ਨਰਿੰਦਰਦੀਪ ਹਿਰਾਸਤੀ ਕਤਲ: ਪੁਲਿਸ ਤੋਂ ਪੀੜਤ ਪ੍ਰੀਵਾਰ ਦੇ ਹੱਕ ’ਚ ਢੁੱਕਿਆ ਕੁੱਲ ਆਲਮ
ਅਸ਼ੋਕ ਵਰਮਾ
ਬਠਿੰਡਾ, 5ਜੂਨ 2025: ਨਰਿੰਦਰ ਦੀਪ ਸਿੰਘ ਹਿਰਾਸਤੀ ਕਤਲ ਵਿਰੋਧੀ ਐਕਸ਼ਨ ਐਕਸ਼ਨ ਕਮੇਟੀ ਦੇ ਸੱਦੇ ’ਤੇ ਅੱਜ ਸ਼ਹਿਰੀ ਦੁਕਾਨਦਾਰ, ਕਿਸਾਨ, ਮਜ਼ਦੂਰ, ਵਿਦਿਆਰਥੀ, ਨੌਜਵਾਨ ਤੇ ਔਰਤਾਂ ਵਹੀਰਾਂ ਘੱਤ ਕੇ ਐਸ ਐਸ ਪੀ ਦਫਤਰ ਬਠਿੰਡਾ ਅੱਗੇ ਦਿੱਤੇ ਧਰਨੇ ’ਚ ਪੁਜੇ ਅਤੇ 23 ਮਈ ਨੂੰ ਬਠਿੰਡਾ ਪੁਲਿਸ ਦੇ ਸੀ ਆਈ ਏ ਸਟਾਫ -2 ਦੀ ਹਿਰਾਸਤ ਵਿੱਚ ਕਥਿਤ ਤੌਰ ਕਤਲ ਕੀਤੇ ਗੋਨਿਆਣਾ ਮੰਡੀ ਦੇ ਆਈਲੈਟਸ ਅਧਿਆਪਕ ਨਰਿੰਦਰਦੀਪ ਦੇ ਮਾਮਲੇ ਦੀ ਉੱਚ ਪੱਧਰੀ ਸਮਾਂਬੱਧ ਅਦਾਲਤੀ ਜਾਂਚ ਕਰਵਾਉਣ, ਕਾਤਲ ਦੋਸ਼ੀ ਪੁਲਿਸ ਮੁਲਾਜ਼ਮਾਂ ’ਤੇ ਕਤਲ ਦਾ ਪਰਚਾ ਦਰਜ਼ ਕਰਕੇ ਗ੍ਰਿਫ਼ਤਾਰ ਕਰਨ ਅਤੇ ਨਰਿੰਦਰਦੀਪ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਤੋਂ ਇਲਾਵਾ ਪੀੜਤ ਪਰਿਵਾਰ ਨੂੰ ਢੱੁਕਵਾਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ। ਅੱਜ ਦੇ ਧਰਨੇ ਦੌਰਾਨ ਬੁਲਾਰਿਆਂ ਦੀ ਪੁਲਿਸ ਦਹਿਸ਼ਤ ਖਿਲਾਫ ਸੁਰ ਤਿੱਖੀ ਦੇਖਣ ਨੂੰ ਮਿਲੀ। ਬੁਲਾਰੇ ਆਗੂਆਂ ਨੇ ਪੁਲਿਸ ਜਿਆਦਤੀਆਂ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ।
