ਅਮਰੀਕੀ ਹਾਊਸ ਨੇ ਅਫਗਾਨਾਂ ਲਈ ਵੀਜ਼ਾ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਦਿੱਤੀ ਵੋਟ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 23 ਜੁਲਾਈ 2021 - ਅਮਰੀਕੀ ਹਾਊਸ (ਸਦਨ) ਨੇ ਵੀਰਵਾਰ ਨੂੰ ਇੱਕ ਅਜਿਹਾ ਬਿੱਲ ਪਾਸ ਕੀਤਾ ਹੈ ਜੋ ਵਿਸ਼ੇਸ਼ ਤੌਰ 'ਤੇ ਉਹਨਾਂ ਅਫਗਾਨੀ ਲੋਕਾਂ ਲਈ ਸ਼ਪੈਸ਼ਲ ਇਮੀਗ੍ਰਾਂਟ ਵੀਜ਼ਾ ਪ੍ਰੋਸੈਸ (ਐੱਸ ਆਈ ਵੀ) ਦੀ ਪ੍ਰਕਿਰਿਆ ਨੂੰ ਤੇਜ਼ ਕਰੇਗਾ, ਜਿਨ੍ਹਾਂ ਨੇ ਅਮਰੀਕੀ ਫੌਜਾਂ ਦੀ ਮਦਦ ਕੀਤੀ ਹੈ । ਸਦਨ ਵੱਲੋਂ ਪਾਸ ਇਹ ਬਿੱਲ ਅਫਗਾਨੀ ਲੋਕਾਂ ਲਈ ਵੀਜ਼ਾ ਪ੍ਰਕਿਰਿਆ ਦੀਆਂ ਵਧੇਰੇ ਕਾਗਜ਼ੀ ਕਾਰਵਾਈਆਂ ਨੂੰ ਖਤਮ ਕਰੇਗਾ ਅਤੇ ਯੋਗ ਅਫਗਾਨਾਂ ਨੂੰ ਦੇਣ ਵਾਲੇ ਵੀਜ਼ੇ ਦੀ ਗਿਣਤੀ ਵਿੱਚ ਵਾਧਾ ਵੀ ਕਰੇਗਾ।
ਅਮਰੀਕੀ ਸੈਨਾ ਦੇ ਨਾਲ ਕੰਮ ਕਰਨ ਤੋਂ ਬਾਅਦ ਤਾਲਿਬਾਨ ਦਾ ਡਰ ਰੱਖਣ ਵਾਲੇ ਅਫਗਾਨ ਬਾਈਡੇਨ ਪ੍ਰਸ਼ਾਸਨ ਦੁਆਰਾ ਉੱਥੋਂ ਕੱਢੇ ਜਾ ਰਹੇ ਹਨ , ਪਰ ਇਸ ਲਈ ਬਿਨੈਕਾਰਾਂ ਨੂੰ ਐੱਸ ਆਈ ਵੀ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਜ਼ਰੂਰਤ ਹੁੰਦੀ ਹੈ, ਜਿਸ ਨੂੰ ਪੂਰਾ ਕਰਨ ਵਿੱਚ ਕਈ ਸਾਲ ਲੱਗ ਸਕਦੇ ਹਨ। ਇਹ ਨਵਾਂ ਅਲਾਇਸ ਐਕਟ ਜੋ ਕਿ 407-16 ਵੋਟਾਂ ਨਾਲ ਪਾਸ ਹੋਇਆ ਹੈ, ਵੀਜੇ ਦੀ 14 ਸਟੈਪਜ਼ ਵਾਲੀ ਪ੍ਰਕਿਰਿਆ ਵਿੱਚ ਕੁੱਝ ਬੇਲੋੜੀਆਂ ਕਾਗਜੀ ਕਾਰਵਾਈਆਂ ਨੂੰ ਖਤਮ ਕਰ ਦੇਵੇਗਾ ਅਤੇ ਨਾਲ ਹੀ ਉਪਲੱਬਧ ਵੀਜ਼ਿਆਂ ਦੀ ਗਿਣਤੀ ਵਿੱਚ 8,000 ਤੱਕ ਦਾ ਵਾਧਾ ਵੀ ਹੋਵੇਗਾ।
ਬਿੱਲ ਪਿਛਲੇ ਮਹੀਨੇ ਸਦਨ ਦੁਆਰਾ ਪਾਸ ਕੀਤੇ ਗਏ 'ਹੋਪ ਫਾਰ ਅਫਗਾਨ ਐੱਸ ਆਈ ਵੀ ਐਕਟ' ਤੋਂ ਬਾਅਦ ਆਇਆ ਹੈ, ਜੋ ਡਾਕਟਰੀ ਜਾਂਚ ਦੀਆਂ ਜ਼ਰੂਰਤਾਂ ਸਬੰਧੀ ਸੀ। ਅੰਕੜਿਆਂ ਅਨੁਸਾਰ ਇਸ ਯੋਜਨਾ ਤਹਿਤ ਮੌਜੂਦਾ ਬਿਨੈਕਾਰਾਂ ਦੀ ਗਿਣਤੀ 20,000 ਤੋਂ ਵੱਧ ਹੈ, ਪਰ ਲੱਗਭਗ ਅੱਧਿਆਂ ਨੇ ਅਜੇ ਤੱਕ ਅਰਜ਼ੀ ਦੇ ਸ਼ੁਰੂਆਤੀ ਪੜਾਅ ਨੂੰ ਵੀ ਪੂਰਾ ਨਹੀਂ ਕੀਤਾ ਹੈ। ਹਾਲਾਂਕਿ ਵਿਦੇਸ਼ ਵਿਭਾਗ ਅਨੁਸਾਰ ਐੱਸ ਆਈ ਵੀ ਪ੍ਰੋਗਰਾਮ ਫੌਜਾਂ ਦੇ ਪਿੱਛੇ ਹਟਣ ਤੋਂ ਬਾਅਦ ਵੀ ਜਾਰੀ ਰਹੇਗਾ। ਕਈ ਅਫਗਾਨੀ ਲੋਕ ਜੋ ਅਮਰੀਕਾ ਆ ਰਹੇ ਹਨ , ਦੇ ਲਈ ਰੱਖਿਆ ਵਿਭਾਗ ਦੁਆਰਾ ਵਰਜੀਨੀਆ ਵਿੱਚ ਫੌਜੀ ਬੇਸ ਫੋਰਟ ਲੀ ਵਿੱਚ ਅਸਥਾਈ ਤੌਰ 'ਤੇ ਰਹਿਣ ਦੀ ਸਹਿਮਤੀ ਦਿੱਤੀ ਗਈ ਹੈ।