ਪ੍ਰਕਾਸ਼ ਸਿੰਘ ਬਾਦਲ ਦੀ ਪ੍ਰੇਰਨਾ ਨਾਲ ਕੰਮ ਕਰੇਗੀ ਅਗਲੀ ਅਕਾਲੀ-ਬਸਪਾ ਸਰਕਾਰ : ਸੁਖਬੀਰ ਬਾਦਲ
ਦੀਪਕ ਗਰਗ
ਕੋਟਕਪੂਰਾ, 3 ਦਸੰਬਰ 2021 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੀ ਅਗਲੀ ਅਕਾਲੀ - ਬਸਪਾ ਸਰਕਾਰ ਸਾਬਕਾ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਪ੍ਰਸਤੀ ਹੇਠ ਕੰਮ ਕਰੇਗੀ। ਅੱਜ ਉਨ੍ਹਾਂ ਨੇ ਅਪਣੇ ਫੇਸਬੁੱਕ ਵਾਲ ਉਪਰ ਇਕ ਤਸਵੀਰ ਸ਼ੇਅਰ ਕਰਕੇ ਲਿਖਿਆ ਹੈ ਕਿ
ਸ. ਪ੍ਰਕਾਸ਼ ਸਿੰਘ ਬਾਦਲ ਜੀ ਦੇ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਸਮਰਪਣ ਤੇ ਦ੍ਰਿੜ੍ਹਤਾ ਨੇ ਸਦਾ ਸਾਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਅਗਲੀ ਅਕਾਲੀ-ਬਸਪਾ ਸਰਕਾਰ ਪੰਜਾਬੀਆਂ ਲਈ ਵਚਨਬੱਧਤਾ ਨਾਲ ਕੰਮ ਕਰੇਗੀ, ਅਤੇ ਹਮੇਸ਼ਾ ਪਹਿਲੀ ਤਰਜੀਹ ਪੰਜਾਬ ਨੂੰ ਦੇਵੇਗੀ।
ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸੁਖਬੀਰ ਬਾਦਲ ਨੇ ਇਕ ਟੀਵੀ ਚੈਨਲ ਨੂੰ ਇੰਟਰਵਿਊ ਵਿੱਚ ਕਿਹਾ ਸੀ ਕਿ 2022 ਚੋਣਾਂ ਲਈ ਅਕਾਲੀ ਦਲ ਦਾ ਮੁੱਖ ਮੰਤਰੀ ਚਿਹਰਾ ਮੈਂ ਹਾਂ। ਪੰਜ ਬਾਰ ਮੁਖਮੰਤਰੀ ਬਣੇ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਹੀ ਅਸਲ ਵਿੱਚ ਜਨਤਾ ਦੇ ਮੁਖਮੰਤਰੀ ਸਨ ਜੋ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਗਾਤਾਰ ਵਿਚਰਦੇ ਰਹੇ ਹਨ। ਚੰਨੀ ਅਤੇ ਕੇਜਰੀਵਾਲ ਪੈਰਾਸ਼ੂਟ ਮੁਖਮੰਤਰੀ ਹਨ। ਪੰਜਾਬ ਦੀ ਜਨਤਾ ਨੂੰ ਉਹ ਮੁਖਮੰਤਰੀ ਚਾਹੀਦਾ ਹੈ ਜੋ ਪੰਜਾਬ ਦੇ ਫੈਸਲੇ ਆਪ ਲੈ ਸਕਦਾ ਹੋਵੇ।