ਲੁਧਿਆਣਾ ਦਿਹਾਤੀ ਪੁਲਿਸ ਦੀ ਕਾਰਵਾਈ: ਨਸ਼ਾ ਤਸਕਰ ਦਾ ਤੋੜਿਆ ਘਰ
ਦੀਪਕ ਜੈਨ
ਜਗਰਾਉਂ, 5 ਜੂਨ 2025 - ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਅਤੇ ਡੀਜੀਪੀ ਪੰਜਾਬ ਪੁਲਿਸ ਦੇ ਦਿਸ਼ਾ ਨਿਰਦੇਸ਼ਾਂ ਤੇ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਅੱਜ ਵੱਡੀ ਕਾਰਵਾਈ ਕਰਦਿਆਂ ਹੋਇਆਂ ਇਲਾਕਾ ਗਾਂਧੀ ਨਗਰ ਮਹੱਲਾ ਅੰਦਰ ਰਹਿੰਦੇ ਨਸ਼ਾ ਤਸਕਰ ਦੇ ਮਕਾਨ ਨੂੰ ਤੋੜਿਆ ਗਿਆ ਹੈ। ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਨੇ ਦੱਸਿਆ ਕਿ ਨਸ਼ਾ ਤਸਕਰ ਬੂਟਾ ਸਿੰਘ ਵੱਲੋਂ ਨਗਰ ਕੌਂਸਲ ਦੀ ਜਮੀਨ ਉੱਪਰ ਨਜਾਇਜ਼ ਕਬਜ਼ਾ ਕਰਕੇ ਮਕਾਨ ਦੀ ਉਸਾਰੀ ਕੀਤੀ ਗਈ ਸੀ ਜਿਸ ਨਸ਼ਾ ਤਸਕਰ ਦੇ ਖਿਲਾਫ ਵੱਡੀ ਗਿਣਤੀ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ਅਤੇ ਉਸ ਦੇ ਕਾਰਨ ਨੂੰ ਪਹਿਲਾਂ ਹੀ ਫਰੀਜ ਕੀਤਾ ਹੋਇਆ ਸੀ ਅਤੇ ਅੱਜ ਜੇਸੀਬੀ ਮਸ਼ੀਨ ਲਿਆ ਕੇ ਉਸ ਦੇ ਨਜਾਇਜ਼ ਕਬਜ਼ੇ ਨੂੰ ਤੁੜਵਾਇਆ ਗਿਆ ਹੈ। ਇਸ ਸਾਰੀ ਕਾਰਵਾਈ ਮੌਕੇ ਐਸਐਸਪੀ ਅੰਕੁਰ ਗੁਪਤਾ ਮੌਕੇ ਤੇ ਮੌਜੂਦ ਰਹੇ ਤੇ ਉਹਨਾਂ ਤੋਂ ਇਲਾਵਾ ਸਬ ਡਿਵੀਜ਼ਨ ਜਗਰਾਉਂ ਦੇ ਡੀਐਸਪੀ ਜਸਜਿਓਤ ਸਿੰਘ , ਥਾਣਾ ਸਿਟੀ ਜਗਰਾਉਂ ਦੇ ਮੁਖੀ ਇੰਸਪੈਕਟਰ ਵਰਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਅਮਲਾ ਮੌਜੂਦ ਸੀ। ਇਸ ਤੋਂ ਇਲਾਵਾ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਅਤੇ ਨਗਰ ਕੌਂਸਲ ਦਾ ਸਟਾਫ ਵੀ ਅੱਜ ਦੀ ਕਾਰਵਾਈ ਮੌਕੇ ਮੌਜੂਦ ਸੀ।
ਪੁਲਿਸ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਨਸ਼ਾ ਤਸਕਰ ਬੂਟਾ ਸਿੰਘ ਪੁੱਤਰ ਰੋਸ਼ਨ ਲਾਲ ਉੱਪਰ ਵੱਡੀ ਗਿਣਤੀ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ। ਐਸਐਸਪੀ ਅੰਕਰ ਗੁਪਤਾ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਆਪਣਾ ਨਸ਼ਾ ਤਸਕਰੀ ਦਾ ਗੋਰਖ ਧੰਦਾ ਬੰਦ ਕਰ ਦੇਣ ਜਾਂ ਫਿਰ ਆਪਣਾ ਬੋਰੀਆ ਬਿਸਤਰ ਬੰਨ ਕਿ ਸਲਾਖਾਂ ਪਿੱਛੇ ਜਾਣ ਲਈ ਤਿਆਰ ਰਹਿਣ। ਉਹਨਾਂ ਅੱਗੇ ਕਿਹਾ ਕਿ ਅਜਿਹੇ ਕਿਸੇ ਮਾਮਲੇ ਵਿੱਚ ਕਿਸੇ ਵੀ ਨਸ਼ਾ ਤਸਕਰ ਦੀ ਸਿਫਾਰਿਸ਼ ਕਰਨ ਵਾਲੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ।