MP ਮਾਲਵਿੰਦਰ ਕੰਗ ਵੱਲੋਂ ਖੇਤੀ ਖੇਤਰ ‘ਚ ਪ੍ਰੋਸੈਸਿੰਗ ਨੂੰ ਹੁਲਾਰਾ ਦੇਣ ਦਾ ਸੱਦਾ
ਪ੍ਰੋਸੈਸਿੰਗ ਪਲਾਂਟ ਲਾਉਣ ਕੋਈ 10 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ 20 ਸਤੰਬਰ,2025
ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਅੱਜ ਕਿਹਾ ਕਿ ਪੰਜਾਬ ਨੇ ਹਮੇਸ਼ਾਂ ਖੇਤੀ ‘ਚ ਦੇਸ਼ ਦੀ ਅਗਵਾਈ ਕੀਤੀ ਹੈ ਅਤੇ ਮੌਜੂਦਾ ਸਮਾਂ ਖੇਤੀ ਪ੍ਰੋਸੈਸਿੰਗ ਦਾ ਹੈ ਜੋ ਤਰੱਕੀ ਦੀਆਂ ਅਸੀਮ ਸੰਭਾਵਨਾਵਾਂ ਨਾਲ ਭਰਪੂਰ ਹੈ ਅਤੇ ਕਿਸਾਨਾਂ ਤੇ ਨੌਜਵਾਨਾਂ ਨੂੰ ਇਸ ਖੇਤਰ ਵਿੱਚ ਅੱਗੇ ਆਉਣਾ ਚਾਹੀਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਥਾਨਕ ਡਾ. ਡੀ ਆਰ ਭੁੰਬਲਾ ਖੇਤੀ ਖੋਜ ਕੇਂਦਰ ਵਿਖੇ ਲਾਏ ਕਿਸਾਨ ਮੇਲੇ ਮੌਕੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਪੀ.ਏ.ਯੂ. ਨੂੰ ਦੇਸ਼ ਭਰ ਵਿੱਚ ਖੇਤੀ ਵਿੱਦਿਆ ਦੀ ਸਰਵੋਤਮ ਸੰਸਥਾ ਐਲਾਨੇ ਜਾਣ ‘ਤੇ ਉਪ ਕੁਲਪਤੀ ਅਤੇ ਯੂਨੀਵਰਸਿਟੀ ਦੇ ਸਾਰੇ ਅਮਲੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਤੀਬਾੜੀ ਪੰਜਾਬ ਦਾ ਆਧਾਰ ਹੈ ਅਤੇ ਪੀ.ਏ.ਯੂ. ਸੂਬੇ ਦੇ ਕਿਸਾਨਾਂ ਤੇ ਕਿਸਾਨੀ ਦੀ ਰਾਹ ਦਸੇਰਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਪੀ.ਏ.ਯੂ. ਦੁਨੀਆ ਦੇ 100 ਟਾਪ ਖੋਤੀ ਯੂਨੀਵਰਸਿਟੀਆਂ ਵਿੱਚ ਸ਼ੁਮਾਰ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਦਾ ਭਵਿੱਖ ਪ੍ਰੋਸੈਸਿੰਗ ਹੈ ਜਿਸ ਨੂੰ ਅਪਨਾਉਣਾ ਸਮੇਂ ਦੀ ਮੁੱਖ ਮੰਗ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂ ਮੌਜੂਦਾ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਵਿਚੋਂ ਕੱਢ ਕੇ ਫ਼ਸਲੀ ਵਿਭਿੰਨਤਾ ਵੱਲ ਲਿਜਾਣ ਨਾਲ ਹੀ ਖੇਤੀ ਹੋਰ ਬੇਹੱਦ ਲਾਹੇਵੰਦ ਕਿੱਤਾ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਪੀ.ਏ.ਯੂ. ਹੈ ਜੋ ਚਿਰਾਂ ਤੋਂ ਕਿਸਾਨਾਂ ਦੀ ਅਗਵਾਈ ਕਰਦੀ ਆ ਰਹੀ ਹੈ ਅਤੇ ਇਹ ਉੱਤਮ ਸੰਸਥਾ ਕਿਸਾਨਾਂ ਨੂੰ ਹਰ ਆਧੁਨਿਕ ਖੇਤੀ ਰਾਹ ਅਤੇ ਤਕਨੀਕ ਦਿਖਾ ਰਹੀ ਹੈ। ਉਨ੍ਹਾਂ ਨੇ ਖੇਤੀ ਮਾਹਰਾਂ ਵੱਲੋਂ ਕੰਢੀ ਖੇਤਰ ਵਿਚ ਪੋਪਲਰ ਅਤੇ ਅਦਰਕ ਦੀ ਖੇਤੀ ਨੂੰ ਹੁਲਾਰਾ ਦੇਣ ਦੀ ਵੀ ਪ੍ਰੋੜਤਾ ਕੀਤੀ।
ਕਿਸਾਨਾਂ ਨੂੰ ਪੀ.ਏ.ਯੂ. ਦੀ ਅਗਵਾਈ ਦਾ ਵੱਧ ਤੋਂ ਵੱਧ ਲਾਹਾ ਲੈਣ ਦਾ ਸੱਦਾ ਦਿੰਦਿਆਂ ਲੋਕ ਸਭਾ ਮੈਂਬਰ ਨੇ ਕਿਹਾ ਕਿ
ਸਾਨੂੰ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਖੇਤੀ ਤਕਨੀਕਾਂ ਨੂੰ ਅਪਨਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਲਈ ਪੰਜਾਬ ਤੋਂ ਵਧੀਆ ਮੌਸਮ ਅਤੇ ਜ਼ਮੀਨ ਕਿਤੇ ਵੀ ਨਹੀਂ ਹੈ ਅਤੇ ਸਾਡੇ ਕਿਸਾਨਾਂ ਅਤੇ ਖੇਤੀ ਮਾਹਰਾਂ ਨੂੰ ਆਪਣੇ ਸੂਬੇ ਵਿਚ ਹੀ ਖੇਤੀਬਾੜੀ ਦੇ ਕਿੱਤੇ ਨੂੰ ਹੋਰ ਉਤਸ਼ਾਹਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਚ ਪ੍ਰੋਸੈਸਿੰਗ ਲਈ ਸਾਰਿਆਂ ਨੂੰ ਇਕਜੁਟ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ । ਉਨ੍ਹਾਂ ਨੇ ਬੱਲੋਵਾਲ ਸੌਂਖੜੀ ਵਿਖੇ ਪ੍ਰੋਸੈਸਿੰਗ ਪਲਾਂਟ ਲਈ ਵੀ ਆਪਣੇ ਅਖਤਿਆਰੀ ਫੰਡ ‘ਚੋਂ 10 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਮੇਲੇ ਦਾ ਉਦੇਸ਼ ‘ਜਿਣਸਾਂ ਤੋਂ ਉਤਪਾਦ ਬਣਾਈਏ, ਖੇਤੀ ਮੁਨਾਫ਼ਾ ਹੋਰ ਵਧਾਈਏ’ ਇਸ ਲਈ ਰੱਖਿਆ ਗਿਆ ਹੈ ਤਾਂ ਕਿ ਖੇਤੀ ਨੂੰ ਉਤਪਾਦਨ ਦੇ ਨਾਲ-ਨਾਲ ਕਾਰੋਬਾਰ ਦੀਆਂ ਲੀਹਾਂ ‘ਤੇ ਤੋਰਿਆ ਜਾ ਸਕੇ। ਵਿਦੇਸ਼ ਵਿਚ ਗਏ ਕਿਸਾਨ ਓਥੇ ਜਾ ਕੇ ਸਖ਼ਤ ਮਿਹਨਤ ਅਤੇ ਖੇਤੀ ਕਾਰੋਬਾਰ ਅਪਣਾ ਕੇ ਸਫ਼ਲ ਹੋਏ ਹਨ। ਹੁਣ ਪੰਜਾਬ ਦੇ ਲੋਕਾਂ ਨੂੰ ਵੀ ਇਨ੍ਹਾਂ ਲੀਹਾਂ ਤੇ ਤੁਰਨ ਦੀ ਲੋੜ ਹੈ। ਇਸ ਕਾਰਜ ਲਈ ਯੂਨੀਵਰਸਿਟੀ ਵਲੋਂ ਖੇਤੀ ਪ੍ਰੋਸੈਸਿੰਗ ਇਕਾਈਆਂ ਦਾ ਮਾਡਲ ਸਾਹਮਣੇ ਲਿਆਇਆ ਜਾ ਰਿਹਾ ਹੈ।
ਡਾ ਗੋਸਲ ਨੇ ਬੀਤੇ ਦਿਨੀਂ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਉੱਪਰ ਅਫ਼ਸੋਸ ਜ਼ਹਿਰ ਕਰਦਿਆਂ ਅਗਲੀ ਫਸਲ ਦੀ ਬਿਜਾਈ ਲਈ ਯੂਨੀਵਰਸਿਟੀ ਵਲੋਂ ਬੀਜ ਮੁਹੱਈਆ ਕਰਾਉਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਆਈ ਮਿੱਟੀ ਦੀ ਪਰਖ ਕਰਕੇ ਜਾਇਜ਼ਾ ਲਿਆ ਜਾਵੇਗਾ ਕਿ ਕੀ ਇਸ ਵਿਚ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।
ਪ੍ਰਬੰਧਕੀ ਬੋਰਡ ਦੇ ਮੈਂਬਰ ਡਾ ਅਸ਼ੋਕ ਕੁਮਾਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੇ ਸਰਵੋਤਮ ਚੁਣੇ ਜਾਣ ਲਈ ਕਿਸਾਨਾਂ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਐੱਸ ਡੀ ਐੱਮ ਕ੍ਰਿਤਿਕਾ ਗੋਇਲ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖਾਦਾਂ ਅਤੇ ਹੋਰ ਰਸਾਇਣਾਂ ਦੀ ਵਰਤੋਂ ਯੂਨੀਵਰਸਿਟੀ ਦੇ ਮਾਹਿਰਾਂ ਦੀਆਂ ਤਜਵੀਜ਼ਾਂ ਅਨੁਸਾਰ ਹੀ ਕੀਤੀ ਜਾਵੇ।
