ਨੈਸ਼ਨਲ ਲਾਈਵਸਟਾਕ ਮਿਸ਼ਨ ਅਧੀਨ ਪਸ਼ੂਆਂ ਦੇ ਬੀਮੇ ਦੀ ਰਾਸ਼ੀ ਤੇ 70 ਫ਼ੀਸਦੀ ਤੱਕ ਸਬਸਿਡੀ ਉਪਲਬਧ
ਰੋਹਿਤ ਗੁਪਤਾ
ਗੁਰਦਾਸਪੁਰ, 28 ਅਪ੍ਰੈਲ - ਵਰਿਆਮ ਸਿੰਘ ਡਾਇਰੈਕਟਰ ਡੇਅਰੀ ਗੁਰਦਾਸਪੁਰ ਨੇ ਦੱਸਿਆ ਕਿ ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਮੂੰਹ ਖੁਰ, ਲੰਪੀ ਸਕਿਨ, ਗਲਘੋਟੂ ਆਦਿ ਕਾਰਨ ਕਈ ਵਾਰ ਪਸ਼ੂਆਂ ਦੀ ਮੌਤ ਹੋ ਜਾਂਦੀ ਹੈ। ਇਨ੍ਹਾਂ ਮੌਤਾਂ ਨਾਲ ਛੋਟੇ ਅਤੇ ਦਰਮਿਆਨੇ ਡੇਅਰੀ ਫਾਰਮਰਾਂ ਦਾ ਆਰਥਿਕ ਨੁਕਸਾਨ ਹੋ ਜਾਂਦਾ ਹੈ, ਭਾਵੇਂ ਕਿ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਸਰਕਾਰ ਵੱਲੋਂ ਪਸ਼ੂਆਂ ਦਾ ਸਮੇਂ-ਸਮੇਂ ਤੇ ਟੀਕਾਕਰਨ ਕੀਤਾ ਜਾਂਦਾ ਹੈ, ਪਰ ਫਿਰ ਵੀ ਸਰਕਾਰ ਵੱਲੋਂ ਪਸ਼ੂ-ਧਨ ਦੇ ਵਿੱਤੀ ਨੁਕਸਾਨ ਨੂੰ ਘੱਟ ਕਰਨ ਲਈ ਬੀਮੇ ਦੀ ਰਾਸ਼ੀ ਤੇ ਸਬਸਿਡੀ ਦੀ ਸਹੂਲਤ ਵੀ ਦੇ ਦਿੱਤੀ ਗਈ ਹੈ। ਪਸ਼ੂਆਂ ਦੇ ਆਰਥਿਕ ਨੁਕਸਾਨ ਨੂੰ ਘੱਟ ਕਰਨ ਲਈ ਡੇਅਰੀ ਵਿਕਾਸ ਵਿਭਾਗ, ਪੰਜਾਬ ਵੱਲੋਂ ਨੈਸ਼ਨਲ ਲਾਈਵਸਟਾਕ ਮਿਸ਼ਨ ਸਕੀਮ ਅਧੀਨ ਮੱਝਾਂ ਅਤੇ ਗਾਵਾਂ ਦੇ ਬੀਮੇ ਦੀ ਰਾਸ਼ੀ ਤੇ ਅਨੁਸੂਚਿਤ ਜਾਤੀ ਲਾਭਪਾਤਰੀਆਂ ਨੂੰ 70 ਪ੍ਰਤੀਸ਼ਤ ਸਬਸਿਡੀ ਅਤੇ ਜਨਰਲ ਜਾਤੀ ਲਾਭਪਾਤਰੀਆਂ ਨੂੰ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਸਕੀਮ ਤਹਿਤ ਫਾਰਮਰ 1 ਤੋ 5 ਪਸ਼ੂਆਂ ਦਾ ਬੀਮਾ ਕਰਵਾ ਸਕਦਾ ਹੈ। ਇਸ ਸਕੀਮ ਤਹਿਤ ਪ੍ਰਤੀ ਪਸ਼ੂ ਦੀ ਕੀਮਤ 70 ਹਜ਼ਾਰ ਰੁਪਏ ਨਿਰਧਾਰਿਤ ਕੀਤੀ ਗਈ ਹੈ।
ਡਿਪਟੀ ਡਾਇਰੈਕਟਰ ਵਰਿਆਮ ਸਿੰਘ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਕੋਈ ਵੀ ਦੁੱਧ ਉਤਪਾਦਕ ਜਿਸ ਨੇ ਬੈਂਕ ਤੋਂ ਡੇਅਰੀ ਕਰਜ਼ਾ ਲਿਆ ਹੈ ਜਾ ਨਹੀਂ ਲਿਆ ਹੈ, ਕਿਸਾਨ ਕਰੈਡਿਟ ਕਾਰਡ ਸਕੀਮ ਲਈ ਹੈ ਜਾ ਨਹੀਂ ਲਈ ਹੈ, ਸਕੀਮ ਦਾ ਲਾਭ ਲੈ ਸਕਦਾ ਹੈ। ਇਸ ਤੋਂ ਇਲਾਵਾ ਸਿੱਧੇ ਤੌਰ ਤੇ ਡੇਅਰੀ ਕਿੱਤਾ ਕਰਨ ਵਾਲੇ ਕਿਸਾਨ ਵੀ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਦੁੱਧ ਉਤਪਾਦਕਾਂ ਨੂੰ ਇਸ ਸਕੀਮ ਦਾ ਵੱਧ ਤੋ ਵੱਧ ਲਾਭ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੁੱਧ ਉਤਪਾਦਕ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਦੇ ਬਲਾਕ-ਬੀ, ਚੌਥੀ ਮੰਜ਼ਿਲ, ਕਮਰਾ ਨੰਬਰ 508 ਵਿਖੇ ਡੇਅਰੀ ਵਿਭਾਗ ਦੇ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਵਿਭਾਗ ਦੇ ਨੰਬਰਾਂ 8054800880, 7888850893, 7508973471 ਉੱਪਰ ਵੀ ਸੰਪਰਕ ਕੀਤਾ ਜਾ ਸਕਦਾ ਹੈ।
Click to Follow Babushahi Facebook page →