Political Special ‘ਅੱਧੀ ਆਂ ਗਰੀਬ ਜੱਟ ਦੀ ਅੱਧੀ ਤੇਰੀ ਆਂ ਮੁਲਾਹਜੇਦਾਰਾ ਵਾਲਿਆਂ ਦੀ ਗੁਪਤ ਪੜਤਾਲ ਦੇ ਚਰਚੇ
ਅਸ਼ੋਕ ਵਰਮਾ
ਬਠਿੰਡਾ, 6 ਮਈ 2026 : ਆਮ ਆਦਮੀ ਪਾਰਟੀ ਨਾਲ ਸਬੰਧਤ ਰਾਜ ਸਭਾ ਮੈਂਬਰਾਂ ਦੀ ਸਿਆਸੀ ਟੁੱਟ-ਭੱਜ ਤੋਂ ਬਾਅਦ ਪਾਰਟੀ ਨੇ ਮਾਲਵਾ ਪੱਟੀ ਦੇ ਕਈ ਚੇਅਰਮੈਨਾਂ ਅਤੇ ਉੱਪ ਚੇਅਰਮੈਨਾਂ ’ਤੇ ਨਜ਼ਰਾਂ ਟਿਕਾ ਲਈਆਂ ਹਨ। ਸੰਦੀਪ ਪਾਠਕ ਅਤੇ ਰਾਘਵ ਚੱਢਾ ਦੀ ਸਿਫਾਰਸ਼ ’ਤੇ ਲਾਏ ਗਏ ਬੋਰਡਾਂ ਅਤੇ ਨਿਗਮਾਂ ਦੇ ਕਈ ਚੇਅਰਮੈਨ ਅਤੇ ਉਪ ਚੇਅਰਮੈਨ ਖਾਸ ਤੌਰ ’ਤੇ ਸ਼ੱਕ ਦੇ ਘੇਰੇ ’ਚ ਦੱਸੇ ਜਾ ਰਹੇ ਹਨ। ਹਾਲਾਂਕਿ ਪਾਰਟੀ ਦਾ ਕੋਈ ਵੀ ਸੀਨੀਅਰ ਆਗੂ ਇਸ ਸਬੰਧ ’ਚ ਹਾਲ ਦੀ ਘੜੀ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹੋਇਆ ਪਰ ਅਹਿਮ ਸੂਤਰਾਂ ਨੇ ਪਾਰਟੀ ਵਿਚਲੇ ‘ਮਿਸ਼ਨ ਕਲੀਨ ਦੀ ਪੁਸ਼ਟੀ ਕੀਤੀ ਹੈ। ਸੂਤਰ ਦੱਸਦੇ ਹਨ ਕਿ ਮੋਹਰੀਆਂ ਚ ਸ਼ੁਮਾਰ ਹੁੰਦੇ ਆਗੂਆਂ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਨੂੰ ਲੈਕੇ ਗੁਪਤ ਪੜਤਾਲ ਵਿੱਢਣ ਦੇ ਚਰਚੇ ਹਨ ਜਦੋਂਕਿ ਰਿਪੋਰਟਾਂ ਅਨੁਸਾਰ ਖ਼ੁਫ਼ੀਆ ਤੰਤਰ ਵੀ ਇਨ੍ਹਾਂ ’ਤੇ ਖਾਸ ਨਜ਼ਰ ਰੱਖ ਰਿਹਾ ਹੈ।
ਇੰਨ੍ਹਾਂ ਚੋਂ ਇੱਕ ਅਜਿਹਾ ਵੀ ਹੈ ਜੋ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਖੁਦ ਲਈ ਟਿਕਟ ਪੱਕੀ ਹੋਣ ਦਾ ਦਾਅਵਾ ਕਰ ਰਿਹਾ ਹੈ। ਦਿਲਚਸਪ ਪਹਿਲੂ ਇਹ ਵੀ ਹੈ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਟਾਈਲ ’ਚ ਉਸ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ’ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹਾਕਮ ਧਿਰ ਦੇ ਇੰਨ੍ਹਾਂ ਆਗੂਆਂ ’ਚ ਪੁਰਾਣੀ ਬਠਿੰਡਾ ਪੱਟੀ ਦੇ ਅੱਧੀ ਦਰਜਨ ‘ਆਪ’ ਆਗੂ ਸ਼ਾਮਲ ਹਨ ਜਿਨ੍ਹਾਂ ਨੇ ਰਾਜ ਸਭਾ ਮੈਂਬਰਾਂ ਵੱਲੋਂ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਜਨਤਕ ਤੌਰ ’ਤੇ ਵਿਚਰਨ ਦਾ ਸਿਲਸਲਾ ਕਾਫੀ ਹੱਦ ਤੱਕ ਘੱਟ ਕੀਤਾ ਹੋਇਆ ਹੈ। ਪਾਰਟੀ ਦੀ ਮੌਜੂਦਾ ਲੀਡਰਸ਼ਿਪ ਅਜਿਹੇ ਚੇਅਰਮੈਨਾਂ ਨੂੰ ਰੱਖਣ ਜਾਂ ਬਾਹਰ ਦਾ ਰਸਤਾ ਦਿਖਾਉਣ ਬਾਰੇ ਫਿਲਹਾਲ ਸ਼ਸ਼ੋਪੰਜ ਵਿੱਚ ਦੱਸੀ ਜਾ ਰਹੀ ਹੈ ਪਰ ਪਾਰਟੀ ਪ੍ਰਤੀ ਵਫਾਦਾਰੀ ਪਰਖਣ ਲਈ ਸੂਹੀਏ ਇੰਨ੍ਹਾਂ ਦੀ ਵਿਸ਼ੇਸ਼ ਤੌਰ ’ਤੇ ਪੈੜ ਨੱਪਣ ਲੱਗੇ ਹੋਏ ਹਨ।
ਸੂਤਰਾਂ ਨੇ ਦੱਸਿਆ ਹੈ ਕਿ ‘ਆਪ’ ਛੱਡਣ ਵਾਲੇ ਸੱਤ ਸੰਸਦ ਮੈਂਬਰਾਂ ਨੂੰ ਭਾਜਪਾ ਦੇ ਮੈਂਬਰਾਂ ਵਜੋਂ ਅਧਿਕਾਰਤ ਤੌਰ ’ਤੇ ਮਾਨਤਾ ਮਿਲਣ ਮਗਰੋਂ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹੁਣ ਕਿਸੇ ਵੀ ਅਜਿਹੇ ਵਿਅਕਤੀ ਪ੍ਰਤੀ ਨਰਮਗੋਸ਼ਾ ਰੱਖਣ ਦੇ ਰੌਂਅ ਵਿੱਚ ਨਹੀਂ ਦਿਖਾਈ ਦਿੰਦੀ ਜੋ ਚੋਣਾਂ ਤੋਂ ਪਹਿਲਾਂ ਪਾਰਟੀ ਲਈ ਕਿਸੇ ਕਿਸਮ ਦੀ ਸਿਆਸੀ ਮੁਸੀਬਤ ਖੜ੍ਹੀ ਕਰ ਸਕਦਾ ਹੋਵੇ। ਸੂਤਰ ਆਖਦੇ ਹਨ ਕਿ ਤਾਜਾ ਘਟਨਾਕ੍ਰਮ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਪਾਰਟੀ ਪ੍ਰਤੀ ਵਫਾਦਾਰ ਨਾਂ ਰਹਿਣ ਵਾਲਿਆਂ ਪ੍ਰਤੀ ਵਤੀਰਾ ਕਾਫੀ ਨਜ਼ਰ ਆਉਂਦਾ ਹੈ। ਇੱਕ ਚੇਅਰਮੈਨ ਦੇ ਕਾਫੀ ਨਜ਼ਦੀਕੀ ਸਾਥੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਕਈ ਦਿਨਾਂ ਤੋਂ ਇੰਜ ਜਾਪ ਰਿਹਾ ਹੈ ਕਿ ਉਨ੍ਹਾਂ ਦੇ ਚੇਅਰਮੈਨ ਦੀਆਂ ਰੋਜ਼ਾਨਾ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖਣ ਦੇ ਨਾਲ ਨਾਲ ਉਨ੍ਹਾਂ ਦੀ ਹਰ ਗਤੀਵਿਧੀ ਵਾਚੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਈ ਵਾਰ ਮਹਿਸੂਸ ਹੋਇਆ ਹੈ ਕੋਈ ਅਣਜਾਣ ਵਿਅਕਤੀ ਉਨ੍ਹਾਂ ਸਬੰਧੀ ਸੂਚਨਾ ਇਕੱਠੀ ਕਰ ਰਹੇ ਹਨ। ਉਨ੍ਹਾਂ ਮੰਨਿਆ ਕਿ ਉਨ੍ਹਾਂ ਦੇ ਚੇਅਰਮੈਨ ਸਮੇਤ ਅੱਧੀ ਦਰਜਨ ਤੋਂ ਵੱਧ ‘ਆਪ’ ਆਗੂ ਅਜਿਹੇ ਹਨ ਜਿੰਨ੍ਹਾਂ ਨੂੰ ਵਿਧਾਨ ਸਭਾ ਚੋਣਾਂ 2022 ’ਚ ਬੰਪਰ ਜਿੱਤ ਲਈ ਕੰਮ ਕਰਨ ਕਰਕੇ ਇਨਾਮ ਵਜੋਂ ਰਾਘਵ ਚੱਢਾ ਅਤੇ ਸੰਦੀਪ ਪਾਠਕ ਦੇ ਕੋਟੇ ’ਚੋਂ ਚੇਅਰਮੈਨੀਆਂ ਮਿਲੀਆਂ ਸਨ। ਇੱਕ ਸੀਨੀਅਰ ‘ਆਪ’ ਆਗੂ ਨੇ ਦੱਸਿਆ ਕਿ ਪਾਰਟੀ ਨੇ ਜਿਨ੍ਹਾਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ , ਉਹੀ ਆਗੂ ਪਾਰਟੀ ਛੱਡਣ ਮਗਰੋਂ ਪਾਰਟੀ ਦੇ ਸਭ ਤੋਂ ਵੱਡੇ ਦੁਸ਼ਮਣ ਬਣ ਗਏ ਹਨ। ਉਨ੍ਹਾਂ ਮੰਨਿਆ ਕਿ ਅਜਿਹੇ ਹਾਲਾਤਾਂ ਦੌਰਾਨ ਪਾਰਟੀ ਹਾਈਕਮਾਂਡ ਹੁਣ ਕੋਈ ਖਤਰਾ ਮੁੱਲ ਲੈਣ ਦੇ ਰੌਂਅ ’ਚ ਨਹੀਂ ਹੈ। ਉਹ ਵੀ ਉਨ੍ਹਾਂ ਲੋਕਾਂ ਨਾਲ ਜੋ ਪਾਰਟੀ ਦੀ ਪਿੱਠ ’ਚ ਛੁਰਾ ਮਾਰਨ ਵਾਲਿਆਂ ਨਾਲ ਹਾਲੇ ਵੀ ਤਾਲਮੇਲ ਰੱਖਣ ਦੀ ਕੋਸ਼ਿਸ਼ ਕਰਦੇ ਹੋਣ।
ਸਿਆਸੀ ਧਿਰਾਂ ਦੇ ਆਪਣੇ ਤਰਕ
