ਐਫ ਐਂਡ ਸੀਸੀ ਦੀ ਮੀਟਿੰਗ ਵਿੱਚ ਲਗਭਗ 4.17 ਕਰੋੜ ਰੁਪਏ ਦੇ 26 ਏਜੰਡੇ ਪਾਸ: ਕਮਿਸ਼ਨਰ ਅਜੈ ਅਰੋੜਾ
ਅਸ਼ੋਕ ਵਰਮਾ
ਬਠਿੰਡਾ, 5 ਜੂਨ 2025:ਬਠਿੰਡਾ ਵਾਸੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਦਿਨ ਰਾਤ ਮਿਹਨਤ ਕਰ ਰਹੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਅਧਿਕਾਰੀਆਂ ਨੂੰ ਬਠਿੰਡਾ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਵਿੱਤ ਅਤੇ ਠੇਕਾ ਕਮੇਟੀ (ਐਫ ਐਂਡ ਸੀਸੀ) ਦੀ ਮੀਟਿੰਗ ਦੌਰਾਨ, ਉਨ੍ਹਾਂ ਅਧਿਕਾਰੀਆਂ ਨੂੰ ਉਪਰੋਕਤ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਦੌਰਾਨ ਨਗਰ ਨਿਗਮ ਕਮਿਸ਼ਨਰ ਸ੍ਰੀ ਅਜੈ ਅਰੋੜਾ, ਐਫ ਐਂਡ ਸੀਸੀ ਮੈਂਬਰ ਸ੍ਰੀ ਰਤਨ ਰਾਹੀ ਤੇ ਸ੍ਰੀ ਉਮੇਸ਼ ਗਰਗ ਗੋਗੀ, ਐਸਈ ਸ੍ਰੀ ਸੰਦੀਪ ਗੁਪਤਾ ਤੇ ਸ੍ਰੀ ਸੰਦੀਪ ਰੋਮਾਣਾ, ਐਕਸਈਐਨ ਸ੍ਰੀ ਰਾਜੇਂਦਰ ਕੁਮਾਰ ਤੇ ਸ੍ਰੀ ਨੀਰਜ ਕੁਮਾਰ ਦੇ ਨਾਲ ਮੇਅਰ ਦੇ ਪੀਏ ਸ੍ਰੀ ਸੁਰੇਸ਼ ਸੇਤੀਆ ਮੌਜੂਦ ਸਨ।
ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਕਮਿਸ਼ਨਰ ਸ੍ਰੀ ਅਜੈ ਅਰੋੜਾ ਨੇ ਦੱਸਿਆ ਕਿ ਉਕਤ ਮੀਟਿੰਗ ਵਿੱਚ ਬਠਿੰਡਾ ਸ਼ਹਿਰ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਲਗਭਗ 4.17 ਕਰੋੜ ਰੁਪਏ ਦੇ 26 ਏਜੰਡੇ ਪਾਸ ਕੀਤੇ ਗਏ ਹਨ। ਇਸ ਦੌਰਾਨ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਪੈਚ ਵਰਕ, ਪੀ.ਸੀ. ਅਤੇ ਇੰਟਰਲਾਕਿੰਗ ਟਾਈਲਾਂ ਦਾ ਏਜੰਡਾ ਪਾਸ ਕੀਤਾ ਗਿਆ ਹੈ, ਜਦੋਂ ਕਿ ਬਰਸਾਤ ਦੇ ਮੌਸਮ ਤੋਂ ਪਹਿਲਾਂ ਸਾਰੇ 50 ਵਾਰਡਾਂ ਵਿੱਚ ਰੋਡ ਜਾਲੀਆਂ ਦੀ ਸਫਾਈ ਦਾ ਏਜੰਡਾ ਵੀ ਪਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਜੋਗਰ ਪਾਰਕ ਦੀ ਬੰਦ ਪਈ ਕੰਟੀਨ ਨੂੰ ਮੁੜ ਚਾਲੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਗੋਬਿੰਦ ਨਗਰ ਧਰਮਸ਼ਾਲਾ ਦਾ ਸ਼ੈਡ ਅਤੇ ਗੜ੍ਹਵਾਲ ਭਰਾਤਰੀ ਮੰਡਲ ਧਰਮਸ਼ਾਲਾ ਦੇ ਨਵੀਨੀਕਰਨ ਦਾ ਏਜੰਡਾ ਵੀ ਮਨਜ਼ੂਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਲਈ ਦੋ ਪਾਣੀ ਦੇ ਟੈਂਕਰ ਖਰੀਦਣ ਦਾ ਪ੍ਰਸਤਾਵ ਵੀ ਏਜੰਡੇ ਵਿੱਚ ਰੱਖਿਆ ਗਿਆ ਹੈ। ਮੇਅਰ ਸ੍ਰੀ ਮਹਿਤਾ ਨੇ ਕਿਹਾ ਕਿ ਉਹ ਖੁਦ ਬਠਿੰਡਾ ਨੂੰ ਇੱਕ ਆਦਰਸ਼ ਸ਼ਹਿਰ ਬਣਾਉਣ ਲਈ ਦਿਨ ਰਾਤ ਕੰਮ ਕਰ ਰਹੇ ਹਨ ਅਤੇ ਨਗਰ ਨਿਗਮ ਤੇ ਸੀਵਰੇਜ ਬੋਰਡ ਦੇ ਸਾਰੇ ਅਧਿਕਾਰੀ ਤੇ ਕਰਮਚਾਰੀ ਵੀ ਇਸ ਵਿੱਚ ਸਹਿਯੋਗ ਕਰ ਰਹੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬਰਸਾਤ ਦੇ ਮੌਸਮ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਪੂਰੀਆਂ ਕਰਨ, ਸਾਰੇ ਡਿਸਪੋਜ਼ਲਾਂ ਦੀ ਜਾਂਚ ਕਰਨ ਅਤੇ ਜ਼ਰੂਰੀ ਵਸਤੂਆਂ ਦਾ ਪਹਿਲਾਂ ਤੋਂ ਹੀ ਢੁਕਵਾਂ ਪ੍ਰਬੰਧ ਕਰਨ, ਤਾਂ ਜੋ ਬਰਸਾਤ ਦੇ ਮੌਸਮ ਦੌਰਾਨ ਬਠਿੰਡਾ ਵਾਸੀਆਂ ਨੂੰ ਪਾਣੀ ਭਰਨ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।