ਅੰਮ੍ਰਿਤਸਰ ਵਿੱਚ STF ਦੀ ਵੱਡੀ ਕਾਰਵਾਈ, ਹੈਰੋਇਨ ਦੀ ਤਸਕਰੀ ਕਰਦੇ ਫੜੇ ਗਏ ਦੋ ਨਾਬਾਲਗ, ਇੱਕ ਜ਼ਖਮੀ
ਮਹਿਕ ਅਰੋੜਾ
3 ਜੂਨ 2025 : ਅੰਮ੍ਰਿਤਸਰ ਪੁਲਿਸ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਤਾਰਨਵਾਲਾ ਪੁਲ ਨੇੜੇ ਵੱਡੀ ਸਫਲਤਾ ਮਿਲੀ ਹੈ। ਦੱਸ ਦਈਏ ਕਿ ਪੁਲਿਸ ਨੇ ਦੋ ਸ਼ੱਕੀ ਨਾਬਾਲਗਾਂ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਦੇ ਕਬਜ਼ੇ ਵਿੱਚੋਂ 500 ਗ੍ਰਾਮ ਹੈਰੋਇਨ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਹੈ। ਗ੍ਰਿਫ਼ਤਾਰੀ ਦੌਰਾਨ ਇੱਕ ਨੌਜਵਾਨ ਵੱਲੋਂ ਪੁਲਿਸ 'ਤੇ ਗੋਲੀਬਾਰੀ ਵੀ ਕੀਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰ ਗੋਲੀ ਚਲਾਈ ਅਤੇ ਇਸ ਦੌਰਾਨ ਮੁਲਜ਼ਮ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਐਸਟੀਐਫ ਅਧਿਕਾਰੀ ਅਮਨਦੀਪ ਸਿੰਘ ਨੇ ਜਾਣਕਾਰੀ ਦਿੱਤੀ
ਮੌਕੇ 'ਤੇ ਮੌਜੂਦ ਐਸਟੀਐਫ ਅਧਿਕਾਰੀ ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਦੋ ਨੌਜਵਾਨ ਤਾਰਨਵਾਲਾ ਪੁਲ ਤੋਂ ਸੁਲਤਾਨਵਿੰਡ ਇਲਾਕੇ ਵਿੱਚ ਹੈਰੋਇਨ ਅਤੇ ਹਥਿਆਰ ਪਹੁੰਚਾਉਣ ਲਈ ਆ ਰਹੇ ਹਨ। ਇਸ ਤੋਂ ਬਾਅਦ, ਪੁਲਿਸ ਟੀਮ ਨੇ ਇਲਾਕੇ ਵਿੱਚ ਗਸ਼ਤ ਕਰਦੇ ਹੋਏ ਦੋ ਸ਼ੱਕੀ ਵਿਅਕਤੀਆਂ ਨੂੰ ਰੋਕਿਆ। ਪੁੱਛਗਿੱਛ ਕਰਨ 'ਤੇ, ਇੱਕ ਨੌਜਵਾਨ ਨੇ ਪੁਲਿਸ 'ਤੇ ਗੋਲੀਬਾਰੀ ਕਰ ਦਿੱਤੀ, ਜਿਸ 'ਤੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਉਹ ਜ਼ਖਮੀ ਹਾਲਤ ਵਿੱਚ ਫੜਿਆ ਗਿਆ।
500 ਗ੍ਰਾਮ ਹੈਰੋਇਨ ਅਤੇ ਪਿਸਤੌਲ ਬਰਾਮਦ
ਪੁਲਿਸ ਨੇ ਦੋਵਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ 500 ਗ੍ਰਾਮ ਹੈਰੋਇਨ ਅਤੇ ਇੱਕ ਪਿਸਤੌਲ ਜ਼ਬਤ ਕੀਤੀ ਹੈ। ਇਸ ਵੇਲੇ ਜ਼ਖਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
MA