ਮਾਮਲਾ ਐਫਸੀਆਈ ਵਿੱਚ ਲੱਗੇ ਸੈਲਰ ਮਾਲਕਾਂ ਦੇ ਟੋਟਾ ਚੌਲਾਂ ਦਾ: ਜਾਂਚ ਕਰਨ ਤੋਂ ਬਾਅਦ ਦਿੱਤੀ ਕਲੀਨ ਚਿੱਟ
- ਇਸ ਮਾਮਲੇ ਦੀ ਜਾਂਚ ਉੱਚ ਅਧਿਕਾਰੀਆਂ ਤੋਂ ਕਰਵਾਈ ਜਾਵੇ: ਕੋਟ ਉਮਰਾ, ਗੋਰਸੀਆਂ
ਦੀਪਕ ਜੈਨ
ਜਗਰਾਉਂ 5 ਜੂਨ:-ਬੀਤੇ ਪਿਛਲੇ 10 ਦਿਨਾਂ ਤੋਂ ਐਫਸੀਆਈ ਅਧਿਕਾਰੀਆਂ ਅਤੇ ਸੈਲਰ ਮਾਲਕਾਂ ਦੀ ਸਾਂਢ ਗਾਂਢ ਦੇ ਮਾਮਲੇ ਵਿੱਚ ਹਰ ਰੋਜ਼ ਨਵੇਂ ਮੋੜ ਆ ਰਹੇ ਹਨ। ਹਾਲਾਂਕਿ ਇਸ ਮਾਮਲੇ ਨੂੰ ਦਬਾਉਣ ਦੇ ਲਈ ਇੱਕ ਧੜੇ ਦੇ ਸੈਲਰ ਮਾਲਕ ਅਤੇ ਐਫਸੀਆਈ ਦੇ ਜਿਲਾ ਅਧਿਕਾਰੀਆਂ ਤੱਕ ਨੇ ਦਾਅ ਪੇਚ ਖੇਡਦੇ ਹੋਏ ਮਾਮਲੇ ਨੂੰ ਦਬਾਉਣ ਦੀ ਪੂਰੀ ਵਾਹ ਲਾਈ ਹੋਈ ਹੈ। ਅਤੇ ਐਫਸੀਆਈ ਦੇ ਜ਼ਿਲ੍ਹਾ ਅਧਿਕਾਰੀ ਵੱਲੋਂ ਪਹਿਲਾ ਪੱਤਰਕਾਰਾਂ ਨੂੰ ਜਵਾਬ ਦੇਣ ਤੋਂ ਇਨਕਾਰੀ ਹੋਣ ਤੋਂ ਬਾਅਦ ਇਸ ਮਾਮਲੇ ਵਿੱਚ ਕੋਈ ਸੱਚਾਈ ਨਹੀਂ, ਮਾਮਲੇ ਨੂੰ ਇੱਥੇ ਹੀ ਖਤਮ ਕਰੋ, ਸਾਡੇ ਅਧਿਕਾਰੀਆਂ ਦਾ ਨੁਕਸਾਨ ਹੋ ਸਕਦਾ ਹੈ ਤੋਂ ਲੈ ਕੇ ਪੱਤਰਕਾਰਾਂ ਨੂੰ ਚਾਹ ਪਾਣੀ ਦਾ ਸੱਦਾ ਵੀ ਦਿੱਤਾ ਗਿਆ।
ਹੁਣ ਇਸ ਮਾਮਲੇ ਦੀਆਂ ਦੀਆਂ ਪਰਤਾਂ ਦਿਨ ਪ੍ਰਤੀ ਦਿਨ ਹੋਰ ਖੁੱਲਣ ਤੋਂ ਬਾਅਦ ਜ਼ਿਲਾ ਅਧਿਕਾਰੀ ਨੇ ਚੁੱਪ ਚੁਪੀਤੇ ਜਗਰਾਉਂ ਪਹੁੰਚ ਕੇ ਜਾਂਚ ਕਰਨ ਦਾ ਡਰਾਮਾ ਕਰਦੇ ਹੋਏ ਪੱਤਰਕਾਰਾਂ ਨੂੰ ਵਟਸਐਪ ਤੇ ਇੱਕ ਮੈਸੇਜ ਕਰਕੇ ਸੰਦੇਸ਼ ਭੇਜਿਆ ਜਿਸ ਸੰਦੇਸ਼ ਵਿੱਚ ਜ਼ਿਲ੍ਹਾ ਅਧਿਕਾਰੀਆਂ ਨੇ ਲਿਖਿਆ ਹੈ ਕਿ ਮੈਂ ਕੱਲ ਜਗਰਾਉਂ ਆਇਆ ਸੀ ਅਤੇ ਸਟਾਕ ਚੈੱਕ ਕੀਤਾ ਗਿਆ ਹੈ ਇਸ ਵਿੱਚ ਕੋਈ ਵੀ ਖਾਮੀ ਨਹੀਂ ਪਾਈ ਗਈ ਇਸ ਲਈ ਘਪਲੇ ਦੀ ਕੋਈ ਗੁੰਜਾਇਸ਼ ਨਹੀਂ ਹੈ।
