ਕੈਨੇਡਾ ਦੇ ਉੱਘੇ ਕਾਰੋਬਾਰੀ ਗੁਰਚਰਨਜੀਤ ਸਿੰਘ ਦੰਦੀਵਾਲ ਨੂੰ ਜੱਦੀ ਪਿੰਡ ਬੱਖੋਪੀਰ ਵਿਖੇ ਭਰਪੂਰ ਸ਼ਰਧਾਂਜਲੀਆਂ
ਭੋਗ ਸਮਾਗਮ ਦੌਰਾਨ ਪਰਿਵਾਰ ਨਾਲ ਸਿਆਸੀ ਤੇ ਸਮਾਜਿਕ ਹਸਤੀਆਂ ਨੇ ਕੀਤਾ ਦੁੱਖ ਸਾਂਝਾ
Babushahi Network
ਸੰਗਰੂਰ/ਭਵਾਨੀਗੜ੍ਹ, 23 ਦਸੰਬਰ 2025 : ਪੰਜਾਬ ਤੋਂ ਉੱਠ ਕੇ ਸੱਤ ਸਮੁੰਦਰੋਂ ਪਾਰ ਕੈਨੇਡਾ ਦੀ ਧਰਤੀ 'ਤੇ ਆਪਣੀ ਮਿਹਨਤ ਅਤੇ ਦਰਿਆ-ਦਿਲੀ ਦਾ ਲੋਹਾ ਮਨਵਾਉਣ ਵਾਲੇ ਉੱਘੇ ਕਾਰੋਬਾਰੀ ਗੁਰਚਰਨਜੀਤ ਸਿੰਘ ਦੰਦੀਵਾਲ ਜੋ 6 ਮਈ 2025 ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਨੂੰ ਅੱਜ ਸ਼ਰਧਾ ਦੇ ਫੁੱਲ ਸਿਆਸੀ ਤੇ ਸਮਾਜਿਕ ਹਸਤੀਆਂ ਨੇ ਭੇਂਟ ਕੀਤੇ। ਅੱਜ ਉਨ੍ਹਾਂ ਦੇ ਜੱਦੀ ਪਿੰਡ ਬੱਖੋਪੀਰ (ਜ਼ਿਲ੍ਹਾ ਸੰਗਰੂਰ) ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ. ਜ਼ਿਕਰਯੋਗ ਹੈ ਕਿ ਦੰਦੀਵਾਲ ਬੀਤੀ 6 ਮਈ 2025 ਨੂੰ ਕੈਨੇਡਾ ਵਿੱਚ ਸਦੀਵੀ ਵਿਛੋੜਾ ਦੇ ਗਏ ਸਨ ਅਤੇ ਉਨ੍ਹਾਂ ਦੀਆਂ ਅੰਤਮ ਰਸਮਾਂ ਉੱਥੇ ਹੀ ਪੂਰੀਆਂ ਕੀਤੀਆਂ ਗਈਆਂ ਸਨ . ਗੁਰਚਰਨ ਸਿੰਘ ਦਾ ਪਿੰਡ ਅਤੇ ਆਪਣੀ ਧਰਤੀ ਗੂੜ੍ਹਾ ਰਿਸ਼ਤਾ ਦੇਖਦੇ ਹੋਏ ਉਨ੍ਹਾਂ ਦੇ ਪਰਿਵਾਰ ਅਤੇ ਪਿੰਡ ਦੇ ਲੋਕਾਂ ਵੱਲੋਂ ਪਿੰਡ ਦੇ ਗੁਰਦਵਾਰਾ ਸਾਹਿਬ ਵਿੱਚ ਇਹ ਸਮਾਗਮ ਰੱਖਿਆ ਗਿਆ.
ਸੁਰਜੀਤ ਸਿੰਘ ਰੱਖੜਾ (ਸਾਬਕਾ ਮੰਤਰੀ) ਨੇ ਮਰਹੂਮ ਸ. ਦੰਦੀਵਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੈਨੇਡਾ ਵਿੱਚ ਇੱਕ ਵੱਡਾ ਮੁਕਾਮ ਹਾਸਲ ਕਰਨ ਦੇ ਬਾਵਜੂਦ ਆਪਣੀਆਂ ਜੜ੍ਹਾਂ ਨੂੰ ਕਦੇ ਨਹੀਂ ਭੁਲਾਇਆ। ਗੁਰਚਰਨਜੀਤ ਸਿੰਘ ਦੰਦੀਵਾਲ ਦਾ ਜੀਵਨ ਸੰਘਰਸ਼ ਅਤੇ ਸਫ਼ਲਤਾ ਦੀ ਇੱਕ ਮਿਸਾਲ ਸੀ। ਉਹ ਸਾਲ 1971 ਵਿੱਚ ਕੈਨੇਡਾ ਗਏ ਸਨ। ਭਵਾਨੀਗੜ੍ਹ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਉਨ੍ਹਾਂ ਨੇ ਕੈਨੇਡਾ ਵਿੱਚ ਕਰੜੀ ਮਿਹਨਤ ਕੀਤੀ ਅਤੇ ਕਾਰੋਬਾਰੀ ਬੁਲੰਦੀਆਂ ਨੂੰ ਛੂਹਿਆ। ਉਨਹ ਦੱਸਿਆ ਕੀ ਅਮਰੀਕਾ ਵਸੇ ਉਨਹ ਦੇ ਭਰਾ ਅਤੇ ਸਾਰੇ ਰੱਖੜਾ ਪਰਿਵਾਰ ਨਾਲ ਗੁਰਚਰਨਜੀਤ ਦੀ ਲੰਬੀ ਸਾਂਝ ਸੀ .

