6 ਜੂਨ ਨੂੰ ਗਿਆਨੀ ਗੜਗੱਜ ਦੇ ਸੰਦੇਸ਼ ਦੇਣ ਨਾਲ ਤਖ਼ਤ ਸਾਹਿਬ 'ਤੇ ਮਰਯਾਦਾ ਹੋ ਸਕਦੀ ਹੈ ਭੰਗ-ਸੰਤ ਸਮਾਜ
ਸੰਭਾਵੀ ਟਕਰਾਅ ਦੀ ਜ਼ੁੰਮੇਵਾਰੀ ਹੋਏਗੀ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਿਰ-ਨਿਹੰਗ ਸਿੰਘ ਜਥੇਬੰਦੀਆਂ
ਬਲਰਾਜ ਸਿੰਘ ਰਾਜਾ
ਬਿਆਸ, 5 ਜੂਨ 2025- ਸੰਤ ਸਮਾਜ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਦੇ 06 ਜੂਨ ਨੂੰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੰਦੇਸ਼ ਦੇਣ ਤੋਂ ਹਰ ਹੀਲੇ ਰੋਕਣ ਦੇ ਬਿਆਨ ਦੀ ਪੂਰਨ ਰੂਪ ਵਿਚ ਹਮਾਇਤ ਕਰਦਿਆਂ ਕਿਹਾ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਬਾਬਾ ਟੇਕ ਸਿੰਘ ਧਨੌਲਾ ਨੂੰ ਪੰਥ ਨੇ ਪ੍ਰਵਾਨ ਨਹੀਂ ਕੀਤਾ ਹੈ ਏਨਾ ਨੂੰ ਜਬਰੀ ਪੰਥ ਉਪਰ ਥੋਪਿਆ ਗਿਆ ਹੈ ਏਨਾ ਦੀ ਨਿਯੁਕਤੀ ਸਮੇਂ ਮਰਯਾਦਾ ਦੀ ਘੋਰ ਉਲੰਘਣਾ ਹੋਈ ਹੈl ਇਹਨਾਂ ਦੋਨਾਂ ਦੀਆ ਪੰਥ ਵਿੱਚ ਦੁਵਿਧਾ ਪਾਉਣ ਵਾਲਿਆ ਕਾਰਵਾਈਆ ਕਾਰਨ ਇਨ੍ਹਾਂ ਨੂੰ ਤਖਤ ਸ਼੍ਰੀ ਪਟਨਾ ਸਾਹਿਬ ਵੱਲੋਂ ਤਨਖਾਈਏ ਕਰਾਰ ਦਿੱਤਾ ਹੋਇਆ ਹੈ। ਇਸ ਲਈ ਹੁਣ ਏਨਾ ਨੂੰ ਤਖ਼ਤ ਸਹਿਬਾਂਨ ਦੇ ਜਥੇਦਾਰ ਅਖਵਾਉਣ ਦਾ ਕੋਈ ਹੱਕ ਨਹੀਂ ਹੈl ਸੰਤ ਸਮਾਜ ਨੇ ਇਹਨਾਂ ਹਾਲਾਤਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕੀਤੀ ਹੈ ਕਿ ਸ਼ਿਰੋਮਣੀ ਕਮੇਟੀ ਦੀ ਇਹ ਜੁੰਮੇਵਾਰੀ ਬਣਦੀ ਹੈ ਕਿ ਉਹ ਗਿਆਨੀ ਗੜਗੱਜ ਨੂੰ 06 ਜੂਨ ਦੀ ਵਰੇਗੰਢ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੰਦੇਸ਼ ਦੇਣ ਅਤੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰਨ ਤੋਂ ਰੋਕੇ ਤਾਂ ਜੋ ਓਥੇ ਕਿਸੇ ਕਿਸਮ ਦਾ ਕੋਈ ਵੀ ਟਕਰਾਅ ਨਾ ਹੋਵੇ ਅਤੇ ਸਿੱਖ ਪੰਥ ਵਿੱਚ ਇਕਸੁਰਤਾ ਅਤੇ ਤਖ਼ਤ ਸਾਹਿਬ ਉਪਰ ਮਰਯਾਦਾ ਬਣੀ ਰਹੇl ਉਹਨਾਂ ਕਿਹਾ ਕਿ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕੋਈ ਵੀ ਟਕਰਾਅ ਹੁੰਦਾ ਤਾਂ ਇਸ ਦੀ ਸਾਰੀ ਜਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ। ਉਪਰੋਕਤ ਬਿਆਨ ਸੰਤ ਸਮਾਜ ਅਤੇ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦਸ਼ਮੇਸ਼ ਤਰਨਾ ਦਲ, ਜਥੇਦਾਰ ਬਲਵਿੰਦਰ ਸਿੰਘ ਤਰਨਾ ਦਲ ਕੈਲੇ, ਜਥੇਦਾਰ ਪੰਜਾਬ ਸਿੰਘ ਪੰਜ ਹੱਥਾ, ਜਥੇਦਾਰ ਬਾਬਾ ਅਜੀਤ ਸਿੰਘ ਤਰਨਾ ਦਲ ਮਹਿਤਾ ਚੌਕ, ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਸੰਤ ਲਖਬੀਰ ਸਿੰਘ ਰਤਵਾੜੇ ਵਾਲੇ, ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ, ਸੰਤ ਗੁਰਜੀਤ ਸਿੰਘ ਨਾਨਕਸਰ, ਸੰਤ ਅਮਰਜੀਤ ਸਿੰਘ ਹਰਖੋਵਾਲ, ਸੰਤ ਜੋਰਾ ਸਿੰਘ ਬਧਨੀ ਕਲਾਂ,ਮਹੰਤ ਕਾਹਨ ਸਿੰਘ ਸੇਵਾ ਪੰਥੀ, ਮਹੰਤ ਰਣਜੀਤ ਸਿੰਘ ਸੇਵਾ ਪੰਥੀ, ਸੰਤ ਹਰਜਿੰਦਰ ਸਿੰਘ ਜਿੰਦੂ ਨਾਨਕਸਰ, ਸੰਤ ਬੁੱਧ ਸਿੰਘ ਨਿੱਕੇ ਘੁੰਮਣ, ਸੰਤ ਮਹਿੰਦਰ ਸਿੰਘ ਜਨੇਰ ਵਾਲਿਆ ਵਲੋਂ ਸਾਂਝੇ ਰੂਪ ਵਿੱਚ ਜਾਰੀ ਕੀਤਾ ਗਿਆ l