ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ 12 ਜੂਨ ਦੇ ਝੰਡੇ ਮਾਰਚ ਦੀਆਂ ਤਿਆਰੀਆਂ ਮੁਕੰਮਲ
ਪ੍ਰਮੋਦ ਭਾਰਤੀ
ਨਵਾਂਸ਼ਹਿਰ 10 ਜੂਨ, 2025- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਇੱਕ ਮੀਟਿੰਗ ਸਥਾਨਿਕ ਬਾਰਾਦਰੀ ਪਾਰਕ ਵਿੱਚ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸੰਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਉਨ੍ਹਾਂ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਸੀਪੀਐਫ ਕਰਮਚਾਰੀ ਯੂਨੀਅਨ ਵਲੋਂ ਸਾਂਝੇ ਤੌਰ ਤੇ ਆਪ ਸਰਕਾਰ ਵੱਲੋਂ ਕੀਤੇ ਵਾਅਦੇ ਅਤੇ ਦਾਅਵਿਆਂ ਦੀ ਫੂਕ ਕੱਢਣ ਲਈ ਪੱਛਮੀ ਲੁਧਿਆਣਾ ਜ਼ਿਮਨੀ ਚੋਣ ਦੌਰਾਨ ਉਲੀਕੇ ਝੰਡਾ ਮਾਰਚ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਮਾਨ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਐਨਪੀਐਸ ਕਰਮਚਾਰੀਆਂ ਨਾਲ ਚੋਣ ਵਾਅਦਾ ਕੀਤਾ ਸੀ ਕਿ ਆਪ ਦੀ ਸਰਕਾਰ ਬਣਦਿਆਂ ਹੀ ਛੇ ਮਹੀਨਿਆਂ ਦੇ ਅੰਦਰ-ਅੰਦਰ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ ਪਰ ਅੱਜ ਸਾਢੇ ਤਿੰਨ ਸਾਲ ਬੀਤ ਜਾਣ ਬਾਅਦ ਵੀ ਕਰਮਚਾਰੀਆਂ ਨੂੰ ਅਧੂਰੇ ਨੋਟੀਫਿਕੇਸ਼ਨ ਤੋਂ ਸਿਵਾਏ ਕੁਝ ਪ੍ਰਾਪਤ ਨਹੀਂ ਹੋਇਆ । ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੀ ਫੋਕੀ ਇਸ਼ਤਿਹਾਰਬਾਜੀ ਲਈ 341 ਕਰੋੜ ਰੁਪਏ ਫੂਕ ਦਿੱਤੇ, ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਬਹਾਲੀ ਲਈ ਐਨਪੀਐਸ ਫੰਡ ਦੇ ਮਗਰਮੱਛ ਵਾਲੇ ਅੱਥਰੂ ਵਹਾ ਰਹੀ ਹੈ। ਜਿਸ ਕਾਰਨ ਪੰਜਾਬ ਦੇ ਦੋ ਲੱਖ ਕਰਮਚਾਰੀਆਂ ਵਿੱਚ ਸਰਕਾਰ ਖਿਲਾਫ਼ ਤੀਬਰ ਰੋਸ ਅਤੇ ਗੁੱਸਾ ਹੈ । ਇਸ ਰੋਸ ਅਤੇ ਗੁੱਸੇ ਨੂੰ ਲੋਕਾਂ ਦੀ ਕਚਹਿਰੀ ਵਿੱਚ ਪ੍ਰਗਟ ਕਰਨ ਲਈ ਵੱਡੇ ਪੱਧਰ ਤੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ । ਇਸ ਝੰਡੇ ਮਾਰਚ ਵਿੱਚ ਸ਼ਾਮਲ ਹੋਣ ਲਈ ਵਹੀਕਲਾਂ ਸਮੇਤ ਕਾਡਰ ਦੀ ਵੱਡੇ ਪੱਧਰ ਤੇ ਲਾਮਬੰਦੀ ਕੀਤੀ ਗਈ ਹੈ ਅਤੇ ਇਸ ਸਬੰਧੀ ਬਲਾਕ ਪੱਧਰ ਤੇ ਡਿਊਟੀਆਂ ਲਗਾਈਆਂ ਗਈਆਂ ਹਨ । ਇਸ ਝੰਡੇ ਮਾਰਚ ਦੌਰਾਨ ਕਰਮਚਾਰੀ ਆਮ ਵੋਟਰਾਂ ਵਿੱਚ ਆਪ ਦੀ ਵਾਅਦਾ ਖਿਲਾਫੀ ਦੇ ਤੇ ਕਰਮਚਾਰੀਆਂ ਨਾਲ ਕੀਤੇ ਵਿਸ਼ਵਾਸਘਾਤ ਦੇ ਪੋਸਟਰ ਵੀ ਵੰਡਣਗੇ ਤਾਂ ਕਿ ਵੋਟਰ ਆਪਣੀ ਵੋਟ ਦੀ ਸੁਚੱਜੀ ਵਰਤੋਂ ਕਰਨ ਤੇ ਝੂਠੇ ਦਾਅਵੇ ਕਰਨ ਵਾਲੀ ਸਰਕਾਰ ਨੂੰ ਸਬਕ ਸਿਖਾਉਣਗੇ । ਇਸ ਮੌਕੇ ਜੁਝਾਰ ਸੰਹੂਗੜਾ ਜ਼ਿਲ੍ਹਾ ਪ੍ਰਧਾਨ ਬੀ ਐਡ ਫਰੰਟ ਨੇ ਦੱਸਿਆ ਕਿ ਇਸ ਝੰਡਾ ਮਾਰਚ ਵਿੱਚ ਹਜ਼ਾਰਾ ਐਨ ਪੀ ਐਸ ਤੋਂ ਪੀੜਤ ਕਰਮਚਾਰੀ ਹਿੱਸਾ ਲੈਣਗੇ ਅਤੇ ਸਰਕਾਰ ਦੀ ਪੋਲ ਖੋਲਣਗੇ। ਇਸ ਮੌਕੇ ਸ਼੍ਰੀ ਨਰੰਜਣਜੋਤ ਚਾਂਦਪੁਰੀ ਸੂਬਾ ਸਕੱਤਰ ਸਰਕਾਰੀ ਸਕੂਲ ਲੈਬਾਰਟਰੀ ਯੂਨੀਅਨ ਨੇ ਦੱਸਿਆ ਕਿ ਸਰਕਾਰ ਨੇ ਸਾਢੇ ਤਿੰਨ ਸਾਲ ਤੋਂ ਪੰਜਾਬ ਦੇ ਮੁਲਾਜਮਾਂ ਨੂੰ ਲਾਰਿਆਂ ਤੋ ਸਿਵਾਏ ਹੋਰ ਕੁਝ ਨਹੀਂ ਦਿੱਤਾ। ਜਿਸ ਤੋਂ ਮੁਲਾਜਮ ਹੁਣ ਤੰਗ ਆ ਚੁੱਕੇ ਹਨ। ਇਸ ਲਈ ਪੰਜਾਬ ਦੇ ਮੁਲਾਜਮਾਂ ਨੇ ਹੁਣ ਪੰਜਾਬ ਸਰਕਾਰ ਨੂੰ ਚਲਦਾ ਕਰਨ ਦਾ ਮੂਡ ਬਣਾ ਲਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਨਾਮ ਧੋਲ,ਗੁਰਦੀਪ ਸਿੰਘ,ਰਮੇਸ਼ ਚੰਦ,ਰਮਨ ਕੁਮਾਰ,ਸੁਖਜਿੰਦਰ ਸਿੰਬਲੀ,ਸੁਮਿਤ ਛਾਬੜਾ,ਨਿਰਮਲ ਕੁਮਾਰ,ਸੁਰਿੰਦਰ ਕੌਰ,ਪਿੰਕੀ ਖੇਪੜ,ਜਸਵਿੰਦਰ ਕੌਰ ਅਤੇ ਸੋਨੀਆ ਆਦਿ ਵੀ ਹਾਜ਼ਰ ਸਨ