ਮੱਕੀ ਦੇ ਰੇਟ ਨੇ ਕਿਸਾਨਾਂ ਨੂੰ ਕੀਤਾ ਨਿਰਾਸ਼, ਐਮਐਸਪੀ ਤੋਂ ਘੱਟ ਕੀਮਤ 'ਤੇ ਮਜ਼ਬੂਰੀ ਵਿੱਚ ਵੇਚਣ ਲਈ ਮਜਬੂਰ
ਰਵਿੰਦਰ ਢਿੱਲੋਂ
ਖੰਨਾ, 6 ਜੂਨ 2025 - ਪੰਜਾਬ ਵਿੱਚ ਮੱਕੀ ਦੀ ਫ਼ਸਲ ਮੰਡੀਆਂ ਵਿੱਚ ਆਉਣੀ ਸ਼ੁਰੂ ਹੋ ਗਈ ਹੈ, ਪਰ ਕਿਸਾਨਾਂ ਲਈ ਖੁਸ਼ੀ ਦੀ ਗੱਲ ਦੀ ਥਾਂ ਨਿਰਾਸ਼ਾ ਵਧ ਰਹੀ ਹੈ। ਕੇਂਦਰ ਸਰਕਾਰ ਵੱਲੋਂ ਐਲਾਨ ਕੀਤੇ 2400 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੇ ਬਾਵਜੂਦ ਮੱਕੀ 1400 ਤੋਂ 2000 ਰੁਪਏ ਪ੍ਰਤੀ ਕੁਇੰਟਲ ਵਿੱਚ ਵਿਕ ਰਹੀ ਹੈ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ 'ਚ ਮੌਜੂਦਾ ਹਾਲਾਤਾਂ ਦੀ ਜਾਂਚ ਕੀਤੀ ਗਈ ਤਾਂ ਕਿਸਾਨਾਂ ਦੇ ਚਿਹਰਿਆਂ 'ਤੇ ਨਿਰਾਸ਼ਾ ਅਤੇ ਗੁੱਸਾ ਸਾਫ਼ ਦਿਖਾਈ ਦਿੱਤਾ।
ਕਿਸਾਨ ਮੇਜਰ ਸਿੰਘ ਨੇ ਦੱਸਿਆ ਕਿ ਮੰਡੀ 'ਚ ਆਉਂਦੇ ਹੀ ਵਪਾਰੀ ਪੂਰੀ ਰਣਨੀਤੀ ਤਹਿਤ 1400 ਰੁਪਏ ਤੱਕ ਦੀ ਬੋਲੀ ਲਗਾਉਣ ਲੱਗ ਪੈਂਦੇ ਹਨ। ਗਿੱਲੀ ਮੱਕੀ 1400 ਰੁਪਏ ਤੇ ਅਤੇ ਸੁੱਕੀ ਮੱਕੀ 2000 ਰੁਪਏ ਪ੍ਰਤੀ ਕੁਇੰਟਲ 'ਤੇ ਵਿਕ ਰਹੀ ਹੈ, ਜਦਕਿ ਇਸ ਵਾਰ ਇੱਕ ਏਕੜ ਦੇ ਖਰਚੇ ਨੇ 30 ਹਜ਼ਾਰ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕੁੱਝ ਨਹੀਂ ਕਰ ਸਕਦੀ, ਤਾਂ ਘੱਟੋ-ਘੱਟ ਐਮਐਸਪੀ 'ਤੇ ਖਰੀਦ ਯਕੀਨੀ ਬਣਾਈ ਜਾਵੇ, ਨਹੀਂ ਤਾਂ ਆਉਣ ਵਾਲੀ ਪੀੜ੍ਹੀ ਖੇਤੀ ਤੋ ਮੂੰਹ ਮੋੜ ਲਏਗੀ।
ਗਲਵੱਢੀ ਦੇ ਕਿਸਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਉਸਨੇ ਸਰਕਾਰ ਦੇ ਐਲਾਨ ਨੂੰ ਦੇਖਦਿਆਂ 5 ਏਕੜ ਵਿੱਚ ਮੱਕੀ ਦੀ ਫਸਲ ਉਗਾਈ ਸੀ। ਕਿਹਾ ਗਿਆ ਸੀ ਕਿ ਕਣਕ-ਝੋਨੇ ਦੇ ਚੱਕਰ ਤੋਂ ਹਟ ਕੇ ਹੋਰ ਫਸਲਾਂ ਲਾਉਣ ਵਾਲਿਆਂ ਨੂੰ ਸਬਸਿਡੀ ਮਿਲੇਗੀ, ਪਰ ਅੱਜ ਤੱਕ ਇੱਕ ਪੈਸਾ ਵੀ ਨਹੀਂ ਮਿਲਿਆ। ਜਤਿੰਦਰ ਨੇ ਨਿਰਾਸ਼ ਹੋ ਕੇ ਕਿਹਾ ਕਿ “ਸਰਕਾਰਾਂ ਵਾਅਦੇ ਤਾਂ ਕਰਦੀਆਂ ਨੇ, ਪਰ ਪੂਰੇ ਨਹੀਂ ਹੁੰਦੇ।
ਆੜ੍ਹਤੀਆ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਹਾਲਾਂਕਿ ਕੇਂਦਰ ਨੇ ਪਿਛਲੇ ਸਾਲ ਨਾਲੋਂ 175 ਰੁਪਏ ਦਾ ਵਾਧਾ ਕਰਕੇ ਐਮਐਸਪੀ 2400 ਰੁਪਏ ਕੀਤੀ ਹੈ, ਪਰ ਇਹ ਸਿਰਫ਼ ਕਾਗਜ਼ਾਂ 'ਚ ਹੀ ਹੈ। ਮਾਰਕੀਟ ਵਿੱਚ ਨਿੱਜੀ ਖਰੀਦਦਾਰੀ ਕਾਰਨ ਕਿਸਾਨਾਂ ਨੂੰ ਐਮਐਸਪੀ ਨਹੀਂ ਮਿਲਦੀ। ਮੌਸਮ ਵੀ ਸਾਥ ਨਹੀਂ ਦੇ ਰਿਹਾ — ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਨਾਲ ਮੱਕੀ ਗਿੱਲੀ ਹੋ ਗਈ ਹੈ, ਜਿਸ ਨਾਲ ਰੇਟ ਹੋਰ ਵੀ ਘਟ ਗਏ ਹਨ।
ਖੰਨਾ ਮੰਡੀ ਦੇ ਸੁਪਰਵਾਈਜ਼ਰ ਦੀਪਕ ਚਾਂਦਲੇ ਨੇ ਦੱਸਿਆ ਕਿ ਪਿਛਲੇ ਸਾਲ ਇੱਥੇ 6.42 ਲੱਖ ਕੁਇੰਟਲ ਮੱਕੀ ਆਈ ਸੀ। ਇਸ ਵਾਰ 5 ਜੂਨ ਤੱਕ ਸਿਰਫ਼ 2503 ਕੁਇੰਟਲ ਮੱਕੀ ਮੰਡੀ ਵਿੱਚ ਆਈ ਹੈ। ਉਨ੍ਹਾਂ ਕਿਹਾ ਕਿ ਰੇਟ 1400 ਤੋਂ 2300 ਰੁਪਏ ਤੱਕ ਹਨ।