SGPC ਪ੍ਰਧਾਨ ਧਾਮੀ ਦਾ CM ਮਾਨ ਨੂੰ ਕਰਾਰਾ ਜਵਾਬ, "ਮੈਂ ਪ੍ਰਧਾਨ ਵੀ ਹਾਂ ਤੇ ਅਕਾਲੀ ਦਲ ਦਾ ਸਿਪਾਹੀ ਵੀ"
Babushahi Network
ਅੰਮ੍ਰਿਤਸਰ, 30 Dec 2025: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਨੁਕਤਾਚੀਨੀ ਦਾ ਸਖ਼ਤ ਸ਼ਬਦਾਂ ਵਿੱਚ ਜਵਾਬ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।
ਮੁੱਖ ਮੰਤਰੀ ਮਾਨ ਵੱਲੋਂ ਉਠਾਏ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਧਾਮੀ ਨੇ ਕਿਹਾ ਕਿ "ਮੈਨੂੰ ਸਵਾਲ ਕੀਤਾ ਜਾਂਦਾ ਹੈ ਕਿ ਮੈਂ ਅਕਾਲੀ ਦਲ ਦੇ ਬੁਲਾਰੇ ਵਜੋਂ ਬੋਲਦਾ ਹਾਂ, ਪਰ ਸੱਚ ਇਹ ਹੈ ਕਿ ਮੈਂ ਐਸ.ਜੀ.ਪੀ.ਸੀ. ਦਾ ਪ੍ਰਧਾਨ ਹੋਣ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫ਼ਾਦਾਰ ਸਿਪਾਹੀ ਵੀ ਹਾਂ।" ਉਨ੍ਹਾਂ ਇਲਜ਼ਾਮ ਲਾਇਆ ਕਿ ਉਨ੍ਹਾਂ ਦੇ ਬਿਆਨ ਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਜਾਣਬੁੱਝ ਕੇ ਮੁੱਦਾ ਬਣਾਇਆ ਗਿਆ ਹੈ ਤਾਂ ਜੋ ਵਿਵਾਦ ਪੈਦਾ ਕੀਤਾ ਜਾ ਸਕੇ।
ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ 'ਤੇ ਉਠਾਏ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ "ਕੀ ਸਰਕਾਰ ਵਿੱਚ ਕਈ ਵਾਰ ਚੂਲਾਂ ਢਿੱਲੀਆਂ ਨਹੀਂ ਹੁੰਦੀਆਂ? ਪ੍ਰਬੰਧਕੀ ਕਮੀਆਂ ਕਿਤੇ ਵੀ ਹੋ ਸਕਦੀਆਂ ਹਨ, ਪਰ ਮਹੱਤਵਪੂਰਨ ਇਹ ਹੈ ਕਿ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇ।" ਧਾਮੀ ਨੇ ਪ੍ਰਬੰਧਕੀ ਪਾਰਦਰਸ਼ਤਾ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸ਼੍ਰੋਮਣੀ ਕਮੇਟੀ ਆਪਣੇ ਪੱਧਰ 'ਤੇ ਗਲਤੀਆਂ ਸੁਧਾਰ ਰਹੀ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਦੇ ਮਾਮਲੇ ਵਿੱਚ 16 ਐਸ.ਜੀ.ਪੀ.ਸੀ. ਅਧਿਕਾਰੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਚੁੱਕੀ ਹੈ।