Ludhiana Central Jail 'ਚ ਖੂਨੀ ਝੜਪ : 24 ਲੋਕਾਂ ਖਿਲਾਫ਼ FIR ਦਰਜ, ਪੜ੍ਹੋ ਖ਼ਬਰ
ਰਵੀ ਜਾਖੂ
ਚੰਡੀਗੜ੍ਹ/ਲੁਧਿਆਣਾ, 17 ਦਸੰਬਰ: ਲੁਧਿਆਣਾ ਦੀ ਸੈਂਟਰਲ ਜੇਲ੍ਹ ਵਿੱਚ ਬੀਤੇ ਦਿਨ ਹੋਈ ਹਿੰਸਕ ਝੜਪ ਨੂੰ ਲੈ ਕੇ ਪੁਲਿਸ ਨੇ ਸਖ਼ਤ ਕਾਰਵਾਈ ਕੀਤੀ ਹੈ। ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਪੁਸ਼ਟੀ ਕੀਤੀ ਹੈ ਕਿ ਜੇਲ੍ਹ ਵਿੱਚ ਹੋਏ ਹੰਗਾਮੇ ਦੇ ਮਾਮਲੇ ਵਿੱਚ 24 ਲੋਕਾਂ ਖਿਲਾਫ਼ ਐਫਆਈਆਰ (FIR) ਦਰਜ ਕਰ ਲਈ ਗਈ ਹੈ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਕਾਨੂੰਨ ਤੋੜਨ ਵਾਲਿਆਂ ਖਿਲਾਫ਼ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਕਿਵੇਂ ਸ਼ੁਰੂ ਹੋਇਆ ਝਗੜਾ?
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸੀਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਹ ਪੂਰਾ ਵਿਵਾਦ ਮਹਿਜ਼ ਦੋ ਕੈਦੀਆਂ ਦੀ ਆਪਸੀ ਲੜਾਈ ਤੋਂ ਸ਼ੁਰੂ ਹੋਇਆ ਸੀ। ਜਦੋਂ ਇਹ ਦੋਵੇਂ ਆਪਸ ਵਿੱਚ ਭਿੜੇ, ਤਾਂ ਜੇਲ੍ਹ ਸੁਪਰਡੈਂਟ ਨੇ ਕਾਰਵਾਈ ਕਰਦੇ ਹੋਏ ਇੱਕ ਕੈਦੀ ਨੂੰ ਪਨਿਸ਼ਮੈਂਟ ਵਾਰਡ (Punishment Ward) ਵਿੱਚ ਬੰਦ ਕਰ ਦਿੱਤਾ ਸੀ।
ਇਸ ਤੋਂ ਬਾਅਦ ਉਸ ਕੈਦੀ ਨੇ ਉੱਥੋਂ ਵਾਪਸ ਆ ਕੇ ਜਾਂ ਆਪਣੇ ਸਾਥੀਆਂ ਨਾਲ ਸੰਪਰਕ ਕਰਕੇ ਬਾਕੀ ਕੈਦੀਆਂ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ।
ਪੁਲਿਸ ਟੀਮ 'ਤੇ ਇੱਟਾਂ ਨਾਲ ਹਮਲਾ
ਕੈਦੀਆਂ ਦੇ ਭੜਕਣ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ ਅਤੇ ਉਨ੍ਹਾਂ ਨੇ ਜੇਲ੍ਹ ਸਟਾਫ ਅਤੇ ਪੁਲਿਸ ਮੁਲਾਜ਼ਮਾਂ 'ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਹਾਲਾਤ ਨੂੰ ਕਾਬੂ ਵਿੱਚ ਕਰਨ ਲਈ ਮੌਕੇ 'ਤੇ ਭਾਰੀ ਪੁਲਿਸ ਫੋਰਸ ਅਤੇ ਥਾਣੇ ਦੀ ਟੀਮ ਨੂੰ ਭੇਜਿਆ ਗਿਆ।
ਇਸ ਹਿੰਸਕ ਝੜਪ ਦੌਰਾਨ 2 ਅਧਿਕਾਰੀਆਂ ਸਮੇਤ ਕੁੱਲ 5 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਕਰਵਾਇਆ ਗਿਆ ਹੈ। ਕਮਿਸ਼ਨਰ ਨੇ ਸਾਫ਼ ਕੀਤਾ ਕਿ ਇਹ ਕੋਈ ਗੈਂਗਵਾਰ ਨਹੀਂ, ਸਗੋਂ ਦੋ ਕੈਦੀਆਂ ਦਾ ਝਗੜਾ ਸੀ ਜਿਸਨੂੰ ਹਵਾ ਦਿੱਤੀ ਗਈ, ਪਰ ਹੁਣ ਦੋਸ਼ੀਆਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।