ਅਧਿਆਪਕਾਂ ਮੰਗਾਂ ਹੱਲ ਨਾ ਹੋਣ ਦੇ ਵਿਰੋਧ ਵਜੋਂ 11 ਜੂਨ ਨੂੰ ਲੁਧਿਆਣਾ ਸ਼ਹਿਰ ਵਿੱਚ ਹੋਵੇਗਾ ਸੂਬਾਈ ਰੋਸ ਮੁਜ਼ਾਹਰਾ
ਅਧਿਆਪਕ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਕਮ ਧਰਨੇ ਦਾ ਨੋਟਿਸ
ਹਜਾਰਾਂ ਸਕੂਲ ਅਧਿਆਪਕਾਂ ਦੇ ਪੈਂਡਿੰਗ ਮਸਲੇ ਹੱਲ ਕਰਨ ਲਈ ਖੁਦ ਮੁੱਖ ਮੰਤਰੀ ਆਉਣ ਅੱਗੇ: ਅਧਿਆਪਕ ਜਥੇਬੰਦੀਆਂ
ਦਲਜੀਤ ਕੌਰ
ਲੁਧਿਆਣਾ, 5 ਜੂਨ, 2025: ਸਕੂਲ ਅਧਿਆਪਕਾਂ ਦੀਆਂ ਪ੍ਰਮੁੱਖ ਸੰਘਰਸ਼ੀ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੇ ਸਿੱਖਿਆ ਕ੍ਰਾਂਤੀ ਦੇ ਨਾਅਰੇ ਨੂੰ ਖੋਖਲਾ ਕਰਾਰ ਦਿੰਦੇ ਹੋਏ ਅਧਿਆਪਕਾਂ ਦੀਆਂ ਵਿਭਾਗੀ ਤੇ ਵਿੱਤੀ ਮੰਗਾਂ ਦਾ ਹੱਲ ਨਾ ਹੋਣ ਦੇ ਵਿਰੋਧ ਵਜੋਂ 11 ਜੂਨ ਨੂੰ ਲੁਧਿਆਣਾ ਸ਼ਹਿਰ ਵਿੱਚ ਸੂਬਾ ਪੱਧਰੀ ਰੋਸ ਮੁਜਾਹਰਾ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸੇ ਐਲਾਨ ਤਹਿਤ ਅਧਿਆਪਕ ਆਗੂਆਂ ਦੇ ਭਰਵੇਂ ਵਫ਼ਦ ਵੱਲੋਂ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਈਟੀਟੀ 6635 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ਼, 4161 ਮਾਸਟਰ ਕਾਡਰ ਯੂਨੀਅਨ ਦੇ ਸੂਬਾ ਆਗੂ ਬਲਕਾਰ ਮਘਾਣੀਆ ਅਤੇ 2392 ਅਧਿਆਪਕ ਯੂਨੀਅਨ ਦੇ ਗੁਰਬਖਸ਼ੀਸ਼ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਹਿਮਾਂਸ਼ੂ ਜੈਨ ਨਾਲ ਮੁਲਾਕਾਤ ਕਰਕੇ ਮੁੱਖ ਮੰਤਰੀ ਪੰਜਾਬ ਦੇ ਨਾਂ 'ਮੰਗ ਪੱਤਰ' ਅਤੇ ਧਰਨੇ ਦਾ ਨੋਟਿਸ ਸੌਂਪਿਆ ਗਿਆ।
ਇਸ ਮੌਕੇ ਗੱਲਬਾਤ ਦੌਰਾਨ ਸੂਬਾਈ ਆਗੂਆਂ ਨਿਰਮਲ ਜੀਰਾ, ਮੁਕੇਸ਼ ਗੁਜਰਾਤੀ, ਜਸਵਿੰਦਰ ਐਤੀਆਣਾ, ਰਮਨਜੀਤ ਸੰਧੂ ਅਤੇ ਜਸਵਿੰਦਰ ਔਜਲਾ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਰਿਕਾਸਟ ਮੈਰਿਟ ਸੂਚੀਆਂ ‘ਚੋਂ ਬਾਹਰ ਕੀਤੇ 3704 ਮਾਸਟਰ ਕਾਡਰ, 899 ਅੰਗਰੇਜ਼ੀ, 6635 ਈਟੀਟੀ ਦੇ ਸੈਕੜੇ ਅਧਿਆਪਕਾਂ ਦੀ ਹੁਣ ਤੱਕ ਦੀ ਨੌਕਰੀ ਅਤੇ ਭਵਿੱਖ ਪੂਰਨ ਸੁਰੱਖਿਅਤ ਕੀਤਾ ਜਾਵੇ। 3704 ਕਾਡਰ ਅਤੇ 6635 ਈਟੀਟੀ ਨੂੰ ਜਾਰੀ ਸੇਵਾਵਾਂ ਟਰਮੀਨੇਸ਼ਨ ਸੰਬੰਧੀ ਸ਼ੋ ਕਾਜ਼ ਨੋਟਿਸ ਮੁੱਢੋਂ ਰੱਦ ਕੀਤੇ ਜਾਣ। ਇਸੇ ਤਰ੍ਹਾਂ 6635 ਈਟੀਟੀ, 4161 ਤੇ 2392 ਮਾਸਟਰ, ਪੱਖਪਾਤੀ ਸਟੇਸ਼ਨ ਚੋਣ ਨੀਤੀ ਦਾ ਸ਼ਿਕਾਰ ਈਟੀਟੀ ਤੋਂ ਮਾਸਟਰ ਅਤੇ ਮਾਸਟਰ ਤੋਂ ਲੈਕਚਰਾਰ ਪ੍ਰੋਮੋਟਡ ਅਧਿਆਪਕਾਂ ਅਤੇ ਛੋਟ ਪ੍ਰਾਪਤ ਕੈਟੇਗਰੀਆਂ ਲਈ ਬਿਨਾਂ ਸ਼ਰਤ ਬਦਲੀ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇ ਅਤੇ ‘ਆਮ ਬਦਲੀਆਂ-2025’ ਦੀ ਪ੍ਰੀਕਿਿਰਆ ਫੌਰੀ ਸ਼ੁਰੂ ਕੀਤੀ ਜਾਵੇ। ਈਟੀਟੀ ਤੋਂ ਲੈ ਕੇ ਪ੍ਰਿੰਸੀਪਲ ਤੱਕ ਦੇ ਸਾਰੇ ਟੀਚਿੰਗ ਅਤੇ ਨਾਨ-ਟੀਚਿੰਗ ਕਾਡਰਾਂ ਦੀਆਂ ਸਾਰੀਆਂ ਪੈਡਿੰਗ ਤਰੱਕੀਆਂ 75% ਤਰੱਕੀ ਕੋਟੇ ਅੁਨਸਾਰ ਬਿਨਾਂ ਕਿਸੇ ਪੱਖਪਾਤ ਸਾਰੇ ਖਾਲੀ ਸਟੇਸ਼ਨ ਪੇਸ਼ ਕਰਕੇ ਮੁਕੰਮਲ ਕੀਤੀਆਂ ਜਾਣ। ਕੰਪਿਊਟਰ ਅਧਿਆਪਕਾਂ, ਮੈਰੀਟੋਰੀਅਸ ਅਧਿਆਪਕਾਂ, ਐਸੋਸੀਏਟ ਅਧਿਆਪਕਾਂ, ਸਮੂਹ ਕੱਚੇ ਅਧਿਆਪਕਾਂ ਅਤੇ ਸਮੱਗਰਾ ਅਧੀਨ ਨਾਨ ਟੀਚਿੰਗ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ। 