ਸੜਕ ਸੁਰੱਖਿਆ ਫੋਰਸ ਵੱਲੋਂ ਬਚਾਈਆਂ ਜਾ ਰਹੀਆਂ ਹਨ ਕੀਮਤੀ ਜ਼ਿੰਦਗੀਆਂ : ਐਸਐਸਪੀ ਅਮਨੀਤ ਕੌਂਡਲ
ਅਸ਼ੋਕ ਵਰਮਾ
ਬਠਿੰਡਾ, 6 ਜੂਨ 2025 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਜਿੱਥੇ ਪੰਜਾਬ ਦੇ ਵਿਕਾਸ ਲਈ ਤਤਪਰ ਹੈ ਉਥੇ ਹੀ ਇਨਸਾਨਾਂ ਦੀ ਜ਼ਿੰਦਗੀ ਲਈ ਵੀ ਇੱਕ ਮਸੀਹੇ ਦੇ ਤੌਰ 'ਤੇ ਕੰਮ ਕਰ ਰਹੀ ਹੈ। ਇਸੇ ਤਹਿਤ ਸੂਬਾ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ (ਐਸ.ਐਸ.ਐਫ) ਦੀ ਸ਼ੁਰੂਆਤ ਨਾਲ ਅਨੇਕਾਂ ਰਾਹਗੀਰਾਂ ਦੀਆਂ ਅਨਮੋਲ ਜਿੰਦਗੀਆਂ ਬਚ ਰਹੀਆਂ ਹਨ। ਇਹ ਜਾਣਕਾਰੀ ਐਸ.ਐਸ.ਪੀ. ਮੈਡਮ ਅਮਨੀਤ ਕੌਂਡਲ ਨੇ ਸਾਂਝੀ ਕੀਤੀ।
ਇਸ ਮੌਕੇ ਐਸ.ਐਸ.ਪੀ. ਮੈਡਮ ਅਮਨੀਤ ਕੌਂਡਲ ਨੇ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਸਫਰ ਦੇ ਦੌਰਾਨ ਸੜਕ 'ਤੇ ਜਾਂਦਿਆਂ ਕਿਸੇ ਤਰ੍ਹਾਂ ਦੀ ਵੀ ਅਣਹੋਣੀ ਵਾਪਰਦੀ ਹੈ ਤਾਂ ਉਹ 112 ਹੈਲਪ ਲਾਈਨ ਨੰਬਰ ਡਾਇਲ ਕਰਕੇ ਸੜਕ ਸੁਰੱਖਿਆ ਫੋਰਸ ਦੀ ਮਦਦ ਲੈ ਸਕਦੇ ਹਨ।
ਇਸ ਦੌਰਾਨ ਐਸ.ਐਸ.ਪੀ. ਮੈਡਮ ਅਮਨੀਤ ਕੌਂਡਲ ਨੇ ਦੱਸਿਆ ਕਿ ਸੜਕ ਸੁਰੱਖਿਆ ਫੋਰਸ ਰੇਂਜ ਬਠਿੰਡਾ ਵਿਖੇ ਐਸ.ਐਸ.ਐਫ. ਦੀਆਂ ਵੱਖ-ਵੱਖ ਰੂਟਾਂ 'ਤੇ 6 ਗੱਡੀਆਂ ਬਠਿੰਡਾ ਤੋਂ ਜੇਠੂਕੇ ਹੱਦ, ਜੀਦਾ ਟੋਲ ਪਲਾਜ਼ਾ ਹੱਦ ਤੋਂ ਕਰਮਗੜ੍ਹ ਸਤਰਾਂ ਹੱਦ, ਬਠਿੰਡਾ ਤੋਂ ਭਾਈ ਦੇਸਾ ਹੱਦ, ਘਨਈਆ ਚੌਂਕ ਬਠਿੰਡਾ ਤੋਂ ਡੂਮਵਾਲੀ ਬੈਰੀਅਰ, ਕੋਟਸ਼ਮੀਰ ਤੋਂ ਨਥੇਹਾ ਹੱਦ ਅਤੇ ਤਲਵੰਡੀ ਸਾਬੋ ਤੋਂ ਪੱਕਾ ਕਲਾਂ ਇੰਟਰਸੈਪਟਰ ਰੂਟ 'ਤੇ ਚੱਲ ਰਹੀਆਂ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸ.ਐਸ.ਐਫ. ਦੇ ਰੇਂਜ ਇੰਚਾਰਜ ਸ਼੍ਰੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ‘ਚ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਨੇ 1 ਜਨਵਰੀ 2025 ਤੋਂ 31 ਮਈ 2025 ਤੱਕ ਕੁੱਲ 258 ਐਕਸੀਡੈਂਟਾਂ ਵਿੱਚ ਮੌਕੇ 'ਤੇ ਪਹੁੰਚ ਕੇ ਮਦਦ ਕੀਤੀ।
ਉਨ੍ਹਾਂ ਅੱਗੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਐਕਸੀਡੈਂਟਾਂ ਵਿੱਚ 36 ਜਖਮੀ ਵਿਅਕਤੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਫਾਰਗ ਕੀਤਾ ਗਿਆ ਤੇ ਗੰਭੀਰ ਸਤਿਥੀ ਵਿੱਚ ਜ਼ਖਮੀਆਂ ਨੂੰ ਮੌਕੇ 'ਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।