ਸੜਕ ਸੁਰੱਖਿਆ ਸਬੰਧੀ DC ਸਖ਼ਤ; ਦੁਕਾਨਾਂ ਅੱਗੇ ਨਾਜਾਇਜ਼ ਕਬਜ਼ੇ ਹਟਾਉਣ ਦੇ ਹੁਕਮ
- ਹਸਪਤਾਲਾਂ 'ਤੇ ਸਕੂਲਾਂ ਦੇ ਬਾਹਰ ਜਾਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਡਿਪਟੀ ਕਮਿਸ਼ਨਰ
- ਆਵਾਜ਼ ਪ੍ਰਦੂਸ਼ਣ ਘਟਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਤੇ ਲੋਕਾਂ ਨੂੰ ਸਹਿਯੋਗ ਦੀ ਅਪੀਲ
ਪਟਿਆਲਾ, 24 ਦਸੰਬਰ:
ਪਟਿਆਲਾ ਜ਼ਿਲ੍ਹੇ ਵਿੱਚ ਸੜਕ ਸੁਰੱਖਿਆ ਨੂੰ ਯਕੀਨੀ ਬਨਾਉਣ ਅਤੇ ਆਵਾਜ਼ ਪ੍ਰਦੂਸ਼ਣ ਨੂੰ ਘਟਾਉਣ ਲਈ ਜਿਲ੍ਹਾ ਪੱਧਰੀ ਬੈਠਕ ਕਰਦਿਆਂ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਨੇ ਜ਼ਿਲ੍ਹੇ ਦੀਆਂ ਸੜਕਾਂ ਉਪਰ ਵਧੇਰੇ ਹਾਦਸਿਆਂ ਵਾਲੇ ਪਛਾਣ ਕੀਤੇ ਬਲੈਕ ਸਪਾਟਸ ਉੱਤੇ ਵਾਪਰਦੇ ਹਾਦਸੇ ਨੂੰ ਘਟਾਉਣ ਲਈ ਸਬੰਧਤ ਵਿਭਾਗਾਂ ਵੱਲੋਂ ਕੀਤੀ ਗਈ ਕਾਰਵਾਈ ਦੀ ਰਿਪੋਰਟ ਪ੍ਰਾਪਤ ਕਰਦਿਆਂ ਕਿਹਾ ਕਿ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ੳਹਨਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਹਾਦਸਿਆਂ ਵਾਲੀਆਂ ਸੜਕਾਂ ਸਮੇਤ ਜਿਆਦਾ ਖ਼ਤਰੇ ਵਾਲੇ ਚੌਂਕ ‘ਤੇ ਮੋੜ ਅਤੇ ਵਾਧੂ ਟ੍ਰੈਫਿਕ ਭਾਰ ਵਾਲੀਆਂ ਪਛਾਣ ਕੀਤੀਆਂ ਸੜਕਾਂ ਵਿਖੇ ਟ੍ਰੈਫਿਕ ਮੈਨੇਜਮੈਂਟ ਪਲਾਨ ਤਿਆਰ ਕਰਕੇ ਫੌਰੀ ਤੌਰ ‘ ਤੇ ਲੋੜੀਂਦੇ ਪ੍ਰਬੰਧ ਕੀਤੇ ਜਾਣ ਅਤੇ ਉਸ ਨੂੰ ਸਮਾਂ ਬੱਧ ਤਰੀਕੇ ਨਾਲ ਲਾਗੂ ਕੀਤਾ ਜਾਵੇ, ਤਾਂ ਜੋ ਸ਼ਹਿਰ ਸਮੇਤ ਜ਼ਿਲ੍ਹੇ ਅੰਦਰ ਆਵਾਜਾਈ ਦੀ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾ ਸਕੇ।
