂ ਵੱਲੋਂ ਅੱਜ ਦੂਜੇ ਦਿਨ ਪਸ਼ੂ ਪਾਲਣ ਵਿਭਾਗ ਦੀਆਂ ਸਾਰੀਆਂ ਵੈਟਰਨਰੀ ਸੇਵਾਵਾਂ ਨੂੰ ਠੱਪ ਰੱਖਿਆ ਗਿਆ। ਜ਼ਿਲ੍ਹੇ ਵਿੱਚ ਓ.ਪੀ.ਡੀ. ਸਮੇਤ, ਮੈਡੀਸਿਨ, ਸਰਜਰੀ , ਗਾਇਨੀ ਅਤੇ ਓਬਟੇਟ੍ਰਿਕਸ, ਲਬੌਰਟਰੀਜ਼ ਟੈਸਟ ਆਦਿ ਸਾਰੀਆਂ ਵੈਟਰਨਰੀ ਸੇਵਾਵਾਂ ਠੱਪ ਰਹੀਆਂ।
ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਡਾ ਗਗਨਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਵੈਟਰਨਰੀ ਡਾਕਟਰਾਂ ਦੀ ਪੇਅ ਪੈਰਿਟੀ ਮੈਡੀਕਲ ਡਾਕਟਰਾਂ ਨਾਲ 1977 ਤੋਂ ਲੈਕੇ 42 ਸਾਲ ਤੱਕ ਚੱਲੀ, ਇਸਦੇ ਨਾਲ ਹੀ ਡੀ.ਏ.ਸੀ.ਪੀ. (ਡਾਇਨਾਮਿਕ ਅਸੋ਼ਰਡ ਕੈਰੀਅਰ ਪ੍ਰੋਗਰੈਸ਼ਨ ) 4-9-14 ਸਕੀਮ ਵੈਟਰਨਰੀ ਡਾਕਟਰਾਂ ਨੂੰ ਮੈਡੀਕਲ ਡਾਕਟਰਾਂ ਦੀ ਤਰ੍ਹਾਂ ਹੀ ਲਗਾਤਾਰ ਮਿਲਦੀ ਰਹੀ ਪਰ 2021 ਵਿੱਚ ਸਰਕਾਰ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਸੁਪਰੀਮ ਕੋਰਟ ਆਫ ਇੰਡੀਆ ਦੇ ਹੁਕਮਾਂ ਦੀ ਉਲੰਘਣਾ ਕਰਕੇ ਭੰਗ ਕਰ ਦਿੱਤੀ। ਸਰਕਾਰ ਸਰਵਿਸ ਰੂਲਾਂ ਦੀ ਵੀ ਉਲੰਘਣਾ ਕਰ ਰਹੀ ਹੈ। ਬਰਾਬਰ ਕੁਆਲੀਫਿਕੇਸ਼ਨ-ਬਰਾਬਰ ਕੰਮ -ਬਰਾਬਰ ਤਨਖ਼ਾਹ ਦੇ ਸਿਧਾਂਤ ਨੂੰ ਵੀ ਅੱਖੋਂ ਪਰੋਖੇ ਕਰ ਰਹੀ ਹੈ।
ਉਹਨਾਂ ਕਿਹਾ ਕਿ ਵੈਟਰਨਰੀ ਡਾਕਟਰ, ਮੈਡੀਕਲ ਡਾਕਟਰ, ਆਯੁਰਵੈਦਿਕ ਅਤੇ ਹੋਮੀਓਪੈਥਿਕ ਡਾਕਟਰਾਂ ਨੂੰ ਐਨ.ਪੀ.ਏ. ਦੇਣ ਲਈ ਸਰਕਾਰ ਨੇ ਸਾਂਝਾ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਹੈ, ਪਰ ਵੈਟਰਨਰੀ ਡਾਕਟਰਾਂ ਨੂੰ ਐਚ.ਆਰ.ਏ. ਆਨ ਐਨ.ਪੀ.ਏ. ਨਹੀਂ ਦਿੱਤਾ ਜਾ ਰਿਹਾ ਜੋ ਕਿ ਸਰਾਸਰ ਮਤਰੇਈ ਮਾਂ ਵਾਲਾ ਸਲੂਕ ਹੈ।
ਉਹਨਾਂ ਕਿਹਾ ਕਿ ਵੈਟਰਨਰੀ ਸੇਵਾਵਾਂ ਸਪੈਸ਼ਲ ਸਰਵਿਸਜ਼ ਹੋਣ ਕਾਰਨ ਹੋਰ ਕੋਈ ਡਾਕਟਰ ਵੈਟਰਨਰੀ ਸੇਵਾਵਾਂ ਪ੍ਰਦਾਨ ਨਹੀਂ ਕਰ ਸਕਦਾ। ਇਸ ਲਈ ਵੈਟਰਨਰੀ ਅਫਸਰਾਂ ਨੂੰ ਪ੍ਰੋਬੇਸ਼ਨ ਦੌਰਾਨ ਪੂਰੀ ਤਨਖਾਹ ਮਿਲਣੀ ਚਾਹੀਦੀ ਹੈ ਪਰ ਮੌਜੂਦਾ ਸਰਕਾਰ ਲਗਾਤਾਰ ਲਾਰੇ ਲਗਾਉਂਦੀ ਆ ਰਹੀ ਹੈ।
ਇਸ ਮੌਕੇ ਡਾਕਟਰ ਢਿੱਲੋਂ ਨੇ ਅਪੀਲ ਕਰਦਿਆਂ ਕਿਹਾ ਗਿਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਉਨ੍ਹਾਂ ਦੀਆਂ ਮੰਗਾਂ ਵੱਲ ਨਿੱਜੀ ਪੱਧਰ ਤੇ ਦਖਲ ਦੇ ਕੇ ਪਹਿਲ ਦੇ ਆਧਾਰ ਤੇ ਪਿਛਲੀ ਸਰਕਾਰ ਵੱਲੋਂ ਵੈਟਰਨਰੀ ਡਾਕਟਰਾਂ ਨਾਲ ਕੀਤੀਆਂ ਵਧੀਕੀਆਂ ਨੂੰ ਤੁਰੰਤ ਦਰੁਸਤ ਕਰਨਾ ਚਾਹੀਦਾ ਹੈ ਅਤੇ 1977 ਤੋਂ ਲੈਕੇ 42 ਸਾਲ ਤੱਕ ਚੱਲੀ ਪੇਅ ਪੈਰਿਟੀ ਨੂੰ ਤੁਰੰਤ ਬਹਾਲ ਕਰਕੇ ਵੈਟਰਨਰੀ ਡਾਕਟਰਾਂ ਦੀਆਂ ਸਾਰੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਤੁਰੰਤ ਨੋਟੀਫਿਕੇਸ਼ਨ ਜਾਰੀ ਕਰਨ ਲਈ ਪਸ਼ੂ ਪਾਲਣ ਵਿਭਾਗ ਨੂੰ ਹੁਕਮ ਜਾਰੀ ਕਰਨੇ ਚਾਹੀਦੇ ਹਨ।ਇਸ ਮੌਕੇ ਤੇ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ । ਇਸ ਮੌਕੇ ਤੇ ਡਾ ਹਰਮਨ , ਡਾ ਵਿਸ਼ਾਲ, ਡਾ ਅੰਕਿਤ,ਡਾ ਨਵਨੀਤ ਕੌਰ ਨੇ ਇਕੱਠ ਨੂੰ ਸੰਬੋਧਿਤ ਕੀਤਾ ।