ਬਾਬੂਸ਼ਾਹੀ ਨਿਊਜ਼ ਨੈਟਵਰਕ ਦੇ ਐਡੀਟਰ ਬਲਜੀਤ ਬੱਲੀ ਨੇ ਆਪਣੇ ਵੱਲੋਂ ਅਤੇ ਆਪਣੇ ਅਦਾਰੇ ਦੇ ਨਾਲ ਨਾਲ ਗੁਰਚਰਨਜੀਤ ਸਿੰਘ ਦੇ ਜਿਗਰੀ ਦੋਸਤ ਜਿਗਰੀ ਦੋਸਤ ਅਤੇ ਲਿਬਰਲ ਪਾਰਟੀ ਕੈਨੇਡਾ ਦੇ ਫੈਡਰਲ ਮੀਤ ਪ੍ਰਧਾਨ ਹਰਦਮ ਮਾਂਗਟ ਦੀ ਤਰਫ਼ੋਂ ਕੈਨੇਡਾ ਦੀ ਲਿਬਰਲ ਪਾਰਟੀ ਅਤੇ ਗੁਰਚਰਨਜੀਤ ਦੇ ਕੈਨੇਡਾ ਵਿਚਲੇ ਦੋਸਤਾਂ ਦੀ ਤਰਫ਼ੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਹਰਦਮ ਮਾਂਗਟ ਕਿਸੇ ਜ਼ਰੂਰੀ ਰੁਝੇਵੇਂ ਕਾਰਨ ਇਸ ਮੌਕੇ ਨਹੀਂ ਪਹੁੰਚ ਸਕੇ ਅਤੇ ਉਨ੍ਹਾਂ ਦੀ ਤਰਫ਼ੋਂ ਸਭ ਤੋਂ ਮਾਫ਼ੀ ਵੀ ਮੰਗੀ । ਬਲਜੀਤ ਬੱਲੀ ਨੇ ਆਪਣੇ ਲੰਬੇ ਸਮੇਂ ਦੇ ਮਿੱਤਰ ਗੁਰਚਰਨ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਸਰਦਾਰ ਗੁਰਚਰਨਜੀਤ ਸਿੰਘ ਇੱਕ ਨਿੱਘੇ ਸੁਭਾਅ ਦੇ ਮਾਲਕ , ਨੇਕ ਇਨਸਾਨ ਅਤੇ ਯਾਰਾਂ ਦੇ ਯਾਰ ਤਬੀਅਤ ਵਾਲੇ ਸਨ। 1971 ਵਿੱਚ ਕੈਨੇਡਾ ਜਾਂ ਤੋਂ ਬਾਅਦ ਉਨ੍ਹਾਂ ਸਾਲਾਂ ਬੱਧੀ ਸਖਤ ਮਿਹਨਤ ਕੀਤੀ ਅਤੇ ਬਹੁਤ ਦੇਰ ਬਾਅਦ ਕਾਰੋਬਾਰ ਵਿੱਚ ਕੁਦੇ ਅਤੇ ਇੱਕ ਸਫਲ ਕਾਰੋਬਾਰੀ ਬਣੇ । ਉਨ੍ਹਾਂ ਆਪਣੇ ਪਰਿਵਾਰ ਅਤੇ ਪੁੱਤਾਂ ਦਾ ਪਾਲਣ ਪੋਸਣ ਵੀ ਬਹੁਤ ਸੁਘੜ ਢੰਗ ਨਾਲ ਕੀਤਾ. ਇੱਕ ਵੱਡੇ ਦਾਨੀ ਪੁਰਸ਼ ਸਨ ਅਤੇ ਧਾਰਮਿਕ , ਸਮਾਜਿਕ ਅਤੇ ਸਾਂਝੇ ਕੰਮਾਂ ਲਈ ਆਪਣਾ ਦਸਵੰਧ ਕੱਢਦੇ ਅਤੇ ਲੋੜਵੰਦ ਦੀ ਮੱਦਦ ਕਰਦੇ ਰਹਿੰਦੇ ਸਨ ਉਨ੍ਹਾਂ ਦਾ ਚਲੇ ਜਾਣਾ ਇੱਕ ਨਿੱਜੀ ਘਾਟਾ ਹੈ ਪਰ ਓਹ ਹੋਰ ਲੋਕਾਂ ਅਤੇ ਨਵੀਂ ਪੀੜ੍ਹੀ ਲਈ ਇੱਕ ਰੋਲ ਮਾਡਲ ਸਨ । ਇਹ ਵੀ ਜਿਕਰਯੋਗ ਹੈ ਕਿ ਗੁਰਚਰਨਜੀਤ ਵੀ ਇਸ ਵੇਲੇ ਲਿਬਰਲ ਪਾਰਟੀ ਕੈਨੇਡਾ ਦੇ ਸਰਗਰਮ ਨੇਤਾ ਸਨ।
