ਅਮਰੀਕਾ ਚ ਲਾਪਤਾ ਪੰਜਾਬਣ ਦਾ ਕਤਲ , ਪਤੀ ਗ੍ਰਿਫਤਾਰ
ਤਲਾਕ ਅਤੇ ਬੱਚੇ ਦੀ ਹਿਰਾਸਤ ਦਾ ਚੱਲ ਰਿਹਾ ਸੀ ਵਿਵਾਦ
ਬਾਬੂਸ਼ਾਹੀ ਬਿਊਰੋ
ਸੈਕਰਾਮੈਂਟੋ, 17 ਅਕਤੂਬਰ, 2026 : ਕੈਲੀਫੋਰਨੀਆ ਦੀ ਸੈਕਰਾਮੈਂਟੋ ਕਾਉਂਟੀ ਸ਼ੈਰਿਫ਼ ਦਫ਼ਤਰ ਨੇ ਇੱਕ ਵਿਅਕਤੀ ਨੂੰ ਆਪਣੀ ਲਾਪਤਾ ਪਤਨੀ ਦੇ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਮ੍ਰਿਤਕਾ ਦੀਆਂ ਸੜੀਆਂ ਹੋਈਆਂ ਅਸਥੀਆਂ ਗੁਆਂਢੀ ਐਲ ਡੋਰਾਡੋ ਕਾਉਂਟੀ ਤੋਂ ਬਰਾਮਦ ਹੋਈਆਂ ਹਨ। ਸ਼ੈਰਿਫ਼ ਦਫ਼ਤਰ ਅਨੁਸਾਰ ਮ੍ਰਿਤਕਾ ਦੀ ਪਛਾਣ ਜੈਸਮੀਨ ਗਿੱਲ ਵਜੋਂ ਹੋਈ ਹੈ, ਜਿਸ ਨੂੰ ਆਖਰੀ ਵਾਰ 30 ਸਤੰਬਰ ਨੂੰ ਉਸਦੇ ਸੈਕਰਾਮੈਂਟੋ ਸਥਿਤ ਘਰ ਵਿੱਚ ਦੇਖਿਆ ਗਿਆ ਸੀ।
ਜੈਸਮੀਨ ਦੇ ਚਚੇਰੇ ਭਰਾ ਵੱਲੋਂ 4 ਅਕਤੂਬਰ ਨੂੰ ਮਿਸਿੰਗ ਰਿਪੋਰਟ ਦਰਜ ਕਰਵਾਏ ਜਾਣ ਤੋਂ ਬਾਅਦ ਸ਼ੁਰੂਆਤੀ ਜਾਂਚ ਦੌਰਾਨ ਪੁਲਿਸ ਨੇ ਉਸਦੇ ਪਤੀ ਗੁਰਿੰਦਰ ਗਿੱਲ ਤੋਂ ਪੁੱਛਗਿੱਛ ਕੀਤੀ। ਗੁਰਿੰਦਰ ਨੇ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦਿਆਂ ਦਾਅਵਾ ਕੀਤਾ ਕਿ ਉਸਦੀ ਪਤਨੀ ਨੂੰ ਡਾਕ ਚੈੱਕ ਕਰਦੇ ਸਮੇਂ ਯੂ.ਐੱਸ. ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICE) ਦੇ ਏਜੰਟ ਹਿਰਾਸਤ ਵਿੱਚ ਲੈ ਗਏ ਹਨ। ਹਾਲਾਂਕਿ, ਜਦੋਂ ਸ਼ੈਰਿਫ਼ ਦਫ਼ਤਰ ਨੇ ਆਈ.ਸੀ.ਈ. ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਉਸ ਰਿਹਾਇਸ਼ 'ਤੇ ਅਜਿਹੀ ਕਿਸੇ ਵੀ ਕਾਰਵਾਈ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ।
ਜਾਂਚ ਅੱਗੇ ਵਧਣ 'ਤੇ ਜਾਸੂਸਾਂ ਨੂੰ ਗੁਰਿੰਦਰ ਦੇ ਬਿਆਨਾਂ ਵਿੱਚ ਕਈ ਵੱਡੇ ਵਿਰੋਧਾਭਾਸ ਮਿਲੇ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਜੈਸਮੀਨ ਅਤੇ ਗੁਰਿੰਦਰ ਵਿਚਕਾਰ ਤਲਾਕ (Divorce) ਅਤੇ ਬੱਚੇ ਦੀ ਹਿਰਾਸਤ (Child Custody) ਨੂੰ ਲੈ ਕੇ ਕਾਨੂੰਨੀ ਲੜਾਈ ਚੱਲ ਰਹੀ ਸੀ। ਬੀਤੀ 1 ਅਕਤੂਬਰ ਨੂੰ ਐਲ ਡੋਰਾਡੋ ਕਾਉਂਟੀ ਵਿੱਚ ਮਿਲੇ ਸੜੇ ਹੋਏ ਮਾਨਵੀ ਅਵਸ਼ੇਸ਼ਾਂ ਦੀ ਜਾਂਚ ਤੋਂ ਬਾਅਦ ਪੁਸ਼ਟੀ ਹੋਈ ਕਿ ਉਹ ਜੈਸਮੀਨ ਗਿੱਲ ਦੇ ਹੀ ਸਨ। ਅਧਿਕਾਰੀਆਂ ਨੇ ਗੁਰਿੰਦਰ ਵਿਰੁੱਧ ਕਤਲ ਦਾ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਵਾ ਕੇ 14 ਅਕਤੂਬਰ ਨੂੰ ਉਸਨੂੰ ਹਿਰਾਸਤ ਵਿੱਚ ਲਿਆ ਅਤੇ ਉਸ ਨਾਲ ਜੁੜੇ ਦੋ ਘਰਾਂ ਦੀ ਤਲਾਸ਼ੀ ਲਈ। ਗੁਰਿੰਦਰ ਨੂੰ ਬਿਨਾਂ ਕਿਸੇ ਜ਼ਮਾਨਤ ਦੇ ਸੈਕਰਾਮੈਂਟੋ ਕਾਉਂਟੀ ਮੇਨ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ।
- Download Babushahi App
-
-