ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਸੁਰਜੀਤ ਸਿੰਘ ਢਿੱਲੋਂ ਦੀਆਂ ਵਿਗਿਆਨਕ ਵਿਸਿ਼ਆਂ ਨਾਲ਼ ਸਬੰਧਤ ਤਿੰਨ ਪੁਸਤਕਾਂ ਉੱਤੇ ਕਰਵਾਈ ਵਿਚਾਰ ਗੋਸ਼ਟੀ
ਪਟਿਆਲਾ, 3 ਜੂਨ 2025- ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਡਾ. ਸੁਰਜੀਤ ਸਿੰਘ ਢਿੱਲੋਂ ਦੀਆਂ ਵਿਗਿਆਨਕ ਵਿਸਿ਼ਆਂ ਨਾਲ਼ ਸੰਬੰਧਤ ਤਿੰਨ ਪੁਸਤਕਾਂ ਉੱਤੇ ਵਿਚਾਰ ਗੋਸ਼ਟੀ ਕਰਵਾਈ ਗਈ। ਵਿਭਾਗ ਮੁਖੀ ਡਾ. ਪਰਮਿੰਦਰਜੀਤ ਕੌਰ ਨੇ ਦੱਸਿਆ ਕਿ ਇਸ ਗੋਸ਼ਟੀ ਦੌਰਾਨ ਬੁਲਾਰਿਆਂ ਵੱਲੋਂ ਡਾ. ਸੁਰਜੀਤ ਸਿੰਘ ਢਿੱਲੋਂ ਦੀਆਂ ਜਿਨ੍ਹਾਂ ਤਿੰਨ ਪੁਸਤਕਾਂ ਉੱਤੇ ਆਪਣੇ ਵਿਚਾਰ ਪ੍ਰਗਟਾਏ ਗਏ ਉਨ੍ਹਾਂ ਵਿੱਚ 'ਮਨੁੱਖ ਹੈ ਕੌਣ ਮਾਨਵ ਜਾਂ ਦਾਨਵ', 'ਸੰਸਾਰ ਵਿਖੇ ਜੀਵ ਕਿਵੇਂ ਪਧਾਰੇ' ਅਤੇ 'ਜੀਵਨ ਅਤੇ ਵਿਚਰਨ ਸ਼ੈਲੀ' ਸ਼ਾਮਿਲ ਸਨ।
ਗੋਸ਼ਟੀ ਲੜੀ ਤਹਿਤ ਕਰਵਾਏ ਗਏ ਇਸ ਪਲੇਠੇ ਸਮਾਗਮ ਦੀ ਪ੍ਰਧਾਨਗੀ ਡੀਨ, ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਕੀਤੀ। ਇਸ ਮੌਕੇ ਪ੍ਰੋ. ਸੁਰਜੀਤ ਸਿੰਘ ਢਿੱਲੋਂ ਜੀ ਦੇ ਪਰਿਵਾਰਿਕ ਮੈਂਬਰ ਵੀ ਸ਼ਾਮਿਲ ਹੋਏ।
ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਕਿਹਾ ਕਿ ਇਹ ਸਮਾਗਮ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੀ ਇੱਕ ਅਨੋਖੀ ਪਹਿਲਕਦਮੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਵਿਚਾਰ ਗੋਸ਼ਟੀਆਂ ਵਿੱਚ ਉਚੇਚੇ ਤੌਰ ਉੱਤੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਦੀ ਸ਼ਮੂਲੀਅਤ ਬਹੁਤ ਜਰੂਰੀ ਹੈ।
ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਤੋਂ ਡਾ. ਕਰਮਜੀਤ ਸਿੰਘ ਨੇ 'ਮਨੁੱਖ ਹੈ ਕੌਣ ਮਾਨਵ ਜਾਂ ਦਾਨਵ' ਪੁਸਤਕ ਬਾਰੇ ਵਿਚਾਰ ਪ੍ਰਗਟਾਉਂਦਿਆਂ ਮਨੁੱਖਾ ਜੀਵਨ ਦੇ ਆਗਾਜ਼ ਸਬੰਧੀ ਵਿਗਿਆਨਕ ਧਾਰਨਾਵਾਂ ਨੂੰ ਬਹੁਤ ਹੀ ਵਿਸਥਾਰਪੂਰਵਕ ਅਤੇ ਨਿਵੇਕਲੇ ਢੰਗ ਨਾਲ਼ ਜਾਣੂ ਕਰਵਾਇਆ। ਉਨ੍ਹਾਂ ਮਨੁੱਖੀ ਜੀਵਨ ਦੇ ਪਿਛੋਕੜ, ਸੱਭਿਆਚਾਰਕ ਵਿਕਾਸ ਅਤੇ ਮਾਨਵੀ ਵਤੀਰੇ ਦੇ ਭਿੰਨ-ਭਿੰਨ ਪਹਿਲੂਆਂ ਬਾਰੇ ਬਹੁਤ ਹੀ ਬਰੀਕੀ ਨਾਲ ਚਾਨਣਾ ਪਾਇਆ।
ਕਾਨੂੰਨ ਵਿਭਾਗ ਤੋਂ ਡਾ. ਨਿੰਮੀ ਨੇ 'ਸੰਸਾਰ ਵਿਖੇ ਜੀਵ ਕਿਵੇਂ ਪਧਾਰੇ' ਪੁਸਤਕ ਉੱਤੇ ਖੋਜ-ਭਰਪੂਰ ਚਾਨਣਾ ਪਾਇਆ। ਉਨ੍ਹਾਂ ਇਸ ਸੰਬੰਧੀ ਮੁਢਲੀਆਂ ਅਤੇ ਵਿਕਸਿਤ ਮੰਜ਼ਲਾਂ ਬਾਰੇ ਅਤੇ ਜੀਵਨ ਦੇ ਵਿਕਾਸ ਨੂੰ ਰੂਪਮਾਨ ਕਰਦੀਆਂ ਵਿਸ਼ੇਸ਼ ਪ੍ਰਸਥਿਤੀਆਂ ਬਾਰੇ ਦੱਸਿਆ।
ਜੀਵ ਵਿਗਿਆਨ ਵਿਭਾਗ ਦੇ ਮੁਖੀ ਡਾ. ਉਂਕਾਰ ਸਿੰਘ ਨੇ ਤੀਜੀ ਪੁਸਤਕ 'ਜੀਵਨ ਅਤੇ ਵਿਚਰਨ ਸ਼ੈਲੀ' ਬਾਰੇ ਆਪਣੇ ਵਿਚਾਰ ਪ੍ਰਗਟਾਏ। ਉਨ੍ਹਾਂ ਮਨੁੱਖੀ ਜੀਵਨ-ਜਾਚ ਦੇ ਅਹਿਮ ਪੱਖਾਂ ਅਤੇ ਉਸਾਰੂ ਪਹਿਲੂਆਂ ਬਾਰੇ ਵਰਨਣ ਕੀਤਾ। ਮਨੁੱਖੀ ਸ਼ਖਸੀਅਤ ਦੀ ਉਸਾਰੀ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਕਾਰਜਾਂ ਬਾਰੇ ਦੱਸਿਆ ਗਿਆ।
ਡਾ. ਸੁਰਜੀਤ ਸਿੰਘ ਢਿੱਲੋਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਗੋਸ਼ਟੀ ਦੀ ਸ਼ਲਾਘਾ ਕੀਤੀ ਅਤੇ ਵਿਭਾਗ ਨੂੰ ਭਰੋਸਾ ਦਿਵਾਇਆ ਕਿ ਜੇਕਰ ਪੰਜਾਬੀ ਯੂਨੀਵਰਸਿਟੀ ਵੱਲੋਂ ਡਾ. ਸੁਰਜੀਤ ਸਿੰਘ ਢਿੱਲੋਂ ਦੀਆਂ ਕਿਤਾਬਾਂ 'ਈ-ਬੁੱਕਸ' ਦੇ ਰੂਪ ਵਿੱਚ ਪ੍ਰਕਾਸਿ਼ਤ ਕੀਤੀਆਂ ਜਾਂਦੀਆਂ ਹਨ ਤਾਂ ਪਰਿਵਾਰ ਪੂਰਾ ਸਹਿਯੋਗ ਦੇਵੇਗਾ।