ਜ਼ਿਲ੍ਹਾ ਅਧਿਕਾਰੀ ਵੱਲੋਂ ਭੇਜੇ ਗਏ ਸੰਦੇਸ਼ ਤੋਂ ਬਾਅਦ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟ ਉਮਰਾ ਅਤੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਗੋਰਸੀਆਂ ਨੇ ਇਸ ਨੂੰ ਡਰਾਮਾ ਕਰਾਰ ਦੱਸਦੇ ਹੋਏ ਕਿਹਾ ਹੈ ਕਿ ਜੋ ਜ਼ਿਲ੍ਹਾ ਅਧਿਕਾਰੀ ਪਹਿਲਾਂ ਹੀ ਇਸ ਮਾਮਲੇ ਨੂੰ ਦਬਾਉਣ ਲਈ ਤਰਲੋ ਮੱਛੀ ਹੋਇਆ ਫਿਰਦਾ ਸੀ ਕੀ ਉਹ ਇਸ ਮਾਮਲੇ ਦੀ ਨਿਰਪੱਖ ਜਾਂਚ ਕਰ ਸਕਦਾ ਹੈ ਉਹਨਾਂ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਕੋਈ ਘਪਲਾ ਨਹੀਂ ਹੋਇਆ ਤਾਂ ਜਿਲਾ ਅਧਿਕਾਰੀ ਪਹਿਲਾਂ ਇੰਨੇ ਡਰਾਮੇ ਕਿਉਂ ਕਰ ਰਿਹਾ ਸੀ। ਉਹਨਾਂ ਕਿਹਾ ਕਿ ਜੇਕਰ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਨਾ ਕਰਵਾਈ ਗਈ ਤਾਂ ਉਹ ਆਪਣੇ ਜਥੇਬੰਦੀਆਂ ਦੇ ਨਾਲ ਨਾਲ ਹੋਰ ਜਥੇਬੰਦੀਆਂ ਨੂੰ ਲੈ ਕੇ ਇਨਸਾਫ ਨਾ ਮਿਲਣ ਤੱਕ ਸੰਘਰਸ਼ ਕਰਨਗੇ।
ਇੱਥੇ ਜ਼ਿਕਰਯੋਗ ਹੈ ਕਿ ਜੇਕਰ ਜਿਲਾ ਅਧਿਕਾਰੀ ਨੇ ਜੇਕਰ ਇਸ ਮਾਮਲੇ ਦੀ ਜਾਂਚ ਕਰਨ ਲਈ ਜਗਰਾਉਂ ਆਪਣੀ ਟੀਮ ਨਾਲ ਆਣਾ ਸੀ ਤਾਂ ਜਿਲਾ ਅਧਿਕਾਰੀ ਵੱਲੋਂ ਇਸ ਦੀ ਜਾਣਕਾਰੀ ਪੱਤਰਕਾਰਾਂ ਨਾਲ ਕਿਉਂ ਸਾਂਝੀ ਨਹੀਂ ਕੀਤੀ ਗਈ ਜੋ ਕਿ ਪਿਛਲੇ ਕਈ ਦਿਨਾਂ ਤੋਂ ਜਿਲਾ ਅਧਿਕਾਰੀ ਤੋਂ ਇਸ ਵੱਡੇ ਘਪਲੇ ਦੀ ਪੂਰੀ ਸੱਚਾਈ ਉਜਾਗਰ ਕਰਨ ਦੇ ਲਈ ਆਪਣੀ ਜਿੰਮੇਵਾਰੀ ਨੂੰ ਤਹਿ ਦਿਲ ਤੋਂ ਨਿਭਾ ਰਹੇ ਸਨ। ਕੀ ਉਹਨਾਂ ਨੇ ਇਹ ਜਰੂਰੀ ਨਹੀਂ ਸਮਝਿਆ ਕਿ ਉਹਨਾਂ ਨੂੰ ਇਸ ਜਾਂਚ ਦੇ ਸਮੇਂ ਉਹਨਾਂ ਪੱਤਰਕਾਰਾਂ ਨੂੰ ਆਪਣੇ ਨਾਲ ਮੌਜੂਦ ਰੱਖਣਾ ਚਾਹੀਦਾ ਜਿਨਾਂ ਵੱਲੋਂ ਲਗਾਤਾਰ ਕਰੋੜਾਂ ਰੁਪਏ ਦੇ ਇਸ ਵੱਡੇ ਘਪਲੇ ਦੀਆਂ ਖਬਰਾਂ ਨੂੰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।