ਪੀ ਏ ਯੂ ਦੇ ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਪੀ ਏ ਯੂ ਨੇ ਕਿਸਾਨੀ ਦੀ ਬਿਹਤਰੀ ਲਈ ਹੁਣ ਤਕ 972 ਫਸਲਾਂ ਦੀਆਂ ਕਿਸਮਾਂ ਵਿਕਸਿਤ ਕੀਤੀਆਂ ਹਨ। ਉਨ੍ਹਾਂ ਨੇ ਹੜ੍ਹ ਪੀੜਤ ਖੇਤਰਾਂ ਲਈ ਯੂਨੀਵਰਸਿਟੀ ਵਲੋਂ ਹਰ ਸੰਭਵ ਸਹਾਇਤਾ ਦਾ ਪ੍ਰਣ ਵੀ ਦੁਹਰਾਇਆ ਅਤੇ ਪੰਜਾਬੀ ਕਿਸਾਨੀ ਦੀ ਚੜ੍ਹਦੀ ਕਲਾ ਲਈ ਇੱਛਾ ਪ੍ਰਗਟਾਈ।
ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ ਨੇ ਸਵਾਗਤ ਦੇ ਸ਼ਬਦ ਕਹਿੰਦਿਆਂ ਸਤੰਬਰ ਦੇ ਕਿਸਾਨ ਮੇਲਿਆਂ ਦੀ ਰੂਪ ਰੇਖਾ ਸਾਂਝੀ ਕੀਤੀ।
ਬੱਲੋਵਾਲ ਸੌਂਖੜੀ ਦੇ ਖੇਤੀਬਾੜੀ ਕਾਲਜ ਦੇ ਡੀਨ ਅਤੇ ਖੇਤਰੀ ਖੋਜ ਕੇਂਦਰ ਦੇ ਨਿਰਦੇਸ਼ਕ ਡਾ ਮਨਮੋਹਨਜੀਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਸਮਾਰੋਹ ਦਾ ਸੰਚਾਲਨ ਸਹਿਯੋਗੀ ਨਿਰਦੇਸ਼ਕ ਲੋਕ ਸੰਪਰਕ ਡਾ ਕੁਲਦੀਪ ਸਿੰਘ ਅਤੇ ਡਾ ਜਸਲੀਨ ਕੌਰ ਨੇ ਕੀਤਾ।
ਮੇਲੇ ਦੌਰਾਨ ਅਗਾਂਹਵਧੂ ਕਿਸਾਨਾਂ ਦਾ ਸਨਮਾਨ ਪਤਵੰਤਿਆਂ ਵਲੋਂ ਕੀਤਾ ਗਿਆ। ਇਨ੍ਹਾਂ ਕਿਸਾਨਾਂ ਵਿਚ ਪਿੰਡ ਟਿੱਬਾ ਦੇ ਮਹਿੰਦਰ ਪਾਲ, ਪਿੰਡ ਖੰਨੀ ਦੇ ਹਰਦੇਵ ਚੰਦ, ਪਿੰਡ ਅਚਲਪੁਰ ਦੇ ਕਸ਼ਮੀਰ ਸਿੰਘ, ਪਿੰਡ ਜੀਤਪੁਰ ਦੇ ਮਨਿੰਦਰ ਸਿੰਘ ਅਤੇ ਪਿੰਡ ਤਕਰਾਲਾ ਦੇ ਰਾਜ ਕੁਮਾਰ ਸ਼ਾਮਿਲ ਹਨ।
ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਡਾ ਦੇਵਰਾਜ ਭੁੰਬਲਾ ਸਕਾਲਰਸ਼ਿਪ ਚੈੱਕ ਦਿੱਤੇ ਗਏ। ਇਹਨਾਂ ਵਿਦਿਆਰਥੀਆਂ ਵਿੱਚ 2021 ਬੈਚ ਦੇ ਮੀਨਾਲ ਫਾਗਨਾ, 2022 ਬੈਚ ਦੀ ਅਮਨਜੋਤ ਕੌਰ, 2023 ਬੈਚ ਦੀ ਵੀਰਕਮਲ ਅਤੇ 2024 ਬੈਚ ਦੇ ਅਰਮਾਨ ਸਿੰਘ ਸ਼ਾਮਿਲ ਹਨ। ਮੇਲੇ ਵਿੱਚ ਪੀ ਏ ਯੂ ਦੇ ਵੱਖ ਵੱਖ ਕੇਂਦਰਾਂ, ਵਿਭਾਗਾਂ , ਸਵੈ ਸੇਵੀ ਸਮੂਹਾਂ, ਕਿਸਾਨ ਨਿਰਮਾਤਾ ਸੰਗਠਨਾਂ ਅਤੇ ਨਿੱਜੀ ਕੰਪਨੀਆਂ ਦੇ ਸਟਾਲ ਭਾਰੀ ਗਿਣਤੀ ਵਿੱਚ ਖੇਤੀ ਤਕਨੀਕਾਂ ਦੇ ਪਸਾਰ ਲਈ ਲੱਗੇ ਹੋਏ ਸਨ।