ਜ਼ਿਲ੍ਹਾ ਸਿਹਤ ਅਫਸਰ ਨੇ ਔਰਤਾਂ ਵਿੱਚ ਫਲੇਵਰ ਹੁੱਕਿਆ ਦੇ ਵੱਧਦੇ ਰੁਝਾਨ ਪ੍ਰਤੀ ਚਿੰਤਾ ਜਤਾਈ
ਅਸ਼ੋਕ ਵਰਮਾ
ਗੋਨਿਆਣਾ, 22 ਨਵੰਬਰ 2025: ਜ਼ਿਲ੍ਹਾ ਸਿਹਤ ਅਫ਼ਸਰ ਡਾ: ਊਸ਼ਾ ਗੋਇਲ ਨੇ ਕਿਹਾ ਕਿ ਫਲੇਵਰ ਹੁੱਕਿਆਂ ਵੱਲ ਔਰਤਾਂ ਦਾ ਵਧ ਰਿਹਾ ਰੁਝਾਣ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਹ ਸਪੋਰਕਿੰਗ ਫੈਕਟਰੀ ਜੀਦਾ ਵਿਖੇ ਤੰਬਾਕੂਨੋਸ਼ੀ ਖਿਲਾਫ਼ ਇੱਕ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਵਿੱਚ ਇਹ ਧਾਰਣਾ ਹੈ ਕਿ ਫਲੇਵਰ ਹੁੱਕੇ ਵਿੱਚ ਤੰਬਾਕੂ ਨਹੀਂ ਹੁੰਦਾ ਜਦਕਿ ਇੰਨ੍ਹਾਂ ਵਿੱਚ ਖਤਰਨਾਕ ਤੰਬਾਕੂ ਹੁੰਦਾ ਹੈ ਜਿਹੜਾ ਮਨੁੱਖੀ ਸਰੀਰ ਲਈ ਘਾਤਕ ਹੈ। ਉਨ੍ਹਾਂ ਕਿਹਾ ਕਿ ਅੱਜਕੱਲ ਕਿੱਟੀ ਪਾਰਟੀਆਂ ਜਾਂ ਹੋਰ ਸਮਾਗਮਾਂ ਵਿੱਚ ਅਜਿਹੇ ਹੁੱਕਿਆਂ ਦੀ ਵਰਤੋਂ ਹੋਣ ਲੱਗ ਪਈ ਹੈ ਜੋ ਕਿ ਗੈਰਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਇੱਕ ਸਿਗਰਟ ਜੀਵਨ ਦੇ 11 ਮਿੰਟ ਘਟਾਉਦੀ ਹੈ ਅਤੇ ਤੰਬਾਕੂ 15 ਕਿਸਮ ਦੇ ਕੈਂਸਰ ਦਾ ਕਾਰਨ ਬਣਦਾ ਹੈ।
ਡਾ: ਗੋਇਲ ਨੇ ਕਿਹਾ ਕਿ ਤੰਬਾਕੂ ਫੇਫੜਿਆਂ ਦੀ ਸਿਹਤ *ਤੇ ਮਾਰੂ ਅਸਰ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਫੇਫੜਿਆਂ ਦੀ ਬਿਮਾਰੀ ਬੇਸ਼ੱਕ ਰੋਕਥਾਮ ਅਤੇ ਇਲਾਜ਼ਯੋਗ ਹੈ ਪਰ ਫਿਰ ਵੀ ਇਹ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਨ ਵਿਸ਼ਵ ਪੱਧਰ *ਤੇ ਸਲਾਨਾ ਲੱਗਭੱਗ 35 ਲੱਖ ਲੋਕਾਂ ਦੀ ਜਾਣ ਜਾਂਦੀ ਹੈ ਜਦਕਿ ਭਾਰਤ ਵਿੱਚ ਇਸ ਕਾਰਨ 8.5 ਲੱਖ ਮੌਤਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਿਗਰਨਨੋਸ਼ੀ ਕਾਰਨ ਫੇਫੜੇ, ਭੋਜਨ ਪਾਈਪ, ਮੂੰਹ, ਗੁਰਦੇ, ਪਿਸ਼ਾਬ ਬਲੈਡਰ ਆਦਿ ਵਰਗੇ ਕੈਂਸਰ ਪੈਦਾ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਬਹੁਤ ਮਰੀਜਾਂ ਦਾ ਪਤਾ ਦੇਰੀ ਨਾਲ ਲੱਗਦਾ ਹੈ ਜਦਕਿ ਉਸ ਸਮੇਂ ਤੱਕ ਫੇਫੜਿਆਂ ਦਾ ਕਾਫ਼ੀ ਨੁਕਸਾਨ ਹੋ ਚੁੱਕਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਸਾਹ ਚੜ੍ਹਣਾ ਜਾਂ ਖੰਘ ਵਰਗੇ ਲੱਛਣ ਪ੍ਰਗਟ ਹੋਣ ਤੋਂ ਪਹਿਲਾਂ ਹੀ ਫੇਫੜਿਆਂ ਦੇ ਕੰਮ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਇਸ ਦੀ ਸਮੇੇਂ ਸਿਰ ਜਾਂਚ ਜਰੂਰੀ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਤੰਬਾਕੂ ਕੰਟਰੌਲ ਪ੍ਰੋਗਰਾਮ ਤਹਿਤ ਤੰਬਾਕੂ ਮੁਕਤ ਨੌਜਵਾਨ ਮੁਹਿੰਮ ਚਲਾਈ ਹੋਈ ਹੈ ਜੋ 8 ਦਸੰਬਰ ਤੱਕ ਚੱਲੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਪੋਰਟਕਿੰਗ ਦੇ ਜਨਰਲ ਮੈਨੇਜਰ ਰਜਿੰਦਰ ਪਾਲ, ਸਿਹਤ ਵਿਭਾਗ ਦੇ ਬਲਾਕ ਐਜੂਕੇਟਰ ਮਹੇਸ਼ ਸ਼ਰਮਾ, ਐਸ.ਆਈ. ਬੂਟਾ ਸਿੰਘ, ਦਰਬਾਰਾ ਸਿੰਘ, ਸੀ.ਐਚ.ਓ. ਅਮਨਦੀਪ ਕੌਰ, ਮਪਹਵ ਗੁਰਮੀਤ ਸਿੰਘ, ਜ਼ਸਵੀਰ ਕੌਰ ਅਤੇ ਸ਼ਿੰਦਰਪਾਲ ਕੌਰ ਆਦਿ ਹਾਜ਼ਰ ਸਨ।