ਸੰਯੁਕਤ ਕਿਸਾਨ ਮੋਰਚੇ ਵਲੋ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਟੋਲ ਪਲਾਜ਼ਾ ਬਹਿਰਾਮਪੁਰ ਪਹੁੰਚਣ ਦੀ ਅਪੀਲ
ਰੂਪਨਗਰ, ਬਾਬੂਸ਼ਾਹੀ ਨੈੱਟਵਰਕ, 23 ਸਤੰਬਰ 2021- ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਜਥੇਬੰਦੀਆਂ ਦੀ ਮੀਟਿੰਗ ਟੋਲ ਪਲਾਜ਼ਾ ਬਹਿਰਾਮਪੁਰ ਤੇ ਹੋਈ। ਜਿਸ ਵਿਚ ਸੰਯੁਕਤ ਕਿਸਾਨ ਮੋਰਚਾ ਦਿੱਲੀ ਵਲੋਂ 27 ਤਰੀਕ ਨੂੰ ਭਾਰਤ ਬੰਦ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਅਤੇ ਖਰਾਬ ਮੌਸਮ ਨੂੰ ਧਿਆਨ ਵਿੱਚ ਇਹ ਫੈਸਲਾ ਕੀਤਾ ਕਿ ਟੋਲ ਪਲਾਜ਼ਾ ਬਹਿਰਾਮਪੁਰ ਵਿਖੇ ਧਰਨੇ ਵਾਲੀ ਥਾਂ ਉੱਤੇ ਹੀ ਜਾਮ ਲਗਾ ਕੇ ਆਵਾਜਾਈ ਬੰਦ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਇਹ ਭਾਰਤ ਬੰਦ ਦਾ ਸੱਦਾ ਸਰਕਾਰ ਦੇ ਤਾਨਾਸ਼ਾਹੀ ਦੇ ਵਿਰੋਧ ਵਿੱਚ ਕਾਲੇ ਕਨੂੰਨ ਰੱਦ ਕਰਵਾਉਣ ਲਈ ਦਿੱਤਾ ਗਿਆ ਹੈ । ਕਿਸਾਨ ਅਗੂਆਂ ਨੇ ਕਿਹਾ ਕਿ 27 ਸਤੰਬਰ ਨੂੰ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਾਮ ਲਗਾਇਆ ਜਾਵੇਗਾ । ਸੰਯੁਕਤ ਕਿਸਾਨ ਮੋਰਚੇ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸਾਰਾ ਦਿਨ ਆਵਾਜਾਈ ਬੰਦ ਰਹੇਗੀ ਇਸ ਲਈ ਘਰ ਰਹਿਣ ਨੂੰ ਤਰਜੀਹ ਦਿੱਤੀ ਜਾਵੇਗਾ। ਬਿਨਾਂ ਕੰਮ ਤੋਂ ਸਫਰ ਕਰਨ ਤੋਂ ਸੰਕੋਚ ਕੀਤੀ ਜਾਵੇ ਤਾਂ ਜੋ ਖੱਜਲ ਖਵਾਰ ਨਾ ਹੋਣਾ ਪਵੇ ਕਿਉਂਕਿ ਕਿਸਾਨਾਂ ਵਲੋਂ ਸਿਰਫ਼ ਐਮਰਜੈਂਸੀ ਸੇਵਾਵਾਂ ਜਿਵੇਂ ਐਂਬੂਲੈਂਸ ਤੋਂ ਛੂਟ ਕਿਸੀ ਨੂੰ ਵੀ ਲੰਘਣ ਨਹੀਂ ਦਿੱਤਾ ਜਾਵੇਗਾ ।