ਬੁਲਾਰਿਆਂ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਿਆਂ ਵਿਰੁੱਧ ਯੁੱਧ ਛੇੜਨ ਦੇ ਨਾਅਰੇ ਹੇਠ ਅਸਲ ਵਿੱਚ ਲੋਕਾਂ ’ਚ ਪੁਲਿਸ ਦੀ ਦਹਿਸ਼ਤ ਪੈਦਾ ਕਰਨ ਦੇ ਖੋਟੇ ਮਨਸੂਬੇ ਪੂਰੀ ਤਰ੍ਹਾਂ ਜੱਗ ਜ਼ਾਹਰ ਹੋ ਚੁੱਕੇ ਹਨ। ਬੁਲਾਰਿਆਂ ਨੇ ਆਖਿਆ ਕਿ ਨਰਿੰਦਰਦੀਪ ਸਿੰਘ ਦੀ ਪੁਲਿਸ ਹਿਰਾਸਤ ਚ ਮੌਤ ਦੇ ਦੋ ਹਫ਼ਤੇ ਬੀਤਣ ਦੇ ਬਾਵਜੂਦ ਅਜੇ ਤੱਕ ਵੀ ਮਾਮਲੇ ਵਿੱਚ ਨਾਮਜਦ ਪੁਲਿਸ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਹਨਾਂ ਮੁੱਖ ਮੰਤਰੀ ਵੱਲੋਂ ਦੋ ਦਿਨ ਬਠਿੰਡਾ ਵਿੱਚ ਗੁਜ਼ਾਰਨ ਦੇ ਬਾਵਜੂਦ ਪੀੜਤ ਪਰਿਵਾਰ ਪ੍ਰਤੀ ਹਮਦਰਦੀ ਦੇ ਦੋ ਲਫਜ਼ ਵੀ ਨਾ ਬੋਲ ਕੇ ਕਥਿਤ ਕਾਤਲਾਂ ਦੀ ਪਿੱਠ ਥਾਪੜਣ ਦੇ ਦੋਸ਼ ਵੀ ਲਾਏ। ਉਹਨਾਂ ਆਖਿਆ ਕਿ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ ਇਸ ਲਈ ਹਕੂਮਤ ਪੰਜਾਬ ਨੂੰ ਨੰਗੇ ਚਿੱਟੇ ਪੁਲਿਸ ਰਾਜ ਵਿੱਚ ਤਬਦੀਲ ਕਰਨ ਦੇ ਰਾਹ ਪਈ ਹੋਈ ਹੈ।
ਉਹਨਾਂ ਆਖਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਹੀ ਪੰਜਾਬ ਚ ਲੱਗਭਗ ਤਿੰਨ ਦਰਜਨ ਨੌਜਵਾਨਾਂ ਦੇ ਪੁਲਿਸ ਹਿਰਾਸਤ ਤੇ ਜੇਲ੍ਹਾਂ ਚ ਕਤਲ ਹੋ ਚੁੱਕੇ ਹਨ ਜ਼ੋ ਪੰਜਾਬ ਚ ਕਾਨੂੰਨ ਦੀ ਥਾਂ ਜੰਗਲ ਰਾਜ਼ ਹੋਣ ਦਾ ਪ੍ਰਤੱਖ ਸਬੂਤ ਹੈ। ਅੱਜ ਦੇ ਇਕੱਠ ਨੂੰ ਪੁਲਿਸ ਹਿਰਾਸਤ ਦੌਰਾਨ ਕਤਲ ਕੀਤੇ ਨੌਜਵਾਨ ਨਰਿੰਦਰਦੀਪ ਸਿੰਘ ਦੀ ਧਰਮਪਤਨੀ ਨੈਨਸੀ ਅਤੇ ਨਰਿੰਦਰ ਦੀਪ ਸਿੰਘ ਦੇ ਪਿਤਾ ਡਾਕਟਰ ਰਣਜੀਤ ਸਿੰਘ ਨੇ ਆਖਿਆ ਕਿ ਨਰਿੰਦਰ ਦੀਪ ਸਿੰਘ ਇੱਕ ਕਾਬਲ ਅਧਿਆਪਕ ਸਨ ਜ਼ੋ 23 ਮਈ ਨੂੰ ਘਰੋਂ ਰੋਜ਼ਾਨਾ ਦੀ ਤਰ੍ਹਾਂ ਕੰਮ ਤੇ ਗਏ ਸਨ। ਉਹਨਾਂ ਕਿਹਾ ਕਿ ਉਨ੍ਹਾਂ ਨੂੰ ਸੀਆਈਏ ਸਟਾਫ ਬਠਿੰਡਾ 2 ਨੇ ਬਿਨਾਂ ਕਿਸੇ ਕੇਸ ਤੋਂ ਚੱਕ ਕੇ ਬੇਤਹਾਸ਼ਾ ਤਸ਼ੱਦਦ ਢਾਹਿਆ ਅਤੇ ਕਰੰਟ ਲਾ ਕੇ ਕਤਲ ਕਰ ਦਿੱਤਾ ਗਿਆ ਜਿਸਦੀ ਪੁਸ਼ਟੀ ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਤੋਂ ਵੀ ਹੁੰਦੀ ਹੈ। ਉਨ੍ਹਾਂ ਹਿਰਾਸਤੀ ਮੌਤਾਂ ਨੂੰ ਨੱਥ ਪਾਉਣ ਲਈ ਸਾਂਝੇ ਹੰਭਲਾ ਮਾਰਨ ਦਾ ਸੱਦਾ ਵੀ ਦਿੱਤਾ।
ਇੰਨ੍ਹਾਂ ਆਗੂਆਂ ਵੱਲੋਂ ਸੰਬੋਧਨ
ਧਰਨੇ ਨੂੰ ਐਕਸ਼ਨ ਕਮੇਟੀ ਦੇ ਆਗੂ ਬਲਕਰਨ ਸਿੰਘ ਬਰਾੜ, ਸ਼ਿੰਗਾਰਾ ਸਿੰਘ ਮਾਨ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਲਛਮਣ ਸਿੰਘ ਸੇਵੇਵਾਲਾ, ਗੁਰਦੀਪ ਸਿੰਘ ਰਾਮਪੁਰਾ, ਜਸਵੀਰ ਕੌਰ ਨੱਤ, ਬੂਟਾ ਸਿੰਘ ਬੁਰਜ ਗਿੱਲ, ਰੇਸ਼ਮ ਸਿੰਘ ਖੇਮੂਆਣਾ, ਅਮਿਤ ਕਪੂਰ, ਮੰਗਾ ਅਜ਼ਾਦ, ਪ੍ਰਕਾਸ਼ ਸਿੰਘ ਨੰਦਗੜ੍ਹ , ਸੁਖਵੀਰ ਸਿੰਘ, ਤਾਰਾ ਚੰਦ ਗੋਨਿਆਣਾ, ਸੁਖਵੀਰ ਸਿੰਘ, ਮੱਖਣ ਸਿੰਘ ਗੁਰੂਸਰ, ਜਸਵਿੰਦਰ ਸਿੰਘ, ਬੇਅੰਤ ਸਿੰਘ ਮਹਿਮਾ ਸਰਜਾ, ਸੋਨੂੰ ਮਹੇਸ਼ਵਰੀ, ਜਗਜੀਤ ਸਿੰਘ ਲਹਿਰਾ,ਚੰਦਰ ਸ਼ਰਮਾ, ਬਲਵਿੰਦਰ ਸਿੰਘ ਘਰਾਂਗਣਾਂ ,ਨਵਦੀਪ ਸਿੰਘ ਗੋਨਿਆਣਾ, ਲਖਵੀਰ ਸਿੰਘ ਲੌਂਗੋਵਾਲ, ਮਹਿੰਦਰ ਸਿੰਘ ਕੌੜਿਆਂਵਾਲੀ, ਧੀਰਜ ਕੁਮਾਰ, ਸੰਦੀਪ ਪਾਠਕ, ਅਵਤਾਰ ਸਿੰਘ ਮਹਿਮਾ, ਸੁਰਜੀਤ ਸਿੰਘ ਫੂਲ ਅਤੇ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ।