ਜਮਹੂਰੀ ਅਧਿਕਾਰ ਸਭਾ ਵੱਲੋਂ ਨਰਿਦਰਦੀਪ ਦੀ ਮੌਤ ਪੁਲਿਸ ਤਸ਼ੱਦਦ ਦਾ ਸਿੱਟਾ ਕਰਾਰ
ਅਸ਼ੋਕ ਵਰਮਾ
ਬਠਿੰਡਾ, 5 ਜੂਨ 2025: ਜਮਹੂਰੀ ਅਧਿਕਾਰ ਸਭਾ ਨੇ ਸਾਰੇ ਘਟਨਾਕ੍ਰਮਦੀ ਸਮੁੱਚੀ ਪੜਤਾਲ ਪਿੱਛੋਂ ਨਰਿੰਦਰਦੀਪ ਸਿੰਘ ਸਿੰਘ ਉਰਫ ਨੰਨੂ ਦੀ ਤਸ਼ੱਦਦ ਨਾਲ ਹੋਈ ਮੌਤ ਬਾਰੇ ਉਚ ਪੱਧਰੀ ਜੁਡੀਸ਼ੀਅਲ ਜਾਂਚ ਦੀ ਮੰਗ ਕਰਦਿਆਂ ਕਿਹਾ ਹੈ ਕਿ ਮੌਤ ਸੜਕ ਹਾਦਸੇ ਨਾਲ ਨਹੀਂ ਬਲਕਿ ਅਥਾਹ ਤਸ਼ਦਦ ਕਾਰਨ ਹੋਈ ਹੈ। ਸਭਾ ਦੇ ਜਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ,ਸਹਾਇਕ ਸਕੱਤਰ ਅਵਤਾਰ ਸਿੰਘ ਅਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਤੱਥ ਖੋਜ ਰਿਪੋਰਟ ਰਿਲੀਜ਼ ਕਰਦਿਆਂ ਕਿਹਾ ਕਿ ਸਭਾ ਦੀ ਟੀਮ ਪਰਿਵਾਰ ਦੇ ਮੈਂਬਰਾਂ ਤੇ ਸਬੰਧਿਤ ਵਿਅਕਤੀਆਂ ਨੂੰ ਮਿਲੀ ਅਤੇ ਐਫਆਈਆਰ ਸਮੇਤ ਵੱਖ ਵੱਖ ਦਸਤਾਵੇਜਾਂ ਤੇ ਵੀਡੀਓ ਆਦਿ ਦੀ ਘੋਖ ਕੀਤੀ। ਸਭਾ ਨੇ ਨੋਟ ਕੀਤਾ ਕਿ ਪੋਸਟਮਾਰਟਮ ਵਿੱਚ ਉਸ ਦੇ ਸਰੀਰ ਤੇ ਲੱਗੀਆਂ ਸੱਟਾਂ ਦੀ ਗਿਣਤੀ ਬਹੁਤ ਜਿਆਦਾ ਹੈ ਅਤੇ ਇਹ ਸੱਟਾਂ ਐਕਸੀਡੈਂਟ ਵਾਲੀਆਂ ਨਹੀਂ ਤੇ ਨਾ ਹੀ ਕਾਰ ਦੀ ਹਾਲਤ ਐਕਸੀਡੈਂਟ ਵਾਲੀ ਹੈ ।
ਸਭਾ ਅਨੁਸਾਰ ਕਾਰ ਠੀਕ ਠਾਕ ਹਾਲਤ ਵਿੱਚ ਚਲਾ ਕੇ ਸਿਵਲ ਹਸਪਤਾਲ ਲਿਆਂਦੀ ਗਈ । ਕਾਰ ਦੀ ਡਰਾਈਵਰ ਸੀਟ ਵਾਲਾ ਸ਼ੀਸ਼ਾ ਟੁੱਟੇ ਹੋਣ ਨੂੰ ਹੀ ਐਕਸੀਡੈਂਟ ਮੰਨਣਾ ਠੀਕ ਨਹੀਂ । ਮਿਰਤਕ ਦੇ ਪਿਤਾ ਡਾ. ਰਣਜੀਤ ਸਿੰਘ ਅਤੇ ਪ੍ਰੀਵਾਰ ਨੇ ਸੀਆਈਏ ਸਟਾਫ ਨੂੰ ਦੋਸ਼ੀ ਠਹਿਰਾਇਆ ਅਤੇ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ । ਸਭਾ ਅਨੁਸਾਰ ਪੁਲਿਸ ਨੇ ਇਹਨਾਂ ਦੋਸ਼ਾਂ ਨੂੰ ਕਿਤੇ ਵੀ ਨਕਾਰਿਆ ਨਹੀਂ ਹੈ । ਸਭਾ ਦਾ ਕਹਿਣਾ ਹੈ ਕਿ ਸੀਆਈਏ ਸਟਾਫ-2 ਦਾ ਮੁਖੀ ਵੀ ਨਾਮਜਦ ਕੀਤਾ ਜਾਣਾ ਚਾਹੀਦਾ ਹੈ,ਕਿਉਂਕਿ ਉਸ ਦੀ ਸਲਾਹ ਤੋਂ ਬਿਨਾਂ ਇਹਨਾਂ ਤਸ਼ੱਦਦ ਕਿਵੇਂ ਕੀਤਾ ਜਾ ਸਕਦਾ ਹੈ । ਸਭਾ ਨੇ ਇਸ ਮੌਕੇ ਪੰਜਾਬ ਪੁਲਿਸ ਵੱਲੋਂ ਵੱਖ ਵੱਖ ਮਾਮਲਿਆਂ ’ਚ ਪੁਲਿਸ ਵੱਲੋਂ ਕੀਤੇ ਤਸ਼ੱਦਦ ਦੇ ਤੱਥ ਵੀ ਰੱਖੇ ਹਨ।
ਸਭਾ ਅਨੁਸਾਰ ਹੁਣ ਵੀ ਸ਼ੱਕ ਦੀ ਸੂਈ ਪੰਜਾਬ ਪੁਲਿਸ ਵੱਲ ਹੀ ਉੱਠਦੀ ਹੈ ਇਸ ਕਰਕੇ ਪੰਜਾਬ ਪੁਲਿਸ ਤੋਂ ਕਿਸੇ ਕਿਸਮ ਦੀ ਇਨਸਾਫ ਦੀ ਉਮੀਦ ਨਹੀਂ ਰਖੀ ਜਾ ਸਕਦੀ । ਸਭਾ ਆਗੂਆਂ ਨੇ ਕਿਹਾ ਕਿ ਮ੍ਰਿਤਕ ਦੀ ਤਸ਼ੱਦਦ ਕਾਰਨ ਹੋਈ ਮੌਤ ਦੇ ਪੂਰੇ ਘਟਨਾਕ੍ਰਮ ਤੇ ਸ਼ੱਕੀ ਹਾਲਤਾਂ ਮੌਤ ਦੀ ਉੱਚ ਪੱਧਰੀ ਜੁਡੀਸ਼ੀਅਲ ਜਾਂਚ ਹੀ ਇਸ ਘਟਨਾ ਨਾਲ ਜੁੜੇ ਸਾਰੇ ਪੱਖਾਂ ਤੋਂ ਪਰਦਾ ਚੁੱਕ ਸਕਦੀ ਹੈ । ਸਭਾ ਦਾ ਇਹ ਵੀ ਕਹਿਣਾ ਹੈ ਕਿ ਦਰਜ ਐਫ ਆਈਆਰ ਵਿੱਚ ਲੱਗੀਆਂ ਧਾਰਾਵਾਂ ਚ ਵਾਧਾ ਕਰਕੇ ਅਗਵਾ, ਤਸ਼ੱਦਦ ਤੇ ਕਤਲ ਕਰਨ ਦੀਆਂ ਧਾਰਾਂਵਾਂ ਸ਼ਾਮਿਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ । ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਅਤੇ ਪ੍ਰੀਵਾਰ ਨੂੰ ਕਨੂੰਨ ਮੁਤਾਬਿਕ ਬਣਦਾ ਮੁਆਵਜ਼ਾ ਵੀ ਮਿਲਣਾ ਚਾਹੀਦਾ ਹੈ ਕਿਉਂਕਿ ਨਰਿੰਦਰਦੀਪ ਆਪਣੇ ਘਰ ਦਾ ਇੱਕ ਕਮਾਊ ਮੈਂਬਰ ਸੀ।