ਡਾ ਪ੍ਰੀਤੀ ਯਾਦਵ ਨੇ ਭੁਪਿੰਦਰਾ ਰੋਡ, ਰਾਜਿੰਦਰਾ ਹਸਪਤਾਲ, ਥਾਪਰ ਕਾਲਜ, ਨਵਾਂ ਬੱਸ ਸਟੈਂਡ, , ਮਨੀਪਾਲ ਹਸਪਤਾਲ ਅਤੇ ਨੈਸ਼ਨਲ ਪਾਰਕ ਦੇ ਨੇੜੇ ਮੌਜੂਦ ਰੇਹੜੀ- ਫੜ੍ਹੀ ਵਾਲਿਆਂ ਨੂੰ ਸਖ਼ਤੀ ਨਾਲ ਰੈਗੂਲੇਟ ਕਰਨ ਦੇ ਹੁਕਮ ਦਿੱਤੇ ਤਾਂ ਜੋ ਟਰੈਫਿਕ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਘਨ ਨਾ ਪਵੇ। ਉਹਨਾਂ ਕਿਹਾ ਕਿ ਸੜਕ ਦੁਰਘਟਨਾਵਾਂ ਕਰਕੇ ਬਹੁਤ ਸਾਰੀਆਂ ਜਾਨਾਂ ਅਜਾਂਈਂ ਚਲੀਆਂ ਜਾਂਦੀਆਂ ਹਨ ਅਤੇ ਕੁੱਝ ਜਰੁਰੀ ਬਦਲਾਅ ਕਰਕੇ ਅਤੇ ਸੜਕਾਂ ਨੂੰ ਠੀਕ ਕਰਨ ਅਤੇ ਸਮੇਤ ਸੜਕ ਸੁਰੱਖਿਆ ਨੇਮਾਂ ਦੀ ਪਾਲਣਾ ਕਰਕੇ ਇਹ ਹਾਦਸੇ ਰੋਕੇ ਜਾ ਸਕਦੇ ਹਨ ਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।ਉਨ੍ਹਾਂ ਟ੍ਰੈਫਿਕ ਪੁਲਿਸ ਤੇ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਟਿਆਲਾ ਸ਼ਹਿਰ 'ਚ ਜਿੱਥੇ ਜਾਮ ਲੱਗਦੇ ਹਨ, ਉਨ੍ਹਾਂ ਥਾਵਾਂ 'ਤੇ ਸਾਰੀਆਂ ਰੁਕਾਵਟਾਂ ਤੁਰੰਤ ਦੂਰ ਕੀਤੀਆਂ ਜਾਣ ਤਾਂ ਕਿ ਲੋਕ ਅਜਿਹੇ ਜਾਮ ਕਰਕੇ ਪ੍ਰੇਸ਼ਾਨ ਨਾ ਹੋਣ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਹਸਪਤਾਲਾਂ ਤੇ ਸਕੂਲਾਂ ਦੇ ਬਾਹਰ ਕੋਈ ਜਾਮ ਨਾ ਲੱਗੇ ।
ਡਿਪਟੀ ਕਮਿਸ਼ਨਰ ਨੇ ਟਰਾਂਸਪੋਰਟ ਵਿਭਾਗ ਸਮੇਤ ਜ਼ਿਲ੍ਹੇ ਦੀਆਂ ਸੜਕਾਂ ਦਾ ਰੱਖ-ਰਖਾਓ ਕਰਦੇ ਲੋਕ ਨਿਰਮਾਣ ਵਿਭਾਗ, ਮੰਡੀ ਬੋਰਡ, ਜੰਗਲਾਤ, ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕਾਂ 'ਤੇ ਰੁਕਾਵਟਾਂ, ਨਾਜਾਇਜ਼ ਕਬਜੇ ਅਤੇ ਦੁਕਾਨਾਂ ਮੂਹਰੇ ਰੱਖੀਆਂ ਫਲੈਕਸਾਂ ਤੇ ਵਾਧੂ ਸਾਮਾਨ ਹਟਵਾਇਆ ਜਾਵੇ। ਉਹਨਾਂ ਕਿਹਾ ਕਿ ਦੁਕਾਨਦਾਰਾਂ ਵਲੋਂ ਆਪਣੇ ਹੋਰਡਿੰਗ ਤੇ ਸਾਇਨ ਬੋਰਡ ਤੇ ਫਲੈਕਸਾਂ ਅਤੇ ਆਪਣਾ ਸਮਾਨ ਸੜਕਾਂ 'ਤੇ ਅੱਗੇ ਵਧਾ ਕੇ ਨਾ ਰੱਖਿਆ ਜਾਵੇ। ਵਹੀਕਲ ਤੇ ਸਾਰੇ ਵਾਹਨ ਨਿਰਧਾਰਤ ਕੀਤੇ ਪਾਰਕਿੰਗ ਸਥਾਨਾਂ 'ਤੇ ਹੀ ਖੜ੍ਹੇ ਕੀਤੇ ਜਾਣ।