ਪੰਜਾਬ ਦੀ ਤਾਜਾ ਸਿਆਸੀ ਸਥਿਤੀ ਨੂੰ ਦੇਖਦਿਆਂ ਸਿਆਸਤਦਾਨਾਂ ਦੇ ਆਪੋ ਆਪਣੇ ਤਰਕ ਹਨ। ਕੋਈ ਸੋਚਦਾ ਹੈ ਕਿ ਜੇਕਰ ਭਾਜਪਾ ਹਾਕਮ ਧਿਰ ਦੇ ਸੰਸਦ ਮੈਂਬਰ ਤੋੜ ਸਕਦੀ ਹੈ ਤਾਂ ਵਿਧਾਇਕ ਜਾਂ ਫਿਰ ਚੇਅਰਮੈਨ ਤੋੜਨੇ ਕਿਹੜਾ ਔਖੇ ਹਨ ਜਦੋਂਕਿ ਕਈ ਸਿਆਸੀ ਵਿਰੋਧੀ ਦਬੀ ਸੁਰ ’ਚ ਮੰਨਦੇ ਹਨ ਕਿ ਮੌਜੂਦਾ ਹਾਲਾਤ ਬਰਕਰਾਰ ਰਹੇ ਤਾਂ ‘ਆਪ’ ‘ਸੱਤਾ ’ਚ ਵਾਪਿਸੀ ਜਾਂ ਵੱਡੀ ਪਾਰਟੀ ਵਜੋਂ ਉੱਭਰ ਸਕਦੀ ਹੈ। ਪਿਛਾਂਹ ਨਜਰ ਮਾਰੀਏ ਤਾਂ ਪੰਜਾਬ ਦੀ ਹਰ ਚੋਣ ਦਾ ਸਿਆਸੀ ਮੂਡ ਵੱਖਰਾ ਰਿਹਾ ਹੈ। ਸਿਆਸੀ ਭੰਬਲਭੂਸੇ ਦੌਰਾਨ ਕੋਈ ਸਿਆਸੀ ਗਣਿਤ ਵਿਗੜਿਆ ਤਾਂ ਪੰਜਾਬ ਦੇ ਰਾਜਨੀਤਕ ਭਵਿੱਖ ਦਾ ਫ਼ੈਸਲਾ ਭਾਜਪਾ ਆਪਣੀ ਮੁੱਠੀ ਵਿਚ ਰੱਖ ਸਕਦੀ ਹੈ। ਏਦਾਂ ਦਾ ਫੈਸਲਾ ਆਮ ਆਦਮੀ ਪਾਰਟੀ ਸਮੇਤ ਬਾਕੀ ਸਿਆਸੀ ਪਾਰਟੀਆਂ ਲਈ ਕੰਡਿਆਂ ਦੀ ਸੇਜ਼ ਹੋ ਸਕਦਾ ਹੈ।
ਭਗਵੰਤ ਮਾਨ ’ਤੇ ਵੱਡੀ ਜਿੰਮੇਵਾਰੀ
ਹਰ ਸਿਆਸੀ ਨੇਤਾ ਦੇ ਨਿਸ਼ਾਨੇ ’ਤੇ ਸਭ ਤੋਂ ਜਿਆਦਾ ਮੁੱਖ ਮੰਤਰੀ ਭਗਵੰਤ ਮਾਨ ਹੈ। ਸਿਆਸਤਦਾਨਾਂ ਨੂੰ ਜਾਪਦਾ ਹੈ ਕਿ ਜੇਕਰ ਭਗਵੰਤ ਮਾਨ ਢਾਹ ਲਿਆ ਤਾਂ ਝਾੜੂ ਖਿਲਾਰਨਾ ਕੋਈ ਔਖਾ ਨਹੀਂ ਹੈ। ਅਰਵਿੰਦ ਕੇਜਰਵਾਲ ਨੂੰ ਇੱਕ ਪਾਸੇ ਰੱਖ ਦੇਈਏ ਤਾਂ ‘ਆਪ’ ਕੋਲ ਭਗਵੰਤ ਮਾਨ ਤੋਂ ਸਿਵਾਏ ਕੋਈ ਕ੍ਰਿਸ਼ਮਈ ਚਿਹਰਾ ਨਹੀਂ ਹੈ। ਇੰਨ੍ਹਾਂ ਪ੍ਰਸਥਿਤੀਆਂ ਦਰਮਿਆਨ ਪਾਰਟੀ ਅਤੇ ਵਿਧਾਇਕਾਂ ਨੂੰ ਇੱਕ ਮੋਰੀ ਲੰਘਾਉਣ ਦੀ ਅਹਿਮ ਜਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ’ਤੇ ਆਣ ਪਈ ਹੈ।
- Download Babushahi App
-
-