ਪੰਜਾਬ ਚੋਣਾਂ : ਦੂਜੀ ਸੂਚੀ ਜਾਰੀ ਹੋਣ ਮਗਰੋਂ ਕਾਂਗਰਸ ਵਿਚ ਬਗਾਵਤ ਉਠੀ
ਚੰਡੀਗੜ੍ਹ, 26 ਜਨਵਰੀ, 2022: 23 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਹੋਣ ਤੋਂ ਬਾਅਦ ਕਾਂਗਰਸ ਵਿਚ ਬਗਾਵਤ ਉਠ ਖੜ੍ਹੀ ਹੈ। ਹਲਕਾ ਸਮਰਾਲਾ ਤੋਂ ਅਮਰੀਕ ਸਿੰਘ ਢਿੱਲੋਂ ਹਲਕੇ ਵਿਚ ਆਪਣੇ ਹਮਾਇਤੀ ਪੰਚਾਂ, ਸਰਪੰਚਾਂ, ਬਲਾਕ ਸੰਮਤੀ ਮੈਂਬਰਾਂ ਤੇ ਹੋਰ ਆਗੂਆਂ ਦੀ ਮੀਟਿੰਗ ਸੱਦ ਲਈ ਹੈ। ਸੰਭਾਵਨਾ ਹੈ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ।
ਇਸ ਤਰੀਕੇ ਸੁਨਾਮ ਹਲਕੇ ਵਿਚ ਵੀ ਦਮਨ ਬਾਜਵਾ ਨੇ ਬਗਾਵਤ ਦਾ ਬਿਗਲ ਵਜਾ ਦਿੱਤਾ ਹੈ। ਉਹਨਾਂ ਨੇ ਦੇਰ ਰਾਤ ਹੀ ਫੇਸਬੁੱਕ ’ਤੇ ਲਾਈਵ ਹੋ ਕੇ ਐਲਾਨ ਕਰ ਦਿੱਤਾ ਹੈ ਕਿ ਉਹ ਆਪਣੇ ਸਾਥੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਅਗਲੀ ਰਣਨੀਤੀ ਉਲੀਕਣਗੇ। ਉਹਨਾਂ ਕਿਹਾ ਕਿ ਟਿਕਟ ਕੱਟੇ ਜਾਣ ਨਾਲ ਉਹ ਡਰਨ ਵਾਲੇ ਨਹੀਂ ਹਨ ਬਲਕਿ ਹੋਰ ਮਜ਼ਬੂਤੀ ਨਾਲ ਮਿਹਨਤ ਕਰਨਗੇ ਤੇ ਸੁਨਾਮ ਵਾਸਤੇ ਕੰਮ ਕਰਦੇ ਰਹਿਣਗੇ।
ਇਸੇ ਤਰੀਕੇ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਸਤਿਕਾਰ ਕੌਰ ਬਗਾਵਤ ਦੇ ਰੌਂਅ ਵਿਚ ਹਨ। ਉਹਨਾਂ ਵੱਲੋਂ ਵੀ ਆਪਣੇ ਸਮਰਥਕਾਂ ਦੀ ਮੀਟਿੰਗ ਸੱਦੀ ਗਈ ਹੈ।
ਇਸੇ ਤਰ੍ਹਾਂ ਰਮਿੰਦਰ ਆਵਲਾ ਵੀ ਨਿਰਾਸ਼ ਹਨ ਕਿ ਉਨ੍ਹਾਂ ਨੂੰ ਗੁਰੂ ਹਰ ਸਹਾਇ ਤੋਂ ਟਿਕਟ ਨਹੀਂ ਦਿੱਤੀ ਗਈ ।
ਸਾਹਨੇਵਾਲ ਤੋਂ ਸਤਵਿੰਦਰ ਬਿੱਟੀ ਵੀ ਬੇਹੱਦ ਖਫ਼ਾ ਹੈ ਉਨ੍ਹਾਂ ਦੀ ਥਾਂ ਬੀਬੀ ਭੱਠਲ ਦੇ ਜਵਾਈ ਵਿਕ੍ਰਮ ਬਾਜਵਾ ਨੂੰ ਟਿਕਟ ਦਿੱਤੀ ਗਈ ਹੈ ।