ਡਿਪਟੀ ਕਮਿਸ਼ਨਰ ਨੇ ਆਵਾਜ਼ ਪ੍ਰਦੂਸ਼ਣ ਸਬੰਧੀ ਜ਼ਿਲ੍ਹੇ ਦੇ ਸਮੂਹ ਵਸਨੀਕਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਅਤੇ ਸਰਕਾਰ ਵੱਲੋਂ ਜਾਰੀ ਨਿਯਮਾਂ ਅਨੁਸਾਰ ਬੇਲੋੜੀ ਆਵਾਜ਼ ਪੈਦਾ ਕਰਨ ਵਾਲੇ ਸਾਧਨਾਂ, ਖ਼ਾਸ ਕਰਕੇ ਤੇਜ਼ ਹਾਰਨਾਂ ਦੀ ਵਰਤੋਂ ’ਤੇ ਪਾਬੰਦੀ ਹੈ ਪਰੰਤੂ ਫਿਰ ਵੀ ਵਧ ਰਹੀ ਆਵਾਜ਼ ਪ੍ਰਦੂਸ਼ਣ ਕਾਰਨ ਬਜ਼ੁਰਗਾਂ, ਬੱਚਿਆਂ, ਵਿਦਿਆਰਥੀਆਂ ਅਤੇ ਬੀਮਾਰ ਵਿਅਕਤੀਆਂ ਦੀ ਸਿਹਤ ’ਤੇ ਮਾੜਾ ਅਸਰ ਪੈ ਰਿਹਾ ਹੈ। ਇਸ ਲਈ ਉਹਨਾਂ ਡੀ.ਐਸ.ਪੀ. (ਟ੍ਰੈਫਿਕ) ਨੂੰ ਹਦਾਇਤ਼ ਕੀਤੀ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਅਤੇ ਤੇਜ਼ ਹਾਰਨ ਵਜਾਉਣ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਮੋਕੇ ਤੇ ਉਹਨਾਂ ਦੇ ਚਲਾਨ ਕੱਟੇ ਜਾਣ ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਿੰਦਿਆਂ ਬਿਨਾਂ ਲੋੜ ਤੋਂ ਹਾਰਨ ਨਾ ਵਜਾਉਣ ਅਤੇ ਸ਼ਾਂਤਮਈ, ਸਿਹਤਮੰਦ ਵਾਤਾਵਰਨ ਬਣਾਈ ਰੱਖਣ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰਨ।ਉਨ੍ਹਾਂ ਕਿਹਾ ਕਿ ਆਵਾਜ਼ ਪ੍ਰਦੂਸ਼ਣ ’ਤੇ ਨਿਯੰਤਰਣ ਕਰਨਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਯੂ. ਡੀ) ਡਾ. ਇਸਮਿਤ ਵਿਜੇ ਸਿੰਘ ਅਤੇ ਰੀਜ਼ਨਲ ਟਰਾਂਸਪੋਰਟ ਅਫ਼ਸਰ ਬਬਨਦੀਪ ਸਿੰਘ ਵਾਲੀਆ, ਐਸ.ਡੀ.ਐਮਜ਼ ਅਸ਼ੋਕ ਕੁਮਾਰ, ਨਮਨ ਮੜਕਨ , ਰਿਚਾ ਗੋਇਲ, ਸੁਖਪਾਲ ਸਿੰਘ ਅਤੇ ਹਰਜੋਤ ਕੌਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।