ਅਮਰੀਕਾ ਦੇ ਨਾਮੀ ਕਾਰੋਬਾਰੀ ਅਤੇ ਰੱਖੜਾ ਪਰਿਵਾਰ ਦੇ ਮੋਹਰੀ ਦਰਸ਼ਨ ਸਿੰਘ ਧਾਲੀਵਾਲ ਨੇ ਅਮਰੀਕਾ ਤੋਂ ਸੁਨੇਹਾ ਭੇਜਦਿਆਂ ਕਿਹਾ ਕਿ ਗੁਰਚਰਨਜੀਤ ਸਿੰਘ ਉਨ੍ਹਾਂ ਦੇ ਬਹੁਤ ਕਰੀਬੀ ਦੋਸਤ ਸਨ। ਉਹ ਸਿਰਫ਼ ਇੱਕ ਸਫ਼ਲ ਬਿਜ਼ਨਸਮੈਨ ਹੀ ਨਹੀਂ ਸਨ, ਸਗੋਂ ਹਰ ਲੋੜਵੰਦ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣ ਵਾਲੇ ਇੱਕ ਨੇਕ ਇਨਸਾਨ ਅਤੇ ਸਮਾਜ ਸੇਵੀ ਵੀ ਸਨ।
ਗੁਰਚਰਨਜੀਤ ਸਿੰਘ ਆਪਣੇ ਪਿੱਛੇ ਪਤਨੀ ਦਵਿੰਦਰ ਕੌਰ, ਬੇਟਾ ਸ਼ਾਨ ਦੰਦੀਵਾਲ (ਟੋਰਾਂਟੋ ਦੇ ਪ੍ਰਸਿੱਧ ਵਕੀਲ) ਅਤੇ ਬਲਰੀਤ ਸਿੰਘ ਦੰਦੀਵਾਲ (ਵੈਨਕੂਵਰ ਵਿਖੇ ਇੰਜੀਨੀਅਰ) ਤੋਂ ਇਲਾਵਾ ਪਰਿਵਾਰ ਵਿੱਚ ਨੂੰਹਾਂ ਅਤੇ ਪੋਤੇ-ਪੋਤੀਆਂ ਦਾ ਹਰਿਆ-ਭਰਿਆ ਸੰਸਾਰ ਛੱਡ ਕੇ ਚਲੇ ਗਏ ਹਨ।
ਦੱਸ ਦਈਏ ਕਿ ਭਾਵੇਂ ਉਨ੍ਹਾਂ ਦਾ ਅੰਤਿਮ ਸਸਕਾਰ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਕੀਤਾ ਗਿਆ ਸੀ, ਪਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਬੱਖੋਪੀਰ ਵਿਖੇ ਹੋਏ ਸਮਾਗਮ ਵਿੱਚ ਪਹੁੰਚੇ ਸਨੇਹੀਆਂ ਦੀ ਭੀੜ ਇਹ ਦੱਸ ਰਹੀ ਸੀ ਕਿ ਉਨ੍ਹਾਂ ਨੇ ਲੋਕਾਂ ਦੇ ਦਿਲਾਂ ਵਿੱਚ ਕਿੰਨੀ ਮੁਹੱਬਤ ਕਮਾਈ ਸੀ। ਭੋਗ ਸਮਾਗਮ ਦੌਰਾਨ ਹਰਿੰਦਰ ਸਿੰਘ ਟੌਹੜਾ ਭਾਜਪਾ ਲੀਡਰ, ਸਾਬਕਾ ਆਈਏਐਸ ਇਕਬਾਲ ਸਿੰਘ, ਰੌਬਿਨ ਟੌਹੜਾ ਸਮੇਤ ਵੱਡੀ ਗਿਣਤੀ ਵਿੱਚ ਸਿਆਸੀ ਅਤੇ ਸਮਾਜਿਕ ਹਸਤੀਆਂ ਨੇ ਹਾਜ਼ਰੀ ਭਰੀ।