475 ਏਕੜ ਸਕੀਮ ’ਚ ਨਾਜਾਇਜ਼ ਵਪਾਰਕ ਗਤੀਵਿਧੀਆਂ ਦਾ ਮਾਮਲਾ ਗਰਮਾਇਆ
ਇੰਪਰੂਵਮੈਂਟ ਟਰੱਸਟ ’ਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਗੁੰਮਰਾਹ ਕਰਨ ਦੇ ਦੋਸ਼; 15 ਦਸੰਬਰ ਨੂੰ ਅਗਲੀ ਸੁਣਵਾਈ
ਸੁਖਮਿੰਦਰ ਭੰਗੂ
ਲੁਧਿਆਣਾ 1 ਨਵੰਬਰ 2026
ਲੁਧਿਆਣਾ: ਪੱਖੋਵਾਲ ਰੋਡ ਸਥਿਤ ਸ਼ਹੀਦ ਭਗਤ ਸਿੰਘ ਨਗਰ ਦੀ 475 ਏਕੜ ਰਿਹਾਇਸ਼ੀ ਸਕੀਮ ਵਿੱਚ ਕਥਿਤ ਨਾਜਾਇਜ਼ ਵਪਾਰਕ ਗਤੀਵਿਧੀਆਂ ਅਤੇ ਅਣਅਧਿਕਾਰਤ ਉਸਾਰੀਆਂ ਦਾ ਮਾਮਲਾ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚ ਗਿਆ ਹੈ। ਸਮਾਜਿਕ ਕਾਰਕੁਨ ਅਰਵਿੰਦ ਸ਼ਰਮਾ ਨੇ ਲੁਧਿਆਣਾ ਇੰਪਰੂਵਮੈਂਟ ਟਰੱਸਟ ’ਤੇ ਕਮਿਸ਼ਨ ਨੂੰ ਅਧੂਰੀ ਅਤੇ ਗੁੰਮਰਾਹਕੁੰਨ ਰਿਪੋਰਟ ਦੇਣ ਦੇ ਦੋਸ਼ ਲਗਾਏ ਹਨ।
ਕਮਿਸ਼ਨ ਦੇ ਹੁਕਮਾਂ ਅਨੁਸਾਰ, ਸ਼ਿਕਾਇਤ ਨੰਬਰ 11209/10/2026 ਵਿੱਚ ਟਰੱਸਟ ਦੇ ਕਾਰਜਕਾਰੀ ਅਧਿਕਾਰੀ ਨੇ 14 ਸਤੰਬਰ 2026 ਨੂੰ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਰਿਹਾਇਸ਼ੀ ਪਲਾਟਾਂ ਵਿੱਚ ਵਪਾਰਕ ਗਤੀਵਿਧੀਆਂ ਰੋਕਣ ਲਈ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਅਲਾਟਮੈਂਟ ਰੱਦ ਕਰਨ ਸਬੰਧੀ ਕਾਰਵਾਈ ਵਿਚਾਰ ਅਧੀਨ ਹੈ। ਟਰੱਸਟ ਨੇ ਇਹ ਵੀ ਦੱਸਿਆ ਕਿ ਸਕੀਮ 21 ਜਨਵਰੀ 2026 ਨੂੰ ਰੱਖ-ਰਖਾਅ ਸਮੇਤ ਨਗਰ ਨਿਗਮ ਦੀ ਬਿਲਡਿੰਗ ਕੰਟਰੋਲ ਸ਼ਾਖਾ ਨੂੰ ਸੌਂਪੀ ਗਈ ਸੀ।
ਸ਼ਿਕਾਇਤਕਰਤਾ ਅਰਵਿੰਦ ਸ਼ਰਮਾ ਨੇ ਦਾਅਵਾ ਕੀਤਾ ਕਿ ਸਕੀਮ ਦੇ ਲਗਭਗ 30 ਤੋਂ 40 ਫ਼ੀਸਦੀ ਹਿੱਸੇ ਵਿੱਚ ਵਪਾਰਕ ਗਤੀਵਿਧੀਆਂ ਵਧ ਗਈਆਂ ਹਨ, ਜਿਸ ਕਾਰਨ ਸੀਵਰੇਜ ਅਤੇ ਡਰੇਨੇਜ ਪ੍ਰਣਾਲੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਨੇ ਚਾਰ ਤੋਂ ਪੰਜ ਮੰਜ਼ਿਲਾ ਇਮਾਰਤਾਂ, ਡੀ-ਬਲਾਕ ਵਿੱਚ ਬਹੁ-ਮੰਜ਼ਿਲਾ ਹੋਟਲ ਅਤੇ ਹੋਰ ਅਣਅਧਿਕਾਰਤ ਉਸਾਰੀਆਂ ਦਾ ਮੁੱਦਾ ਵੀ ਉਠਾਇਆ ਹੈ।
ਸ਼ਰਮਾ ਨੇ ਕਮਿਸ਼ਨ ਕੋਲ ਜਵਾਬੀ ਪੱਖ ਦਾਇਰ ਕਰਦਿਆਂ ਟਰੱਸਟ ਤੋਂ ਨੋਟਿਸਾਂ ਤੋਂ ਬਾਅਦ ਕੀਤੀ ਗਈ ਅਸਲ ਕਾਰਵਾਈ ਦੇ ਸਬੂਤ ਅਤੇ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਹੈ।
ਕਮਿਸ਼ਨ ਦੇ ਹੁਕਮ ਅਨੁਸਾਰ ਸ਼ਿਕਾਇਤਕਰਤਾ ਨੂੰ ਇਤਰਾਜ਼ ਦਾਇਰ ਕਰਨ ਲਈ ਰਿਪੋਰਟ ਦੀ ਕਾਪੀ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ। ਮਾਮਲੇ ਦੀ ਅਗਲੀ ਸੁਣਵਾਈ 15 ਦਸੰਬਰ 2026 ਨੂੰ ਹੋਵੇਗੀ।
- Download Babushahi App
-
-