ਜਮਹੂਰੀ ਅਧਿਕਾਰ ਸਭਾ ਵੱਲੋਂ ਸੂਬਾ ਕਮੇਟੀ ਮੈਂਬਰ ਅਮਨਦੀਪ ਕੌਰ ਨੂੰ ਧਮਕੀਆਂ ਖਿਲਾਫ ਮੰਗ ਪੱਤਰ
ਅਸ਼ੋਕ ਵਰਮਾ
ਬਠਿੰਡਾ, 25 ਨਵੰਬਰ 2025 : ਜਮਹੂਰੀ ਅਧਿਕਾਰ ਸਭਾ ਦੇ ਸੂਬਾ ਕਮੇਟੀ ਮੈਂਬਰ ਅਮਨਦੀਪ ਕੌਰ ਵੱਲੋਂ ਪੰਜਾਬ ਯੂਨੀਵਰਸਿਟੀ ਕੇਂਦਰ ਸਰਕਾਰ ਵੱਲੋਂ ਖੋਹੇ ਜਾਣ ਦੀਆਂ ਕੋਸ਼ਿਸ਼ਾਂ ਦੀ ਆਲੋਚਨਾ ਕਰਨ 'ਤੇ ਅਗਿਆਤ ਫੋਨ ਨੰਬਰ ਤੋਂ ਧਮਕੀ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਕਰਕੇ ਉਸ ਉਤੇ ਮੁਕੱਦਮਾ ਦਰਜ ਕਰਾਉਣ ਲਈ ਅੱਜ ਜਮਹੂਰੀ ਅਧਿਕਾਰ ਸਭਾ ਸਮੇਤ ਵੱਖ ਵੱਖ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਇੱਕ ਨੁਮਾਇੰਦੇ ਦਫਤਰ ਕਨੂੰਨਗੋ ਰਾਹੀਂ ਐਸ ਐਸ ਪੀ ਚੰਡੀਗੜ ਨੂੰ ਮੰਗ ਪੱਤਰ ਸੌਂਪਿਆ। ਇਸ ਤੋਂ ਪਹਿਲਾਂ ਇੱਕ ਰੈਲੀ ਕੀਤੀ ਗਈ ਅਤੇ ਮੁਜ਼ਾਹਰੇ ਦੀ ਸ਼ਕਲ ਵਿੱਚ ਡੀਸੀ ਦਫਤਰ ਨਾਹਰੇ ਲਾਉਂਦੇ ਹੋਏ ਪਹੁੰਚਿਆ ਗਿਆ l ਜਮਹੂਰੀ ਅਧਿਕਾਰ ਸਭਾ ਦੇ ਜਿਲ੍ਹਾ ਪ੍ਰਧਾਨ ਪ੍ਰਿੰ ਬੱਗਾ ਸਿੰਘ,ਜਨਰਲ ਸਕੱਤਰ ਪ੍ਰਿਤਪਾਲ ਸਿੰਘ ਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਦੱਸਿਆ ਕਿ ਐਡਵੋਕੇਟ ਅਮਨਦੀਪ ਕੌਰ ਨੂੰ ਅਗਿਆਤ ਨੰਬਰ ਤੋੰ ਡਰਾਇਆ ਧਮਕਾਇਆ ਗਿਆ,ਅਸੱਭਿਅਕ ਭਾਸ਼ਾ ਦੀ ਵਰਤੋੰ ਕੀਤੀ ਗਈ। ਇਥੋਂ ਤੱਕ ਕਿ ਉਸ ਨੂੰ ਦੇਸ਼ ਛੱਡ ਜਾਣ ਦਾ ਫੁਰਮਾਨ ਵੀ ਸੁਣਾ ਦਿੱਤਾ ਗਿਆ।
ਉਹਨਾਂ ਦੱਸਿਆ ਕਿ ਧਮਕੀਆਂ ਦੇਣ ਵਾਲਾ ਆਰ ਐਸ ਐਸ ਦਾ ਹਮਾਇਤੀ ਅਤੇ ਅਖੌਤੀ ਕਾਰਕੁੰਨ ਪ੍ਰਤੀਤ ਹੁੰਦਾ ਸੀ। ਹਨਾਂ ਕਿਹਾ ਕਿ ਇਸ ਤਰਾਂ ਦੀਆਂ ਧਮਕੀਆਂ ਆਜਾਦ ਵਿਚਾਰਾਂ ਨੂੰ ਦਹਿਸ਼ਤਜਦਾ ਕਰਨ ਵਾਲੀਆਂ ਹਨ। ਅਮਨਦੀਪ ਕੌਰ ਨੇ ਪੰਜਾਬ ਯੂਨੀਵਰਸੀਟੀ ਨੂੰ ਪੰਜਾਬ ਕੋਲ ਰਹਿਣ, ਸੈਨੇਟ ਚੋਣਾਂ ਲਈ ਸੰਘਰਸ਼ ਦੀ ਹਮਾਇਤ ਕਰਕੇ ਆਪਣੇ ਮੌਲਿਕ ਅਧਿਕਾਰ ਦੀ ਵਰਤੋਂ ਕੀਤੀ ਹੈ। ਸਰਕਾਰ ਦੀ ਕਿਸੇ ਨੀਤੀ ਬਾਰੇ ਆਪਣੀ ਰਾਏ ਰੱਖਣੀ, ਆਲੋਚਨਾ ਕਰਨਾ ਤੇ ਵਾਪਿਸ ਲੈਣ ਦੀ ਮੰਗ ਕਰਨਾ,ਵਿਅਕਤੀ ਦਾ ਮੌਲਿਕ ਅਤੇ ਜਮਹੂਰੀ ਅਧਿਕਾਰ ਹੈ। ਉਹਨਾਂ ਮੰਗ ਕੀਤੀ ਕਿ ਅਮਨਦੀਪ ਕੌਰ ਨੂੰ ਧਮਕੀਆਂ ਦੇਣ ਵਾਲੇ ਵਿਅਕਤੀ ਉਤੇ ਜਿੰਮੇਵਾਰ ਨਾਗਰਿਕ ਨੂੰ ਡਰਾਉਣ, ਧਮਕਾਉਣ, ਅਤੇ ਇਕ ਔਰਤ ਨਾਲ ਅਸਭਿਅਕ ਭਾਸ਼ਾ ਦੀ ਵਰਤੋੰ ਕਰਨ ਦਾ ਮੁਕੱਦਮਾ ਦਰਜ ਕਰਕੇ ਤੁਰੰਤ ਗਿਰਫਤਾਰ ਕੀਤਾ ਜਾਵੇ।