ਕਿਸਾਨਾਂ ਨੇ ਅਕਾਲੀ ਦਲ ਵਲੋਂ ਕਿਸਾਨ ਆਗੂਆਂ ਖਿਲਾਫ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਬੇਬੁਨਿਆਦ ਦੱਸਦਿਆ ਕਿਹਾ ਕਿ ਅਕਾਲੀ ਦਲ ਬਾਦਲ ਬੀ ਜੇ ਪੀ ਨੂੰ ਖੁਸ਼ ਕਰਨ ਲਈ ਕਿਸਾਨ ਆਗੂਆਂ ਨੂੰ ਬਦਨਾਮ ਕਰ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਬੀ ਜੇ ਪੀ ਤੋਂ ਬਾਅਦ ਕਿਸੀ ਸਿਆਸੀ ਪਾਰਟੀ ਨੇ ਟਿੱਪਣੀ ਕੀਤੀ ਹੈ ਉਹ ਅਕਾਲੀ ਦਲ ਬਾਦਲ ਹੀ ਹੈ। ਇਸ ਤਰ੍ਹਾਂ ਕਿਸਾਨ ਅੰਦੋਲਨ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਜਦੋਂ ਤੱਕ ਕਿਸਾਨ ਮਾਰੂ ਕਾਲੇ ਬਿੱਲ ਰੱਦ ਨਹੀਂ ਹੁੰਦੇ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਕਿਸਾਨ ਜਥੇਬੰਦੀਆਂ ਨੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ 27 ਤਰੀਕ ਨੂੰ ਟੋਲ ਪਲਾਜ਼ਾ ਬਹਿਰਾਮਪੁਰ ਸੋਲਖੀਆਂ ਵਿਖੇ ਵੱਧ ਤੋਂ ਵੱਧ ਗਿਣਤੀ ਚ ਪਹੁੰਚ ਕੇ ਕਿਸਾਨ ਅੰਦੋਲਨ ਦਾ ਸਹਿਯੋਗ ਕਰਕੇ ਭਾਰਤ ਬੰਦ ਨੂੰ ਸਫਲ ਬਣਾਇਆ ਜਾਵੇ।
ਇਸ ਮੌਕੇ ਕੁਲਵਿੰਦਰ ਸਿੰਘ ਪੰਜੋਲਾ ਜ਼ਿਲ੍ਹਾ ਪ੍ਰਧਾਨ ਬੀ ਕੇ ਯੂ ਖੋਸਾ, ਅਮਨਦੀਪ ਸਿੰਘ ਕਿਰਤੀ ਕਿਸਾਨ ਮੋਰਚਾ, ਕੁਲਵਿੰਦਰ ਸਿੰਘ ਜਿਲ੍ਹਾ ਪ੍ਰਧਾਨ ਬੀ ਕੇ ਯੂ ਸਿੱਧੂਪੁਰ, ਦਲਜੀਤ ਸਿੰਘ ਗਿੱਲ ਜ਼ਿਲ੍ਹਾ ਜਨਰਲ ਸਕੱਤਰ ਬੀ ਕੇ ਯੂ ਚੜੂਨੀ, ਰਵਿੰਦਰ ਸਿੰਘ ਚੈੜੀਆਂ ਕੁਲਵਿੰਦਰ ਸਿੰਘ ਭਾਗੋਮਾਜਰਾ, ਅੰਮ੍ਰਿਤਪਾਲ ਸਿੰਘ, ਰਘਬੀਰ ਸਿੰਘ ਪੰਜੋਲਾ, ਪਰਮਿੰਦਰ ਸਿੰਘ ਕਾਲਾ, ਸੱਜਣ ਸਿੰਘ, ਰਘਬੀਰ ਸਿੰਘ ਬੂਰ ਮਾਜਰਾ, ਗੁਲਜ਼ਾਰ ਸਿੰਘ, ਹਰਬੰਸ ਸਿੰਘ ਬਾਹਮਣ ਮਾਜਰਾ, ਗੁਰਮੀਤ ਸਿੰਘ, ਦੀਦਾਰ ਸਿੰਘ ਫੂਲ, ਸਰਬਜੀਤ ਚਾਹਲ ਤੋਂ ਇਲਾਵਾ ਬੀ ਕੇ ਯੂ ਦੁਆਬਾ ਅਤੇ ਕਿਸਾਨ ਮਜ਼ਦੂਰ ਯੂਨੀਅਨ ਅਨੰਦਪੁਰ ਦੇ ਆਗੂ ਮੌਜੂਦ ਸਨ।