ਪੀਏਯੂ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਵਿਖੇ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ
- ਪੀ ਏ ਯੂ ਵਲੋਂ ਵਿਕਸਿਤ ਸਿੱਧੀ ਬਿਜਾਈ ਤਕਨੀਕ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਨੇ ਕੁਦਰਤੀ ਸਰੋਤਾਂ ਲਈ ਸੰਜੀਵਨੀ ਕਿਹਾ
ਲੁਧਿਆਣਾ 5 ਜੂਨ, 2025 - ਅੱਜ ਪੀ ਏ ਯੂ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਵਿਚ ਇਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਵਿਸ਼ਵ ਵਾਤਾਵਰਨ ਦਿਵਸ ਮੌਕੇ ਭਾਰਤ ਸਰਕਾਰ ਦੇ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ ਆਯੋਜਿਤ ਕੀਤਾ ਗਿਆ। ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਇਸ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨਾਲ ਪੰਜਾਬ ਦੇ ਖੇਤੀਬਾੜੀ ਮੰਤਰੀ ਸ ਗੁਰਮੀਤ ਸਿੰਘ ਖੁੱਡੀਆਂ ਤੋਂ ਇਲਾਵਾ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ, ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਨਿਰਦੇਸ਼ਕ ਜਨਰਲ ਡਾ ਐੱਮ ਐੱਲ ਜਾਟ, ਉਪ ਨਿਰਦੇਸ਼ਕ ਜਨਰਲ ਡਾ ਰਾਜਬੀਰ ਸਿੰਘ, ਪੰਜਾਬ ਸਰਕਾਰ ਦੇ ਖੇਤੀਬਾੜੀ ਬਾਰੇ ਵਿੱਤ ਸਕੱਤਰ ਸ਼੍ਰੀ ਬਸੰਤ ਗਰਗ, ਆਈ ਏ ਐੱਸ, ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਡਾ ਜਸਵੰਤ ਸਿੰਘ, ਅਟਾਰੀ ਦੇ ਨਿਰਦੇਸ਼ਕ ਡਾ ਨਚੀਕੇਤ ਕੋਤਵਾਲੀਵਾਲੇ, ਡਾ ਪਰਮਿੰਦਰ ਸ਼ੇਰੋਂ, ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਜਤਿੰਦਰਪਾਲ ਸਿੰਘ,ਮੱਕੀ ਖੋਜ ਕੇਂਦਰ ਦੇ ਨਿਰਦੇਸ਼ਕ ਐੱਚ ਐੱਲ ਜਾਟ,ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ, ਭਾਰਤ ਸਰਕਾਰ ਦੇ ਖੇਤੀਬਾੜੀ ਕਮਿਸ਼ਨਰ ਪੀ ਕੇ ਸਿੰਘ, ਜ਼ਿਲ੍ਹਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਮੈਡਮ ਪ੍ਰੀਤੀ ਯਾਦਵ ਵਿਸ਼ੇਸ਼ ਤੌਰ ਤੇ ਮੰਚ ਦੀ ਸ਼ੋਭਾ ਬਣੇ। ਇਸ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ, ਖੇਤੀ ਕਰਮੀ, ਪਸਾਰ ਖੋਜ ਅਤੇ ਖੇਤੀ ਮਾਹਿਰ ਅਤੇ ਵਿਦਿਆਰਥੀ ਇਸ ਸਮਾਰੋਹ ਦੌਰਾਨ ਮੌਜੂਦ ਰਹੇ। ਇਸ ਸਮਾਰੋਹ ਦਾ ਉਦੇਸ਼ ਸਰਕਾਰ ਦੀਆਂ ਖੇਤੀ ਸੰਬੰਧੀ ਯੋਜਨਾਵਾਂ ਅਤੇ ਨਵੀਆਂ ਤਕਨੀਕਾਂ ਦੀ ਜਾਣਕਾਰੀ ਕਿਸਾਨੀ ਸਮਾਜ ਤਕ ਪੁਚਾਉਣਾ ਸੀ।
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਪਣੇ ਭਾਸ਼ਣ ਵਿਚ ਪੰਜਾਬ ਨਾਲ ਭਾਵੁਕ ਸਾਂਝ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਕਿਸਾਨਾਂ ਨਾਲ ਚਰਚਾ ਨੂੰ ਕਿਰਤ ਦੇ ਤਜਰਬਿਆਂ ਦਾ ਸਿੱਖਣ ਅਮਲ ਆਖਦਿਆਂ ਇਸਨੂੰ ਖੇਤੀ ਦੀ ਮੂਲ ਸਿੱਖਿਆ ਕਿਹਾ। ਸੋਲ੍ਹਾਂ ਹਜ਼ਾਰ ਖੇਤੀ ਵਿਗਿਆਨੀਆਂ ਨੂੰ ਦੇਸ਼ ਦੀ ਕੀਮਤੀ ਧਰੋਹਰ ਕਹਿ ਕੇ ਸ਼੍ਰੀ ਚੌਹਾਨ ਨੇ ਉਨ੍ਹਾਂ ਵਿਗਿਆਨੀਆਂ ਨੂੰ ਸੱਦਾ ਦਿੱਤਾ ਕਿ ਇਹ ਲੈਬਾਂ ਤੋਂ ਬਾਹਰ ਆ ਕੇ ਖੇਤ ਵਿਚ ਜਾਣ ਅਤੇ ਆਪਣੀ ਖੋਜ ਲਈ ਨਵੇਂ ਆਧਾਰ ਵਿਸ਼ੇ ਤਲਾਸ਼ ਕਰਨ। ਇਸੇ ਲਈ ਇਸ ਅਭਿਆਨ ਨੂੰ ਦੂਰ ਦਰਾਜ਼ ਦੇ ਇਲਾਕਿਆਂ ਤਕ ਚਲਾਇਆ ਜਾ ਰਿਹਾ ਹੈ। ਇਸ ਅਭਿਆਨ ਦੇ ਨਾਲ ਜ਼ਮੀਨੀ ਪੱਧਰ ਤੱਕ ਪੁੱਜਣਾ ਸਰਕਾਰ ਅਤੇ ਖੇਤੀ ਅਧਿਕਾਰੀਆਂ ਦਾ ਮੰਤਵ ਹੈ। ਇਸਦੇ ਅਧਾਰ ਤੇ ਹੀ ਦੇਸ਼ ਦੀ ਖੇਤੀ ਨੀਤੀ ਦਾ ਨਿਰਮਾਣ ਸੰਭਵ ਹੋ ਸਕੇਗਾ।
ਸ਼੍ਰੀ ਚੌਹਾਨ ਨੇ ਪੰਜਾਬ ਦੀ ਧਰਤੀ ਨੂੰ ਨਮਸਕਾਰ ਕਰਦਿਆਂ ਇਸਨੂੰ ਦੇਸ਼ ਦੀ ਪਾਲਣਹਾਰ ਕਿਹਾ ਤੇ ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਦਾ ਢਿੱਡ ਭਰਨ ਵਾਲੇ ਆਖਿਆ। ਦੇਸ਼ ਵਿਚ ਕਣਕ , ਮੱਕੀ, ਸੋਇਆਬੀਨ, ਮੂੰਗਫਲੀ ਆਦਿ ਦਾ ਉਤਪਾਦਨ ਸਿਖਰ ਤੇ ਹੈ ਤੇ ਇਸਦਾ ਸਿਹਰਾ ਕਿਸਾਨ ਸਿਰ ਹੈ। ਉਨ੍ਹਾਂ ਆਖਿਆ ਕਿ ਦਾਲਾਂ ਦੇ ਖੇਤਰ ਵਿਚ ਹੋਰ ਕਾਰਜ ਕੀਤੇ ਜਾਣ ਦੀ ਲੋੜ ਹੈ ਤੇ ਆਸ ਹੈ ਕਿ ਜਲਦ ਹੀ ਇਸ ਦਿਸ਼ਾ ਵਿਚ ਹੋਰ ਕੰਮ ਕੀਤਾ ਜਾਏਗਾ। ਸ਼੍ਰੀ ਚੌਹਾਨ ਨੇ ਨਾਲ ਹੀ ਕੁਦਰਤੀ ਸਰੋਤਾਂ ਨੂੰ ਸੰਭਾਲਣ ਦਾ ਸੱਦਾ ਦਿੰਦਿਆਂ ਸਿੱਧੀ ਬਿਜਾਈ ਵਾਲੀ ਤਕਨੀਕ ਨਾਲ ਝੋਨੇ ਦੀ ਬਿਜਾਈ ਕਰਨ ਨੂੰ ਅੱਜ ਦੀ ਲੋੜ ਆਖਿਆ। ਉਨ੍ਹਾਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਰਸਾਇਣਾਂ ਦੀ ਵਰਤੋਂ ਕਰਦੇ ਸਮੇਂ ਸਿਫਾਰਿਸ਼ਾਂ ਵੱਲ ਧਿਆਨ ਦੇਣ। ਇਸਦੇ ਨਾਲ ਹੀ ਖੇਤੀ ਪ੍ਰੋਸੈਸਿੰਗ ਵੱਲ ਧਿਆਨ ਦੇ ਕੇ ਵੱਧ ਮੁਨਾਫਾ ਕਮਾਉਣ ਦੀ ਲੋੜ ਵੱਲ ਵੀ ਉਨ੍ਹਾਂ ਸੰਕੇਤ ਕੀਤਾ। ਉਨ੍ਹਾਂ ਨੇ ਰਿਮੋਟ, ਏ ਆਈ ਆਦਿ ਤਰੀਕਿਆਂ ਵੱਲ ਕਾਰਜ ਕਰਦੇ ਵਿਗਿਆਨਕਾਂ ਨੂੰ ਆਖਿਆ ਕਿ ਇਸਨੂੰ ਕਿਸਾਨ ਪੱਖੀ ਬਣਾਉਣ ਲਈ ਪੂਰੀ ਵਾਹ ਲਾ ਦੇਣ। ਪਾਣੀ ਦੀ ਕਮੀ ਵੱਲ ਧਿਆਨ ਦਿਵਾਉਣ ਵੇਲੇ ਉਨ੍ਹਾਂ ਦਰਿਆਈ ਪਾਣੀਆਂ ਦੀ ਸੁਚੱਜੀ ਵਰਤੋਂ ਲਈ ਹੋਰ ਵਿਉਂਤਬੰਦੀ ਦੀ ਲੋੜ ਤੇ ਜ਼ੋਰ ਦਿੱਤਾ।
ਹਾਜ਼ਰੀਨ ਨੂੰ ਸੰਬੋਧਿਤ ਹੁੰਦਿਆਂ ਸ ਗੁਰਮੀਤ ਸਿੰਘ ਖੁੱਡੀਆਂ ਨੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਆਯੋਜਿਤ ਕੀਤੇ ਜਾ ਰਹੇ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਨੂੰ ਖੇਤੀ ਸੰਬੰਧੀ ਇਤਿਹਾਸਕ ਅਤੇ ਨਵਾਂ ਮੋੜਾ ਦੇਣ ਦੀ ਕੋਸ਼ਿਸ਼ ਆਖਿਆ। ਕਿਸਾਨਾਂ ਵੱਲੋਂ ਅਪਣਾਏ ਜਾਂਦੇ ਤਜਰਬਿਆਂ ਬਾਰੇ ਗੱਲ ਕਰਦਿਆਂ ਸ ਖੁੱਡੀਆਂ ਨੇ ਵਾਤਾਵਰਨ ਦੀ ਸੰਭਾਲ ਲਈ ਕਿਸਾਨੀ ਸਮਾਜ ਕੋਲੋਂ ਸਿੱਖਣ ਦੀ ਲੋੜ ਉੱਪਰ ਜ਼ੋਰ ਦਿੱਤਾ। ਉਨ੍ਹਾਂ ਪੰਜਾਬ ਦੀ ਖੇਤੀਬਾੜੀ ਅਤੇ ਭੂਗੋਲ ਬਾਰੇ ਗੱਲ ਕੀਤੀ ਅਤੇ ਦੇਸ਼ ਦੀ ਆਜ਼ਾਦੀ, ਸੁਰੱਖਿਆ ਅਤੇ ਖ਼ੁਰਾਕ ਦੀ ਸੁਰੱਖਿਆ ਲਈ ਪਾਏ ਯੋਗਦਾਨ ਨੂੰ ਅੰਕਿਤ ਕੀਤਾ। ਸਮੇਂ ਨਾਲ ਬਦਲਦੀ ਖੇਤੀ ਤਕਨੀਕ ਨੂੰ ਅਹਿਮ ਕਹਿੰਦਿਆਂ ਸ ਖੁੱਡੀਆਂ ਨੇ ਪੀ ਏ ਯੂ ਵਲੋਂ ਖੇਤੀ ਦੀਆਂ ਨਵੀਆਂ ਤਕਨੀਕਾਂ ਅਤੇ ਖੋਜਾਂ ਦਾ ਹਵਾਲਾ ਦਿੱਤਾ। ਪੰਜਾਬ ਦੇ ਖੇਤੀ ਸੰਕਟਾਂ ਬਾਰੇ ਗੱਲ ਕਰਨ ਮੌਕੇ ਉਨ੍ਹਾਂ ਕੇਂਦਰੀ ਖੇਤੀ ਮੰਤਰੀ ਨੂੰ ਪੰਜਾਬ ਦੇ ਮਸਲਿਆਂ ਨੂੰ ਪਹਿਲ ਦੇ ਅਧਾਰ ਤੇ ਵਿਚਾਰਨ ਦੀ ਅਪੀਲ ਕੀਤੀ। ਨਾਲ ਹੀ ਸ ਖੁੱਡੀਆਂ ਨੇ ਝੋਨੇ ਕਣਕ ਦੇ ਫਸਲੀ ਚੱਕਰ ਨੂੰ ਬਦਲਣ ਲਈ ਕੇਂਦਰੀ ਸਹਿਯੋਗ ਵੱਲ ਧਿਆਨ ਦਿਵਾਇਆ। ਇਸਦੇ ਨਾਲ ਹੀ ਪਰਾਲੀ ਦੀ ਸੁਚੱਜੀ ਸੰਭਾਲ ਲਈ ਵੀ ਕੇਂਦਰ ਸਰਕਾਰ ਦੇ ਸਹਿਯੋਗ ਦੀ ਆਸ ਸ ਗੁਰਮੀਤ ਸਿੰਘ ਖੁੱਡੀਆਂ ਨੇ ਪ੍ਰਗਟ ਕੀਤੀ।
ਸ਼੍ਰੀ ਐੱਮ ਐੱਲ ਜਾਟ ਨੇ ਵੀ ਸਭਾ ਸਾਮ੍ਹਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਖੇਤੀ ਖੋਜ ਦੀ ਵਿਹਾਰਿਕਤਾ ਨੂੰ ਹੋਰ ਸਾਰਥਕ ਬਣਾਉਣ ਦਾ ਯਤਨ ਹਨ। ਇਸ ਨਾਲ ਖੇਤੀ ਖੋਜ ਦੇ ਸਿੱਟੇ ਆਮ ਲੋਕਾਂ ਅਤੇ ਕਿਸਾਨਾਂ ਤਕ ਪੁੱਜਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਦੇਸ਼ ਲਈ ਹੀ ਨਹੀਂ ਬਲਕਿ ਦੁਨੀਆਂ ਅੱਗੇ ਮਿਸਾਲੀ ਖੇਤੀ ਕਾਰਜ ਕਰਕੇ ਆਪਣੀ ਪਛਾਣ ਬਣਾਈ ਹੈ। ਇਸ ਕਾਰਜ ਨੂੰ ਅੱਗੇ ਵਧਾਉਣ ਲਈ ਭਾਰਤੀ ਖੇਤੀ ਖੋਜ ਪ੍ਰੀਸ਼ਦ ਹਮੇਸ਼ਾ ਪੀ ਏ ਯੂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।
ਸਵਾਗਤੀ ਸ਼ਬਦ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਕਹੇ। ਉਨ੍ਹਾਂ ਨੇ ਭਾਰਤ ਸਰਕਾਰ ਅਤੇ ਆਈ ਸੀ ਏ ਆਰ ਦੇ ਸਹਿਯੋਗ ਨਾਲ ਜਾਰੀ ਕ੍ਰਿਸ਼ੀ ਸੰਕਲਪ ਅਭਿਆਨ ਨੂੰ ਖੇਤੀ ਦੇ ਵਿਕਾਸ ਦਾ ਅਹਿਮ ਪੜਾਅ ਕਿਹਾ। ਨਾਲ ਹੀ ਡਾ ਗੋਸਲ ਨੇ ਪੀ ਏ ਯੂ ਅਤੇ ਗਡਵਾਸੂ ਵਲੋਂ ਵਿਕਸਿਤ ਤਕਨਾਲੋਜੀਆਂ ਨੂੰ ਪਿੰਡ ਪਿੰਡ ਪੁਚਾਉਣ ਲਈ ਵਿਸ਼ੇਸ਼ ਕੋਸ਼ਿਸ਼ਾਂ ਦਾ ਪ੍ਰਣ ਲਿਆ। ਵਾਈਸ ਚਾਂਸਲਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਤਜਰਬੇ ਅਤੇ ਮੁਸ਼ਕਿਲਾਂ ਮਾਹਿਰਾਂ ਨਾਲ ਸਾਂਝੀਆਂ ਕਰਨ ਤਾਂ ਜੋ ਖੋਜ ਨੂੰ ਮੰਗ ਅਨੁਸਾਰ ਵਿਉਂਤਿਆ ਜਾ ਸਕੇ।
ਅੰਤ ਵਿੱਚ ਆਈ ਸੀ ਏ ਆਰ ਦੇ ਉਪ ਨਿਰਦੇਸ਼ਕ ਜਨਰਲ ਡਾ ਰਾਜਬੀਰ ਸਿੰਘ ਨੇ ਸਮਾਗਮ ਵਿਚ ਸ਼ਾਮਿਲ ਹੋਣ ਲਈ ਸਮੂਹ ਲੋਕਾਂ ਦਾ ਧੰਨਵਾਦ ਕੀਤਾ।
ਸਮਾਰੋਹ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਅਤੇ ਸਹਿਯੋਗੀ ਨਿਰਦੇਸ਼ਕ ਲੋਕ ਸੰਪਰਕ ਡਾ ਕੁਲਦੀਪ ਸਿੰਘ ਨੇ ਕੀਤਾ।
ਹਾਜ਼ਰ ਕਿਸਾਨਾਂ ਦੇ ਗਿਆਨ ਵਾਧੇ ਲਈ ਤਕਨੀਕੀ ਸੈਸ਼ਨ ਵੀ ਹੋਇਆ। ਸੈਸ਼ਨ ਦੌਰਾਨ ਪੀ ਏ ਯੂ ਮਾਹਿਰਾਂ ਨੇ ਕਿਸਾਨਾਂ ਨੂੰ ਚਲੰਤ ਫਸਲੀ ਚੱਕਰ ਦੀਆਂ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ਬਾਰੇ ਰੌਸ਼ਨੀ ਪਾਈ।
ਇਸ ਸਮਾਰੋਹ ਦੌਰਾਨ ਪੀ ਏ ਯੂ ਦੇ ਵੱਖ ਵੱਖ ਵਿਭਾਗਾਂ ਨੇ ਆਪਣੀਆਂ ਖੋਜ ਅਤੇ ਪਸਾਰ ਸਰਗਰਮੀਆਂ ਦੀਆਂ ਪ੍ਰਦਰਸ਼ਨੀਆਂ ਲਾਈਆਂ। ਮਹਿਮਾਨਾਂ ਨੇ ਇਨ੍ਹਾਂ ਪ੍ਰਦਰਸ਼ਨੀਆਂ ਉੱਪਰ ਜਾ ਕੇ ਮਾਹਿਰਾਂ ਦੀਆਂ ਧਾਰਨਾਵਾਂ ਨੂੰ ਬੜੇ ਗਹੁ ਨਾਲ ਦੇਖਿਆ।