5178 ਅਧਿਆਪਕਾਂ ਨੂੰ ਪਰਖ ਸਮੇਂ ਵਿੱਚ ਪੂਰੇ ਤਨਖਾਹ ਸਕੇਲ ਅੁਨਸਾਰ ਬਕਾਏ ਦੇਣ ਦੇ ਅਦਾਲਤੀ ਫੈਸਲੇ ਨੂੰ ਜਨਰਲਾਇਜ਼ ਕਰਨ ਦਾ ਫੈਸਲਾ ਹਕੀਕੀ ਰੂਪ ਵਿੱਚ ਲਾਗੂ ਕੀਤਾ ਜਾਵੇ। ਸਾਥੀ ਨਰਿੰਦਰ ਭੰਡਾਰੀ ਦੀ ਟਰਮੀਨੇਸ਼ਨ ਤਜਵੀਜ ਰੱਦ ਕਰਕੇ ਸੇਵਾਵਾਂ ਕਨਫਰਮ ਕੀਤੀਆਂ ਜਾਣ ਅਤੇ ਓ.ਡੀ.ਐੱਲ ਅਧਿਆਪਕਾਂ ਦੇ ਪੈਂਡਿੰਗ ਰੈਗੂਲਰ ਆਰਡਰ ਜਾਰੀ ਕੀਤੇ ਜਾਣ। ਡਾ. ਰਵਿੰਦਰ ਕੰਬੋਜ਼ ਦਾ ਟਰਮੀਨੇਸ਼ਨ ਆਰਡਰ ਰੱਦ ਕਰਨ ਦਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਫੈਸਲਾ ਲਾਗੂ ਕਰਕੇ ਪੈਡਿੰਗ ਰੈਗੂਲਰ ਪੱਤਰ ਜਾਰੀ ਕੀਤਾ ਜਾਵੇ। ਓਡੀਐੱਲ ਅਧਿਆਪਕਾਂ ਨੂੰ ਰੈਗੂਲਰ ਦੀ ਮਿਤੀ ਅਨੁਸਾਰ ਤਨਖ਼ਾਹ ਬਕਾਏ ਦੇਣ ਦਾ ਅਦਾਲਤੀ ਫੈਸਲਾ ਲਾਗੂ ਕੀਤਾ ਜਾਵੇ। ਪ੍ਰਿੰਸੀਪਲ, ਬੀਪੀਈਓ ਅਤੇ ਹੈਡਮਾਸਟਰਜ਼ ਦੀ ਸਿੱਧੀ ਭਰਤੀ ਰੱਦ ਕਰਨ ਦਾ ਫੈਸਲਾ ਵਾਪਿਸ ਲੈ ਕੇ 25% ਕੋਟੇ ਅਨੁਸਾਰ ਮੁਕੰਮਲ ਕੀਤੀ ਜਾਵੇ। ਮਿਤੀ 17-07-2020 ਤੋਂ ਬਾਅਦ ਲਾਗੂ ਕੀਤੇ ਨਵੇਂ ਸਕੇਲ ਰੱਦ ਕਰਕੇ ਪੰਜਾਬ ਤਨਖ਼ਾਹ ਸਕੇਲ ਬਹਾਲ ਕਰਨ ਅਤੇ ਪਰਖ ਸਮੇਂ ਦੌਰਾਨ ਪੂਰੇ ਤਨਖ਼ਾਹ ਸਕੇਲ ਦੇਣ ਸਬੰਧੀ ਆਏ ਅਦਾਲਤੀ ਫੈਸਲੇ ਲਾਗੂ ਕੀਤੇ ਜਾਣ। ਪੁਰਾਣੀ ਪੈਨਸ਼ਨ, ਕੱਟੇ ਗਏ ਸਾਰੇ ਭੱਤੇ ਸਮੇਤ ਪੇਂਡੂ ਤੇ ਬਾਰਡਰ ਇਲਾਕਾ ਭੱਤੇ ਅਤੇ ਸਲਾਨਾ ਪ੍ਰਵੀਨਤਾ ਸਕੀਮ (ਏ.