ਪੰਜਾਬ ਨੇ ਕੇਂਦਰ ਤੋਂ 250 ਕਰੋੜ ਰੁਪਏ ਦੇ ਮਗਨਰੇਗਾ ਫੰਡ ਤੁਰੰਤ ਜਾਰੀ ਕਰਨ ਦੀ ਕੀਤੀ ਮੰਗ
ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਹੜ੍ਹ ਰਾਹਤ ਸਹਾਇਤਾ ਰਾਸ਼ੀ ਵਜੋਂ 1600 ਕਰੋੜ ਰੁਪਏ ਜਾਰੀ ਕਰਨ ’ਚ ਦੇਰੀ ਦਾ ਮੁੱਦਾ ਉਠਾਇਆ
ਕਿਹਾ, 3000 ਤੋਂ ਵੱਧ ਖੇਡ ਮੈਦਾਨ, 2800 ਨਵੀਆਂ ਆਂਗਣਵਾੜੀ ਇਮਾਰਤਾਂ ਰਾਜ ’ਚ ਪੇਂਡੂ ਵਿਕਾਸ ਨੂੰ ਦੇਣਗੀਆਂ ਹੋਰ ਹੁਲਾਰਾ
ਜਲੰਧਰ, 28 ਜਲੰਧਰ : ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵੀਰਵਾਰ ਨੂੰ ਕੇਂਦਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਮਗਨਰੇਗਾ ਸਕੀਮ ਤਹਿਤ ਕੇਂਦਰ ਸਰਕਾਰ ਕੋਲ ਬਕਾਇਆ 250 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੀ ਪੁਰਜ਼ੋਰ ਅਪੀਲ ਕੀਤੀ। ਕੇਂਦਰੀ ਮੰਤਰੀ ਨਾਲ ਸਮੀਖਿਆ ਮੀਟਿੰਗ ਤੋਂ ਬਾਅਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਸ਼੍ਰੀ ਸੌਂਦ ਨੇ ਕਿਹਾ ਕਿ ਮਟੀਰੀਅਲ ਕੰਪੋਨੈਂਟ ਅਧੀਨ ਰੋਕੇ ਗਏ ਫੰਡਜ਼ ਕਰਕੇ ਪੰਜਾਬ ਵਿੱਚ ਇਸ ਅਹਿਮ ਪੇਂਡੂ ਰੋਜ਼ਗਾਰ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿੱਚ ਗੰਭੀਰ ਰੁਕਾਵਟ ਪੈਦਾ ਹੋਈ ਹੈ।
ਉਜਰਤ ਵਿੱਚ ਸਮਾਨਤਾ ਦੀ ਮੰਗ ਕਰਦਿਆਂ ਕੈਬਨਿਟ ਮੰਤਰੀ ਨੇ ਕੇਂਦਰ ਮੰਤਰੀ ਨੂੰ ਮਗਨਰੇਗਾ ਅਧੀਨ ਕੰਮ ਕਰਨ ਵਾਲੇ ਰਾਜ ਮਿਸਤਰੀਆਂ ਦੀਆਂ ਉਜਰਤਾਂ ਵਿੱਚ ਸੋਧ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਰਾਜ ਮਿਸਤਰੀ ਨੂੰ 400 ਰੁਪਏ ਪ੍ਰਤੀ ਦਿਨ ਮਿਲਦੇ ਹਨ, ਜਦਕਿ ਪੰਜਾਬ ਵਿੱਚ ਰਾਜ ਮਿਸਤਰੀ ਨੂੰ ਸਿਰਫ਼ 346 ਰੁਪਏ ਉਜਰਤ ਦਿੱਤੀ ਜਾ ਰਹੀ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਮਹਿੰਗਾਈ ਅਤੇ ਮਜ਼ਦੂਰੀ ਦੀਆਂ ਦਰਾਂ ਵਧਣ ਕਰਕੇ ਇੰਨੀ ਘੱਟ ਉਜਰਤ 'ਤੇ ਹੁਨਰਮੰਦ ਮਿਸਤਰੀ ਮਿਲਣਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਦੋਵਾਂ ਗੁਆਂਢੀ ਰਾਜਾਂ ਵਿਚਕਾਰ ਇਹ ਵਿਤਕਰਾ ਖਤਮ ਹੋਣਾ ਚਾਹੀਦਾ ਹੈ।
ਪਾਰਦਰਸ਼ਤਾ ਵਧਾਉਣ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਪੰਜਾਬ ਦੀ ਪਹਿਲਕਦਮੀ 'ਤੇ ਚਾਨਣਾ ਪਾਉਂਦਿਆਂ ਸ਼੍ਰੀ ਸੌਂਦ ਨੇ ਦੱਸਿਆ ਕਿ ਰਾਜ ਦੇਸ਼ ਵਿੱਚ ਮਗਨਰੇਗਾ ਕਾਮਿਆਂ ਲਈ ਚਿਹਰੇ ਦੀ ਪਹਿਚਾਣ (ਫੇਸ ਰਿਕੋਗਨੀਸ਼ਨ) ਅਤੇ ਜੀਓ-ਟੈਗਿੰਗ-ਆਧਾਰਿਤ ਹਾਜ਼ਰੀ ਪ੍ਰਣਾਲੀ ਸ਼ੁਰੂ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪਾਇਲਟ ਪ੍ਰਾਜੈਕਟ, ਜੋ ਕਿ ਮੌਜੂਦਾ ਸਮੇਂ ਫਤਹਿਗੜ੍ਹ ਸਾਹਿਬ ਵਿਖੇ ਚੱਲ ਰਿਹਾ ਹੈ, ਨੂੰ ਜਲਦ ਹੀ ਸਾਰੇ 23 ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਵਿਆਪਕ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਦੇ ਨਤੀਜੇ ਵਜੋਂ ਪਿਛਲੀਆਂ ਸਰਕਾਰਾਂ ਦੌਰਾਨ ਮਗਨਰੇਗਾ ਵਿੱਚ ਬੇਨਿਯਮੀਆਂ ਨਾਲ ਸਬੰਧਤ 23 ਅਧਿਕਾਰੀਆਂ/ਕਰਮਚਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਅਧਿਕਾਰੀਆਂ ਤੋਂ 2 ਕਰੋੜ ਰੁਪਏ ਰਿਕਵਰ ਵੀ ਕੀਤੇ ਗਏ ਹਨ। ਸ਼੍ਰੀ ਸੌਂਦ ਨੇ ਕੇਂਦਰ ਸਰਕਾਰ ਨੂੰ ਭਾਰੀ ਬਾਰਿਸ਼ ਕਾਰਨ ਹੋਏ ਨੁਕਸਾਨ ਦੀ ਸਹਾਇਤਾ ਵਜੋਂ ਪਹਿਲਾਂ ਐਲਾਨ ਕੀਤੇ ਗਏ 1600 ਕਰੋੜ ਰੁਪਏ ਦੇ ਬਕਾਇਆ ਹੜ੍ਹ ਰਾਹਤ ਫੰਡ ਜਾਰੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਾਰ-ਵਾਰ ਯਾਦ ਦਿਵਾਉਣ ਦੇ ਬਾਵਜੂਦ ਇੱਕ ਵੀ ਰੁਪਿਆ ਜਾਰੀ ਨਹੀਂ ਕੀਤਾ ਗਿਆ, ਜੋ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕੀਤੇ ਗਏ ਮਤਰੇਈ ਮਾਂ ਵਾਲੇ ਸਲੂਕ ਨੂੰ ਦਰਸਾਉਂਦਾ ਹੈ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਪੰਜਾਬ ਸਰਕਾਰ ਦੀਆਂ ਚੱਲ ਰਹੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ, ਜਿਸ ਵਿੱਚ ਰਾਜ ਭਰ ਵਿੱਚ 3,000 ਤੋਂ ਵੱਧ ਖੇਡ ਮੈਦਾਨਾਂ ਦਾ ਨਿਰਮਾਣ ਅਤੇ 2,800 ਤੋਂ ਵੱਧ ਨਵੇਂ ਆਂਗਣਵਾੜੀ ਕੇਂਦਰਾਂ ਦੀ ਉਸਾਰੀ ਸ਼ਾਮਲ ਹੈ। ਉਨ੍ਹਾਂ ਦੁਹਰਾਇਆ ਕਿ ਇਹ ਪ੍ਰਾਜੈਕਟ ਸੂਬੇ ਦੇ ਪੇਂਡੂ ਖੇਤਰਾਂ ਵਿੱਚ ਸਮਾਜਿਕ-ਆਰਥਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਣਗੇ।