ਗਰਿੱਡਾਂ ਦੇ ਮੁਲਾਜ਼ਮ ਅਸੁਰੱਖਿਅਤ, ਲਟਕਦੀ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਕੇ ਕਮੀਂ ਨੂੰ ਜਲਦੀ ਪੂਰਾ ਕੀਤਾ ਜਾਏ : ਮਹਿਦੂਦਾਂ
Ravi Jakhu
ਲੁਧਿਆਣਾ , 23 ਨਵੰਬਰ 2025
ਬਿਜਲੀ ਮਹਿਕਮੇਂ ਦੇ ਗਰਿੱਡ ਮੁਲਾਜਮਾਂ ਨਾਲ ਕੁੱਟਮਾਰ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਲੁੱਟ ਅਤੇ ਚੋਰੀ ਦੀਆਂ ਘਟਨਾਵਾਂ ਵਾਪਰਨਾ ਬਹੁਤ ਮੰਦਭਾਗਾ ਹੈ ਜਿਸ ਕਾਰਨ ਅਸੁਰਖਿਅਤ ਦੇ ਮਾਹੌਲ 'ਚ ਡਿਊਟੀ ਕਰ ਰਹੇ ਇਕੱਲੇ ਦੁਕੱਲੇ ਮੁਲਾਜਮਾਂ 'ਚ ਡਰ ਅਤੇ ਖ਼ੌਫ਼ ਦਾ ਮਾਹੌਲ ਪੈਦਾ ਹੋ ਗਿਆ। ਇਸ ਵਜਾਹ ਕਾਰਨ ਉਹ ਦਿਮਾਗੀ ਤੌਰ 'ਤੇ ਵੀ ਪ੍ਰੇਸ਼ਾਨ ਹਨ ਅਤੇ ਏਹੀ ਪ੍ਰੇਸ਼ਾਨੀ ਕਿਸੇ ਹਾਦਸੇ ਦਾ ਕਾਰਨ ਵੀ ਬਣ ਸਕਦੀ ਹੈ। ਏਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਜਿਲ੍ਹਾ ਆਗੂ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਓ ਐਂਡ ਐਮ ਡਵੀਜ਼ਨ ਦੇ ਆਗੂਆਂ ਰਾਕੇਸ਼ ਕੁਮਾਰ ਅਤੇ ਪ੍ਰਦੀਪ ਕੁਮਾਰ ਦੀ ਹਾਜਰੀ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਮੁਲਾਜਮਾਂ ਦੀ ਘਾਟ ਕਾਰਨ ਬਹੁਤੀਆਂ ਥਾਵਾਂ ਉੱਤੇ ਅੱਜ ਇੱਕਲੇ ਇੱਕਲੇ ਮੁਲਾਜਮ ਚੌਵੀ ਚੌਵੀ ਘੰਟੇ ਕੰਮ ਕਰਨ ਲਈ ਮਜਬੂਰ ਹਨ ਜਾਂ ਏ ਐਸ ਐਸ ਏ ਜਾਂ ਐਸ ਐਸ ਏ ਨਾ ਹੋਣ ਦੀ ਸੂਰਤ ਵਿੱਚ ਆਰ ਟੀ ਨੂੰ ਜੋਖਮ ਭਰਿਆ ਕੰਮ ਕਰਨਾ ਪੈ ਰਿਹਾ ਹੈ। ਇਹ ਮੁਲਾਜਮ ਬਿਨ੍ਹਾਂ ਰੈਸਟ ਦੇ ਲੰਬੀਆਂ ਡਿਊਟੀਆਂ ਕਰਨ ਦੇ ਕਾਰਨ ਪਹਿਲਾਂ ਹੀ ਪ੍ਰੇਸ਼ਾਨ ਸਨ ਤੇ ਉਤੋਂ ਆਏ ਦਿਨ ਕਿਸੇ ਨਾ ਕਿਸੇ ਗਰਿੱਡ 'ਚ ਤਾਇਨਾਤ ਇਕੱਲੇ ਇਕਹਿਰੇ ਮੁਲਾਜਮ ਨਾਲ ਲੋਕਾਂ ਦੁਆਰਾ ਕੁੱਟਮਾਰ ਜਾਂ ਮਾੜੇ ਅਨਸਰਾਂ ਦੁਆਰਾ ਲੁੱਟ ਤੇ ਚੋਰੀ ਦੀਆਂ ਵਾਰਦਾਤਾਂ ਨੇ ਹੋਰ ਪ੍ਰੇਸ਼ਾਨ ਕਰ ਦਿੱਤਾ ਹੈ। ਸ੍ਰ ਮਹਿਦੂਦਾਂ ਨੇ ਕਿਹਾ ਇਸ ਨੂੰ ਦੇਖਦੇ ਹੋਏ ਅਸੀਂ ਮੰਗ ਕਰਦੇ ਹਾਂ ਕਿ 408 ਏ ਐਸ ਐਸ ਏ ਦੀ ਭਰਤੀ ਪ੍ਰਕਿਰਿਆ ਨੂੰ ਤੇਜ਼ ਕਰਦੇ ਹੋਏ ਉਨ੍ਹਾਂ ਨੂੰ ਜਲਦ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਤਾਂ ਜ਼ੋ ਇਹ ਨਵੇਂ ਮੁਲਾਜਮ ਗਰਿੱਡਾਂ 'ਚ ਮੁਲਾਜਮਾਂ ਦੀ ਘਾਟ ਨੂੰ ਪੂਰਾ ਕਰਕੇ ਰਾਹਤ ਦੇਣ। ਰਾਕੇਸ਼ ਕੁਮਾਰ ਅਤੇ ਪ੍ਰਦੀਪ ਕੁਮਾਰ ਨੇ ਕਿਹਾ ਕਿ ਨਵੇਂ ਸਾਥੀ ਆਉਣ ਤੇ ਉਨ੍ਹਾਂ ਨੂੰ ਉਥੇ ਨਿਯੁਕਤ ਕੀਤਾ ਜਾਵੇ ਜਿੱਥੇ ਆਰ ਟੀ ਐਮ ਡਿਊਟੀ ਦੇਣ ਲਈ ਮਜਬੂਰ ਹਨ। ਇਸ ਤੋਂ ਇਲਾਵਾ ਰਾਤ ਡਿਊਟੀ ਦੇਣ ਵਾਲੇ ਮੁਲਾਜਮਾਂ ਦੀ ਗਿਣਤੀ ਵਧਾ ਕੇ ਉਨ੍ਹਾਂ ਨੂੰ ਸੁਰਿਖਆ ਦਾ ਮਾਹੌਲ ਦਿੱਤਾ ਜਾਵੇ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਨੂੰ ਵੀ ਅਪੀਲ ਕੀਤੀ ਕਿ ਰਾਤੀ ਗਸਤ ਵਾਲੀ ਟੀਮ ਗਰਿੱਡਾਂ ਉੱਤੇ ਉਚੇਚਾ ਗੇੜਾ ਮਾਰ ਕੇ ਬਿਜਲੀ ਮੁਲਾਜਮਾਂ ਨਾਲ ਲਗਾਤਾਰ ਸੰਪਰਕ ਬਣਾ ਕੇ ਰੱਖੇ। ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾ ਡਿਪਟੀ ਜਨਰਲ ਸਕੱਤਰ ਰਛਪਾਲ ਸਿੰਘ ਪਾਲੀ ਨੇ ਏ ਐਸ ਐਸ ਏ ਦੇ ਨਾਲ ਜੇਪੀਏ ਅਤੇ ਈਜੀ2 ਨੂੰ ਵੀ ਜਲਦ ਨਿਯੁਕਤੀ ਪੱਤਰ ਜਾਰੀ ਕਰਨ ਦੀ ਵਕਾਲਤ ਕਰਦਿਆਂ ਕਿਹਾ ਕਿ ਇਨ੍ਹਾਂ ਨਵੇਂ ਸਾਥੀਆਂ ਦੀ ਆਮਦ ਨਾਲ ਲੋਕਾਂ ਨੂੰ ਹੋਰ ਚੰਗੇ ਢੰਗ ਨਾਲ ਨਿਰਵਿਘਨ ਬਿਜਲੀ ਸਪਲਾਈ ਮਿਲਣੀ ਸ਼ੁਰੂ ਹੋ ਜਾਵੇਗੀ ਅਤੇ ਸਰਕਾਰ ਦਾ ਲਕਸ਼ ਹੋਰ ਸਾਫ ਹੋਵੇਗਾ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਨਵੇਂ ਭਰਤੀ ਹੋਣ ਜਾ ਰਹੇ ਏ ਐਸ ਐਸ ਏ ਨੂੰ ਸ਼ਹਿਰੀ ਖੇਤਰਾਂ ਵਿੱਚ ਵੀ ਤਾਇਨਾਤ ਕੀਤਾ ਜਾਵੇ ਕਿਉਂਕਿ ਸ਼ਹਿਰੀ ਖੇਤਰਾਂ ਵਿੱਚ ਮੁਲਾਜਮਾਂ ਦੀ ਗਿਣਤੀ ਕਿਤੇ ਘੱਟ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਨਿਗਮ ਚ 28 ਜੁਲਾਈ ਤੋਂ ਨਵੇਂ ਸਹਾਇਕ ਲਾਈਨ ਪੱਕੇ ਤੌਰ 'ਤੇ ਅਤੇ ਉਸਤੋਂ ਬਾਅਦ ਅਪਰੈਂਟਸ਼ਿਪ ਲਾਈਨ ਮੈਨ ਇੱਕ ਸਾਲ ਲਈ ਆ ਰਹੇ ਹਨ ਜਿਨ੍ਹਾਂ ਦੇ ਆਉਣ ਨਾਲ ਖਪਤਕਾਰਾਂ ਨੂੰ ਰਾਹਤ ਮਿਲੇਗੀ। ਇਸ ਮੌਕੇ ਅਕਾਸ਼ਦੀਪ ਪ੍ਰਧਾਨ ਓ ਐਂਡ ਐਮ, ਮੁਨੀਸ਼ ਕੁਮਾਰ, ਗੁਰਿੰਦਰ ਸਿੰਘ, ਦੀਪਕ ਕੁਮਾਰ, ਪ੍ਰਿੰਸ ਕੁਮਾਰ, ਕਰਤਾਰ ਸਿੰਘ, ਲਖਵੀਰ ਸਿੰਘ, ਬਲਜਿੰਦਰ ਸਿੰਘ, ਜਸਵਿੰਦਰ ਸਿੰਘ, ਜਸਮਿੰਦਰ ਸਿੰਘ, ਰਜਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।