ਸੀ.ਪੀ.) ਬਹਾਲ ਕੀਤੇ ਜਾਣ ਅਤੇ ਮੁਲਾਜ਼ਮਾਂ ਦਾ ਪੈਂਡਿੰਗ 13% ਡੀ.ਏ. ਜਾਰੀ ਕੀਤਾ ਜਾਵੇ। ਪੀਟੀਆਈ ਅਤੇ ਆਰਟ ਕਰਾਫਟ ਅਧਿਆਪਕਾਂ ਦੇ ਤਨਖ਼ਾਹ ਗ੍ਰੇਡ ਘਟਾਉਣ ਦਾ ਫੈਸਲਾ ਮੁੱਢੋਂ ਰੱਦ ਕੀਤਾ ਜਾਵੇ। 10 ਸਾਲ ਦੀ ਸੇਵਾ ਪੂਰੀ ਕਰ ਚੁੱਕੇ 125 ਵਲੰਟੀਅਰ ਟੀਚਰਜ਼ ਨੂੰ ਐਸੋਸੀਏਟ ਟੀਚਰ ਦਾ ਦਰਜਾ ਦਿੱਤਾ ਜਾਵੇ। 3582 ਮਾਸਟਰ ਕਾਡਰ ਨੂੰ ਟ੍ਰੇਨਿੰਗ ਲੱਗਣ ਦੀ ਮਿਤੀ ਤੋਂ ਸਾਰੇ ਲਾਭ ਮਿਲਣੇ ਯਕੀਨੀ ਬਣਾਏ ਜਾਣ। 5994 ਈਟੀਟੀ (ਬੈਕਲਾਗ) ਅਤੇ 2364 ਭਰਤੀਆਂ ਵਿੱਚੋਂ ਰਹਿੰਦੇ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ। ਪੁਰਸ਼ ਅਧਿਆਪਕਾਂ ਨੂੰ ਅਚਨਚੇਤ ਛੁੱਟੀਆਂ ਵਿੱਚ ਵਾਧੇ ਲਈ ਠੇਕਾ ਅਧਾਰਿਤ ਨੌਕਰੀ ਨੂੰ ਵੀਂ ਯੋਗ ਮੰਨਿਆ ਜਾਵੇ।
ਇਸ ਮੌਕੇ ਦਲਜੀਤ ਸਫ਼ੀਪੁਰ, ਇਕਬਾਲ ਸਿੰਘ, ਹਰਵਿੰਦਰ ਰੱਖੜਾ, ਲਵੀ ਢੀਂਗੀ, ਦੇਸ ਰਾਜ, ਨਮਨ ਗਰਗ, ਜੰਗਪਾਲ ਸਿੰਘ ਰਾਏਕੋਟ, ਬਲਬੀਰ ਬਾਸੀ, ਬਲਜਿੰਦਰ ਰਾਏਕੋਟ, ਸੁਖਵਿੰਦਰ ਲੀਲ ਡੀ.ਐਮ.ਐੱਫ., ਜੋਸ਼ੀਲ ਤਿਵਾੜੀ, ਅਮਨਦੀਪ ਵਰਮਾ, ਬਲਜਿੰਦਰ ਸਿੰਘ, ਸੁਰਿੰਦਰ ਪਾਲ ਇਆਲੀ, ਜਸਵੀਰ ਸੰਧੂ, ਅਮਰੀਕ ਸਿੰਘ, ਦਿਲਬਾਗ ਮੰਡਵੀਂ, ਜਗਦੀਪ ਸਿੰਘ, ਦਲਜੀਤ ਕੌਰ, ਗੁਰਬੀਰ ਸਿੰਘ, ਮੈਡਮ ਹਿਨਾ, ਪ੍ਰਵੀਨ ਸ਼ਰਮਾ, ਕੁਲਜੀਤ ਸਿੰਘ, ਪੂਨਮ ਰਾਣੀ ਅਤੇ ਵਰੁਣ ਕੁਮਾਰ ਆਦਿ ਹਾਜ਼ਰ ਰਹੇ।